ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਤੋਂ ਮੁਕਤ ਕਰਨ ਦੀ ਕੀਤੀ ਅਪੀਲ

291
Share

-ਹਰੀਸ਼ ਚੌਧਰੀ ਹੋ ਸਕਦੇ ਨੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ
ਨਵੀਂ ਦਿੱਲੀ, 21 ਅਕਤੂਬਰ (ਪੰਜਾਬ ਮੇਲ)-ਪੰਜਾਬ ਕਾਂਗਰਸ ’ਚ ਚੱਲ ਰਹੀ ਅੰਦਰੂਨੀ ਖਾਨਾਜੰਗੀ ਦਰਮਿਆਨ ਸੂਬਾਈ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਕਰਨ ਦੀ ਅਪੀਲ ਕੀਤੀ ਹੈ। ਹਲਕਿਆਂ ਮੁਤਾਬਿਕ ਕਾਂਗਰਸ ਹਾਈਕਮਾਨ ਵੱਲੋਂ ਇਹ ਜ਼ਿੰਮੇਵਾਰੀ ਹਰੀਸ਼ ਚੌਧਰੀ ਜੋ ਕਿ ਇਸ ਵੇਲੇ ਪਾਰਟੀ ਨਿਗਰਾਨ (ਆਬਜ਼ਰਵਰ) ਦੀ ਭੂਮਿਕਾ ਨਿਭਾਅ ਰਹੇ ਹਨ, ਨੂੰ ਦੇਣ ਦਾ ਤਕਰੀਬਨ ਫ਼ੈਸਲਾ ਕਰ ਲਿਆ ਹੈ, ਜਿਸ ਸੰਬੰਧੀ ਸਿਰਫ਼ ਰਸਮੀ ਐਲਾਨ ਬਾਕੀ ਹੈ।
ਹਰੀਸ਼ ਚੌਧਰੀ

