ਹਰਿਮੰਦਰ ਸਾਹਿਬ ਦੇ ਸੋਨ ਪੱਤਰਾਂ ਦੀ ਧੁਆਈ ਦੀ ਸੇਵਾ ਆਰੰਭ

658
Share

ਅੰਮ੍ਰਿਤਸਰ,  13 ਮਾਰਚ (ਪੰਜਾਬ ਮੇਲ)-  ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ’ਤੇ ਲੱਗੇ ਸੋਨੇ ਦੀ ਧੁਆਈ ਦੀ ਸੇਵਾ ਅੱਜ ਯੂਕੇ ਦੇ ਨਿਸ਼ਕਾਮ ਸੇਵਕ ਜਥੇ ਵਲੋਂ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਇਸ ਸੋਨੇ ਦੀ ਸਫਾਈ ਕਰਕੇ ਇਸ ਦੀ ਚਮਕ ਨੂੰ ਮੁੜ ਕਾਇਮ ਕੀਤਾ ਜਾਵੇਗਾ। ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵਲੋਂ ਸੋਨੇ ਦੀ ਧੁਆਈ ਦੀ ਇਹ ਸੇਵਾ ਹਰ ਵਰ੍ਹੇ ਹੀ ਕੀਤੀ ਜਾਂਦੀ ਹੈ। ਜਿਸ ਤਹਿਤ ਅੱਜ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਸ਼ੁਰੂਆਤ ਵੇਲੇ ਅਰਦਾਸ ਕੀਤੀ ਗਈ ਅਤੇ ਅਰਦਾਸ ਮਗਰੋਂ ਧੁਆਈ ਦਾ ਕੰਮ ਸ਼ੁਰੂ ਕੀਤਾ ਗਿਆ। ਧੁਆਈ ਦਾ ਕੰਮ ਸਭ ਤੋਂ ਉੱਪਰਲੇ ਗੁੰਬਦਾਂ ਤੋਂ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਕਰਨ ਮਗਰੋਂ ਹੇਠਲੇ ਪਾਸੇ ਧੁਆਈ ਕੀਤੀ ਜਾਵੇਗੀ। ਸੋਨੇ ਦੀ ਧੁਆਈ ਲਈ ਰੀਠੇ ਦੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਦੱਸਿਆ ਕਿ ਨਿਸ਼ਕਾਮ ਸੇਵਕ ਜਥਾ ਦੇ ਲਗਪਗ 25 ਮੈਂਬਰਾਂ ਵਲੋਂ ਸੋਨੇ ਦੀ ਧੁਆਈ ਦੀ ਸੇਵਾ ਅੱਜ ਸ਼ੁਰੂ ਕੀਤੀ ਹੈ। ਇਨ੍ਹਾਂ ਵਿਚ ਮਾਹਿਰ ਵੀ ਸ਼ਾਮਲ ਹਨ। ਲਗਪਗ ਦਸ ਦਿਨਾਂ ਵਿਚ ਧੁਆਈ ਦੀ ਸੇਵਾ ਮੁਕੰਮਲ ਹੋ ਜਾਵੇਗੀ। ਧੁਆਈ ਮਗਰੋਂ ਸੋਨੇ ’ਤੇ ਜੰਮੀ ਧੂੜ ਅਤੇ ਹੋਰ ਦੂਸ਼ਿਤ ਕਣ ਸਾਫ਼ ਹੋ ਜਾਣਗੇ ਅਤੇ ਚਮਕ ਕਾਇਮ ਰਹੇਗੀ। ਉਨਾਂ ਦੱਸਿਆ ਕਿ ਸੇਵਾ ਕਰਨ ਵਾਲੇ ਮੈਂਬਰਾਂ ਵਿਚੋਂ ਵਧੇਰੇ ਇੰਗਲੈਂਡ ਤੋਂ ਆਏ ਹਨ। ਇਨ੍ਹਾਂ ਵਲੋਂ ਹਰ ਵਰ੍ਹੇ ਹੀ ਮਾਰਚ ਮਹੀਨੇ ਵਿਚ ਸੋਨੇ ਦੀ ਧੁਆਈ ਦੀ ਇਹ ਸੇਵਾ ਕੀਤੀ ਜਾਂਦੀ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਪ੍ਰਦੂਸ਼ਣ ਹੋਣ ਕਾਰਨ ਇਹ ਸੋਨਾ ਪ੍ਰਭਾਵਿਤ ਹੁੰਦਾ ਰਿਹਾ ਹੈ, ਜਿਸ ਦੀ ਰੋਕਥਾਮ ਲਈ ਅਦਾਲਤ ਦੇ ਆਦੇਸ਼ਾਂ ਮਗਰੋਂ ਸਰਕਾਰ ਵਲੋਂ ਕਈ ਯਤਨ ਵੀ ਕੀਤੇ ਗਏ ਹਨ।


Share