ਹਰਿਆਣਾ ਦੇ ਮੁੱਖ ਮੰਤਰੀ ਤੇ ਵਿਧਾਨ ਸਭਾ ਸਪੀਕਰ ਪਾਏ ਗਏ ਕਰੋਨਾ ਪਾਜ਼ੀਟਿਵ

478
Share

ਚੰਡੀਗੜ੍ਹ, 26 ਅਗਸਤ (ਪੰਜਾਬ ਮੇਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰੋਨਾਵਾਇਰਸ ਟੈਸਟ ‘ਚ ਪਾਜ਼ੀਟਿਵ ਪਾਏ ਗਏ ਹਨ। ਮੁੱਖ ਮੰਤਰੀ ਤੋਂ ਇਲਾਵਾ ਹਰਿਆਣਾ ਦੇ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਤੇ ਭਾਜਪਾ ਦੇ ਦੋ ਵਿਧਾਇਕ ਵੀ ਕਰੋਨਾ ਤੋਂ ਪੀੜਤ ਹਨ। ਸਿਹਤ ਮੰਤਰੀ ਅਨਿਲ ਵਿੱਜ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਦੋ ਦਿਨ ਬਾਅਦ ਹਰਿਆਣਾ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਹੋਣ ਵਾਲਾ ਹੈ। ਵਿਧਾਨ ਸਭਾ ਅਮਲੇ ਦੇ 6 ਮੈਂਬਰ ਵੀ ਪਾਜ਼ੀਟਿਵ ਪਾਏ ਗਏ ਹਨ। ਵਿਧਾਇਕ ਅਸੀਮ ਗੋਇਲ ਤੇ ਰਾਮ ਕੁਮਾਰ ਕੋਵਿਡ ਦੇ ਟੈਸਟ ‘ਚ ਪਾਜ਼ੀਟਿਵ ਹਨ। ਸਪੀਕਰ ਗੁਪਤਾ ਪੰਚਕੂਲਾ, ਗੋਇਲ ਅੰਬਾਲਾ ਸ਼ਹਿਰ ਤੇ ਕੁਮਾਰ ਇੰਦਰੀ ਹਲਕੇ ਤੋਂ ਵਿਧਾਇਕ ਹਨ। ਸਪੀਕਰ ਦੀ ਗ਼ੈਰ ਮੌਜੂਦਗੀ ਵਿਚ ਡਿਪਟੀ ਸਪੀਕਰ ਰਣਬੀਰ ਗੰਗਵਾ ਵਿਧਾਨ ਸਭਾ ਦੀ ਕਾਰਵਾਈ ਚਲਾਉਣਗੇ। ਗੁਪਤਾ ਨੇ ਕਿਹਾ ਕਿ ਉਹ ਫ਼ਿਲਹਾਲ ਠੀਕ ਹਨ ਤੇ ਡਾਕਟਰਾਂ ਦੀ ਸਲਾਹ ਉਤੇ ਉਨ੍ਹਾਂ ਘਰ ਵਿਚ ਹੀ ਖ਼ੁਦ ਨੂੰ ਵੱਖ ਕਰ ਲਿਆ ਹੈ। ਮੁੱਖ ਮੰਤਰੀ ਖੱਟਰ ਨੇ ਕੁਝ ਦਿਨ ਪਹਿਲਾਂ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਸੀ। ਸ਼ੇਖਾਵਤ ਬਾਅਦ ਵਿਚ ਪਾਜ਼ੀਟਿਵ ਪਾਏ ਗਏ ਸਨ।


Share