ਹਰੀਸ਼ ਰਾਵਤ ਨੇ ਸੋਸ਼ਲ ਮੀਡੀਆ ’ਤੇ ਆਪਣੀ ਵਿਦਾਇਗੀ ਦੀ ਇੱਛਾ ਪ੍ਰਗਟਾਈ ਹੈ। ਹਰੀਸ਼ ਰਾਵਤ ਨੇ ਜਨਮਭੂਮੀ ਅਤੇ ਕਰਮਭੂਮੀ ਲਈ ਫ਼ਰਜ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਕ ਪਾਸੇ ਜਨਮਭੂਮੀ (ਉੱਤਰਾਖੰਡ) ਪ੍ਰਤੀ ਉਨ੍ਹਾਂ ਦਾ ਫ਼ਰਜ਼ ਹੈ ਅਤੇ ਦੂਜੇ ਪਾਸੇ ਕਰਮਭੂਮੀ ਪੰਜਾਬ ਪ੍ਰਤੀ ਸੇਵਾਵਾਂ ਹਨ। ਉਨ੍ਹਾਂ ਕਿਹਾ ਕਿ ਜਿਉਂ-ਜਿਉਂ ਚੋਣਾਂ ਨੇੜੇ ਆਉਣਗੀਆਂ, ਦੋਵਾਂ ਥਾਵਾਂ ’ਤੇ ਪੂਰਾ ਸਮਾਂ ਦੇਣਾ ਪਵੇਗਾ। ਰਾਵਤ ਨੇ ਉੱਤਰਾਖੰਡ ’ਚ ਬੇਮੌਸਮੀ ਬਰਸਾਤ ਕਾਰਨ ਪੈਦਾ ਹੋਏ ਹਾਲਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਹਰ ਥਾਂ ’ਤੇ ਲੋਕਾਂ ਨਾਲ ਦੁੱਖ-ਸੁੱਖ ਸਾਂਝਾ ਕਰਨ ਜਾਣਾ ਚਾਹੁੰਦੇ ਸਨ ਪਰ ਫ਼ਰਜ਼ ਦੀ ਪੁਕਾਰ ਕਾਰਨ ਅਜਿਹਾ ਨਹੀਂ ਕਰ ਸਕੇ। ਰਾਵਤ ਨੇ ਪੰਜਾਬ ਕਾਂਗਰਸ ਅਤੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਹਾਈਕਮਾਨ ਨੂੰ ਉਨ੍ਹਾਂ ਦੀਆਂ ਪੰਜਾਬ ਪ੍ਰਤੀ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਅਪੀਲ ਕੀਤੀ, ਤਾਂ ਜੋ ਆਪਣਾ ਧਿਆਨ ਉੱਤਰਾਖੰਡ ਵੱਲ ਲਾ ਸਕਣ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਨਾਲ ਹੀ ਉੱਤਰਾਖੰਡ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ਹਰੀਸ਼ ਰਾਵਤ ਉੱਤਰਾਖੰਡ ’ਚ ਕਾਂਗਰਸ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ ਕਰ ਰਹੇ ਹਨ, ਜਿਸ ਕਾਰਨ ਹੁਣ ਉਹ ਬਾਕੀ ਰਹਿੰਦਾ ਸਮਾਂ ਉੱਤਰਾਖੰਡ ਨੂੰ ਦੇਣਾ ਚਾਹੁੰਦੇ ਹਨ। ਹਰੀਸ਼ ਰਾਵਤ ਦੀ ਅਪੀਲ ’ਤੇ ਕਾਂਗਰਸ ਹਾਈਕਮਾਨ ਵੱਲੋਂ ਵੀ ਵਿਚਾਰ ਕਰਨ ਤੋਂ ਬਾਅਦ ਇਹ ਜ਼ਿੰਮੇਵਾਰੀ ਹਰੀਸ਼ ਚੌਧਰੀ ਨੂੰ ਦੇਣ ਦਾ ਮਨ ਬਣਾਇਆ ਗਿਆ ਹੈ। ਹਰੀਸ਼ ਚੌਧਰੀ ਅਜੇ ਵੀ ਚੰਡੀਗੜ੍ਹ ’ਚ ਹਨ। ਹਾਲ ਹੀ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਰਮਿਆਨ ਮਤਭੇਦ ਮਿਟਾਉਣ ਲਈ ਜੋ ਵੀ ਮੁਲਾਕਾਤਾਂ ਹੋਈਆਂ, ਹਰੀਸ਼ ਚੌਧਰੀ ਉਨ੍ਹਾਂ ’ਚ ਮੌਜੂਦ ਰਹੇ ਸਨ।
ਕੈਪਟਨ ਨੇ ਆਪਣੇ ਅੰਦਰਲੇ ‘ਧਰਮ ਨਿਰਪੱਖ ਅਮਰਿੰਦਰ’ ਨੂੰ ਮਾਰ ਦਿੱਤਾ : ਰਾਵਤ
ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਨਵੀਂ ਪਾਰਟੀ ਬਣਾਉਣ ਅਤੇ ਭਾਜਪਾ ਨਾਲ ਗੱਠਜੋੜ ਸਬੰਧੀ ਸੰਕੇਤ ਦਿੱਤੇ ਜਾਣ ਦੇ ਬਾਅਦ ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਦੇ ਪਾਰਟੀ ਬਣਾਉਣ ਨਾਲ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਨਾਲ ਕੇਵਲ ਸਾਡੇ ਵਿਰੋਧੀਆਂ ਦੀਆਂ ਵੋਟਾਂ ਵੰਡੀਆਂ ਜਾਣਗੀਆਂ, ਕਾਂਗਰਸ ਪ੍ਰਭਾਵਿਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਵੋਟ ਚੰਨੀ ਸਰਕਾਰ ਦੇ ਪ੍ਰਦਰਸ਼ਨ ’ਤੇ ਨਿਰਭਰ ਰਹੇਗੀ। ਉਨ੍ਹਾਂ ਕਿਹਾ ਕਿ ਭਾਜਪਾ ਸਬੰਧੀ ਕੈਪਟਨ ਦਾ ਬਿਆਨ ਹੈਰਾਨ ਕਰਨ ਵਾਲਾ ਹੈ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਆਪਣੇ ਅੰਦਰਲੇ ‘ਧਰਮ ਨਿਰਪੱਖ ਅਮਰਿੰਦਰ’ ਨੂੰ ਮਾਰ ਦਿੱਤਾ ਹੈ। ਜੇਕਰ ਉਹ ਧਰਮ ਨਿਰਪੱਖਤਾ ਪ੍ਰਤੀ ਆਪਣੀ ਪੁਰਾਣੀ ਵਚਨਬੱਧਤਾ ’ਤੇ ਕਾਇਮ ਨਹੀਂ ਰਹਿ ਸਕਦੇ ਤਾਂ ਉਨ੍ਹਾਂ ਨੂੰ ਕੌਣ ਰੋਕ ਸਕਦਾ ਹੈ। ਉਨ੍ਹਾਂ ਨੂੰ ‘ਸਰਵਧਰਮ ਸੰਭਾਵ’ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਅਤੇ ਲੰਮੇ ਸਮੇਂ ਤੱਕ ਉਹ ਕਾਂਗਰਸ ਦੀਆਂ ਪ੍ਰੰਪਰਾਵਾਂ ਨਾਲ ਜੁੜੇ ਰਹੇ। ਜੇਕਰ ਉਹ ਕਾਂਗਰਸ ਛੱਡ ਕੇ ਜਾਣਾ ਚਾਹੁੰਦੇ ਹਨ ਤਾਂ ਉਹ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਕਾਂ ਖਾਣਾ ਚਾਹੁੰਦੇ ਹਨ ਅਤੇ ਭਾਜਪਾ ਨਾਲ ਜਾਣਾ ਚੁਾਹੰਦੇ ਹਨ ਤਾਂ ਉਹ ਜਾ ਸਕਦੇ ਹਨ।

Share