ਹਰੇਕ 10 ਵਿਚੋਂ 1 ਵਿਅਕਤੀ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋ ਸਕਦਾ : ਡਬਲਯੂ. ਐੱਚ. ਓ.

708

ਵਾਸ਼ਿੰਗਟਨ, 5 ਅਕਤੂਬਰ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਕੋਰੋਨਾਵਾਇਰਸ ਤੋਂ ਪ੍ਰਭਾਵਿਤਾਂ ਦੀ ਗਿਣਤੀ ਨੂੰ ਲੈ ਕੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਡਬਲਯੂ. ਐੱਚ. ਓ. ਦੀਆਂ ਐਮਰਜੰਸੀ ਸੇਵਾਵਾਂ ਦੇ ਪ੍ਰਮੁੱਖ ਨੇ ਕਿਹਾ ਹੈ ਕਿ ਦੁਨੀਆ ਭਰ ਵਿਚ ਹਰੇਕ 10 ਵਿਚੋਂ 1 ਵਿਅਕਤੀ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋ ਸਕਦਾ ਹੈ। ਕੋਰੋਨਾਵਾਇਰਸ ‘ਤੇ ਸੋਮਵਾਰ ਨੂੰ ਹੋਈ 34 ਮੈਂਬਰੀ ਕਾਰਜਕਾਰੀ ਬੋਰਡ ਦੀ ਬੈਠਕ ਵਿਚ ਡਾ. ਮਾਇਕਲ ਰਾਯਨ ਨੇ ਆਖਿਆ ਕਿ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਗਿਣਤੀ ਵਿਚ ਪਰਿਵਰਤਨ ਹੋ ਸਕਦਾ ਹੈ ਪਰ ਇਸ ਦਾ ਮਤਲਬ ਇਹ ਹੈ ਕਿ ਵਿਸ਼ਵ ਦੀ ਵੱਡੀ ਆਬਾਦੀ ਖਤਰੇ ਵਿਚ ਹੈ।

ਉਨ੍ਹਾਂ ਆਖਿਆ ਕਿ ਕੋਰੋਨਾ ਮਹਾਮਾਰੀ ਦੀ ਗਿਣਤੀ ਵਿਚ ਵਾਧਾ ਹੁੰਦਾ ਰਹੇਗਾ, ਪਰ ਟ੍ਰਾਂਸਮਿਸ਼ਨ ਨੂੰ ਘੱਟ ਕਰਨ ਅਤੇ ਜਾਨ ਬਚਾਉਣ ਲਈ ਉਪਕਰਣ ਮੌਜੂਦ ਹਨ। ਕਈ ਮੌਤਾਂ ਨੂੰ ਟਾਲ ਦਿੱਤਾ ਗਿਆ ਹੈ ਅਤੇ ਕਈ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਰਾਯਨ ਨੇ ਆਖਿਆ ਹੈ ਕਿ ਦੱਖਣ-ਪੂਰਬੀ ਏਸ਼ੀਆ ਨੂੰ ਕੋਰੋਨਾ ਦੇ ਮਾਮਲਿਆਂ ਵਿਚ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਰਪ ਅਤੇ ਪੂਰਬੀ ਭੂ-ਮੱਧ ਸਾਗਰ ਵਿਚ ਮੌਤਾਂ ‘ਚ ਵਾਧਾ ਦੇਖਿਆ ਜਾ ਰਿਹਾ ਹੈ। ਜਦਕਿ ਅਫਰੀਕਾ ਅਤੇ ਪੱਛਮੀ ਪ੍ਰਸ਼ਾਂਤ ਖੇਤਰ ਵਿਚ ਸਥਿਤੀ ਜ਼ਿਆਦਾ ਸਕਾਰਾਤਮਕ ਸੀ। ਉਨ੍ਹਾਂ ਅੱਗੇ ਆਖਿਆ ਕਿ ਸਾਡੇ ਵਰਤਮਾਨ ਦੇ ਸਭ ਤੋਂ ਬਿਹਤਰ ਅਨੁਮਾਨ ਇਹੀਂ ਦੱਸਦੇ ਹਨ ਕਿ ਦੁਨੀਆ ਦੀ 10 ਫੀਸਦੀ ਆਬਾਦੀ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਸਕਦੀ ਹੈ। ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਦੁਨੀਆ ਦਾ 7.6 ਬਿਲੀਅਨ ਵਿਚ 76 ਕਰੋੜ ਕੋਰੋਨਾ ਤੋਂ ਪ੍ਰਭਾਵਿਤ ਹੋ ਸਕਦੇ ਹਨ। ਦੱਸ ਦਈਏ ਕਿ ਮਾਹਿਰ ਪਹਿਲਾਂ ਤੋਂ ਹੀ ਆਖਦੇ ਰਹੇ ਹਨ ਕਿ ਲਾਗ ਦੇ ਜਿੰਨੇ ਮਾਮਲਿਆਂ ਦੀ ਗਿਣਤੀ ਦੱਸੀ ਜਾ ਰਹੀ ਹੈ ਉਸ ਤੋਂ ਕਿਤੇ ਜ਼ਿਆਦਾ ਲੋਕ ਲਾਗ ਦਾ ਸ਼ਿਕਾਰ ਹਨ।

ਦੁਨੀਆ ਵਿਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ ਲਗਾਤਾਰ ਵਧ ਰਹੀ ਹੈ। ਵਰਲਡੋਮੀਟਰ ਦੀ ਵੈੱਬਸਾਈਟ ਮੁਤਾਬਕ, ਹੁਣ ਤੱਕ 35,632,373 ਲੋਕ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 1,044,596 ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ ਜ਼ਿਆਦਾ ਮਰੀਜ਼ਾਂ ਦੀ ਗਿਣਤੀ ਹੁਣ ਵੀ ਅਮਰੀਕਾ ਵਿਚ ਹੈ, ਜਿਥੇ 7,667,817 ਲੋਕ ਕੋਰੋਨਾ ਤੋਂ ਪ੍ਰਭਾਵਿਤ ਹਨ। ਇਸ ਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ, ਜਿਥੇ 6,682,073 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ। ਸਭ ਤੋਂ ਜ਼ਿਆਦਾ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਤੀਜੇ ਨੰਬਰ ‘ਤੇ ਬ੍ਰਾਜ਼ੀਲ ਹੈ। ਇਥੇ ਹੁਣ ਤੱਕ 4,918,022 ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋਏ ਹਨ।