ਹਰਿਆਣਾ ਪੁਲਿਸ ਨਾਲ ਝੜਪ ਬਾਅਦ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ

582
Share

-ਪਾਣੀਆਂ ਦੀ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਛੱਡਣ ਦਾ ਨਹੀਂ ਹੋਇਆ ਕੋਈ ਅਸਰ
ਲਾਲੜੂ, 26 ਨਵੰਬਰ (ਪੰਜਾਬ ਮੇਲ)- ਕੇਂਦਰੀ ਖੇਤਰੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਦਿੱਲੀ ਜਾ ਰਹੇ ਕਿਸਾਨਾ ਦੀ ਅੱਜ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਤੇ ਪਿੰਡ ਝਰਮੜੀ ਨੇੜੇ ਹਰਿਆਣਾ ਦੀ ਸਰਹੱਦ ਪਾਰ ਕਰਨ ਸਮੇਂ ਹਰਿਆਣਾ ਪੁਲਿਸ ਨਾਲ ਕਾਫੀ ਜੱਦੋ-ਜਹਿਦ ਕਰਨੀ ਪਈ। ਕਿਸਾਨਾਂ ਨੂੰ ਰੋਕਣ ਲਈ ਲਾਏ ਗਏ ਬੈਰੀਕੇਡਾਂ ਨੇੜੇ ਜਦੋਂ ਕਿਸਾਨ ਤੇ ਨੌਜਵਾਨ ਪੁੱਜੇ ਤਾਂ ਹਰਿਆਣਾ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਉਨ੍ਹਾਂ ਨੂੰ ਵਾਪਸ ਜਾਣ ਲਈ ਕਿਹਾ ਪਰ ਉਹ ਅੜੇ ਰਹੇ। ਉਨ੍ਹਾਂ ਨੇ ਪਾਣੀ ਦੀ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਹਰਿਆਣਾ ਪੁਲਿਸ ਵਲੋਂ ਲਾਏ ਗਏ ਬੈਰੀਕੇਡ, ਲੋਹੇ ਦੀਆਂ ਸੰਗਲਾਂ ਨੂੰ ਹਟਾ ਦਿੱਤਾ। ਇਸ ਤੋਂ ਬਾਅਦ ਸੜਕ ਵਿਚਕਾਰ ਖੜੇ ਭਾਰੀ ਵਾਹਨਾਂ ਨੂੰ ਹਟਾ ਕੇ ਦਿੱਲੀ ਜਾਣ ਦਾ ਰਸਤਾ ਬਣਾ ਲਿਆ। ਇਹ ਸੰਘਰਸ ਕਰੀਬ ਡੇਢ ਘੰਟੇ ਤੱਕ ਚੱਲਦਾ ਰਿਹਾ।
ਦੱਪਰ ਟੋਲ ਪਲਾਜ਼ਾ ਤੋਂ ਕਿਸਾਨਾਂ ਦਾ ਵੱਡਾ ਕਾਫਲਾ ਅੱਜ ਦੁਪਹਿਰ ਕਰੀਬ 12 ਵਜੇ ਰਵਾਨਾ ਹੋਇਆ, ਜਿਸ ਵਿਚ ਸੈਂਕੜੇ ਦੀ ਗਿਣਤੀ ਅੰਦਰ ਮੋਟਰਸਾਈਕਲ, ਕਾਰਾਂ ਅਤੇ ਟਰੈਕਟਰ-ਟਰਾਲੀਆ ਸ਼ਾਮਲ ਸਨ। ਕਿਸਾਨਾਂ ਨੇ ਆਪਣੀ ਰਾਸ਼ਨ ਸਮੱਗਰੀ ਵੀ ਨਾਲ ਰੱਖੀ ਹੋਈ ਸੀ, ਜਦੋਂ ਉਹ ਝਰਮੜੀ ਬੈਰੀਅਰ ‘ਤੇ ਪੁੱਜੇ, ਉਥੇ ਕਿਸਾਨਾਂ ਦੇ ਦੋ ਧੜਿਆਂ ਵਲੋਂ ਵੱਖੋ-ਵੱਖਰੇ ਲੰਗਰ ਲਾਏ ਹੋਏ ਸਨ। ਲੰਗਰ ਛਕਣ ਬਾਅਦ ਕਿਸਾਨ ਤੇ ਨੌਜਵਾਨ ਜਦੋਂ ਹਰਿਆਣਾ ਬੈਰੀਅਰ ਵੱਲ ਵਧੇ ਤਾਂ ਪੁਲਿਸ ਨੇ ਸੀਲ ਕੀਤੇ ਬਾਰਡਰ ਤੋਂ ਦੂਜੇ ਪਾਸੇ ਖੜ੍ਹੀ ਕੀਤੀ ਗੱਡੀਆਂ ਤੋਂ ਪਾਣੀ ਦੀਆਂ ਬੁਛਾੜਾਂ ਕੀਤੀਆਂ ਤੇ ਅੱਥਰੂ ਗੈਸ ਦੇ ਗੋਲੇ ਛੱਡਣੇ ਸੁਰੂ ਕਰ ਦਿੱਤੇ। ਨੌਜਵਾਨ ਅੱਥਰੂ ਗੈਸ ਦੇ ਗੋਲਿਆਂ ਨੂੰ ਚੁੱਕ ਕੇ ਵਾਪਸ ਹਰਿਆਣਾ ਪੁਲਿਸ ‘ਤੇ ਸੁੱਟਦੇ ਰਹੇ, ਪਾਣੀ ਨਾਲ ਗਿੱਲੀਆਂ ਕੀਤੀਆਂ ਬੋਰੀਆਂ ਅੱਥਰੂ ਗੈਸ ਦੇ ਗੋਲਿਆਂ ‘ਤੇ ਪਾ ਕੇ ਉਨ੍ਹਾਂ ਦੇ ਅਸਰ ਨੂੰ ਕਮਜ਼ੋਰ ਕਰਦੇ ਰਹੇ। ਅੰਤ ‘ਚ ਕਿਸਾਨਾਂ ਦੀ ਜਿੱਤ ਹੋਈ ਅਤੇ ਸੈਂਕੜੇ ਟਰੈਕਟਰ-ਟਰਾਲੀਆਂ ਦਾ ਕਾਫਲਾ ਝਰਮੜੀ ਬੈਰੀਅਰ ਰਾਹੀਂ ਦਿੱਲੀ ਨੂੰ ਰਵਾਨਾ ਹੋ ਗਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾਈ ਮੀਤ-ਪ੍ਰਧਾਨ ਮੇਹਰ ਸਿੰਘ ਥੇੜੀ, ਜ਼ਿਲ੍ਹਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਅਮਲਾਲਾ, ਜਸਵੰਤ ਸਿੰਘ ਕੁਰਲੀ, ਕਰਮ ਸਿੰਘ ਬਰੌਲੀ, ਲੰਬੜਦਾਰ ਜਰਨੈਲ ਸਿੰਘ ਝਰਮੜੀ, ਭਜਨ ਸਿੰਘ ਮੀਰਪੁਰਾ, ਅਵਤਾਰ ਸਿੰਘ ਜੜੋਤ, ਬਲਕਾਰ ਸਿੰਘ ਬਸੌਲੀ, ਸਿਵਦੇਵ ਸਿੰਘ ਕੁਰਲੀ, ਜੱਥੇਦਾਰ ਅਮਰੀਕ ਸਿੰਘ ਮਲਕਪੁਰ, ਜਸਵਿੰਦਰ ਸਿੰਘ ਛਿੰਦਾ, ਐਡਵੋਕੇਟ ਜਸਪਾਲ ਸਿੰਘ ਦੱਪਰ, ਕਾਮਰੇਡ ਲਾਭ ਸਿੰਘ ਲਾਲੜੂ, ਪ੍ਰੇਮ ਸਿੰਘ ਰਾਣਾ, ਲਖਵਿੰਦਰ ਸਿੰਘ ਹੈਪੀ, ਗੁਰਪ੍ਰੀਤ ਸਿੰਘ ਜਾਸਤਨਾ ਸਮੇਤ ਅਨੇਕਾ ਆਗੂ ਕਿਸਾਨਾਂ ਦੀ ਅਗਵਾਈ ਕਰ ਰਹੇ ਸਨ। ਹਲਕਾ ਵਿਧਾਇਕ ਐੱਨਕੇ ਸ਼ਰਮਾ, ਯੂਥ ਕਾਂਗਰਸ ਦੇ ਸੂਬਾਈ ਜਨਰਲ ਸਕੱਤਰ ਉਦੇਵੀਰ ਸਿੰਘ ਢਿਲੋਂ, ਆਪ ਦੇ ਆਗੂ ਕੁਲਜੀਤ ਸਿੰਘ ਰੰਧਾਵਾ, ਨਵਜੋਤ ਸੈਣੀ, ਸਵੀਟੀ ਸ਼ਰਮਾ ਆਪੋ ਆਪਣੇ ਸਮਰਥਕਾ ਨੂੰ ਨਾਲ ਲੈ ਕੇ ਕਿਸਾਨਾ ਦੀ ਹਮਾਇਤ ਲਈ ਪੁੱਜੇ ਹੋਏ ਸਨ।
ਬੋਹਾ : ਕਿਸਾਨ ਬੋਹਾ ਦੀ ਅਨਾਜ ਮੰਡੀ ਤੋ ਹਜ਼ਾਰਾਂ ਦੀ ਤਦਾਦ ਵਿਚ ਦਿੱਲੀ ਵੱਲ ਕੂਚ ਕਰਦਿਆਂ ਹਰਿਆਣਾ ਦੇ ਬਾਹਮਣਵਾਲਾ ਬਾਰਡਰ ਵਿਖੇ ਪੁਲਿਸ ਦੇ ਬੈਰੀਕੇਟ ਤੋੜਦਿਆਂ ਹਰਿਆਣਾ ‘ਚ ਦਾਖ਼ਲ ਹੋ ਗਏ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਕਿਸਾਨ ਸਭਾ ਦੇ ਕਾਮਰੇਡ ਹਰਦੇਵ ਅਰਸ਼ੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬੁਰਜਗਿੱਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਪਰਸੋਤਮ ਸਿੰਘ ਗਿੱਲ, ਬਲਾਕ ਪ੍ਰਧਾਨ ਜਸਕਰਨ ਸਿੰਘ, ਸਵਰਨ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਸਵਰਨਜੀਤ ਸਿੰਘ ਦਲਿਓ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਬਾਰਡਰ ਦੇ ਪਿੰਡ ਲੱਖੀਵਾਲ ਵਿਖੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ।


Share