ਹਰਿਆਣਾ ਦੀਆਂ ਖਾਪ ਪੰਚਾਇਤਾਂ ਵੀ ਕਿਸਾਨਾਂ ਦੇ ਹੱਕ ‘ਚ ਆਈਆਂ

373
Share

ਹਰਿਆਣਾ, 2 ਦਸੰਬਰ (ਪੰਜਾਬ ਮੇਲ)- ਕਿਸਾਨਾਂ ਦੇ ਅੰਦੋਲਨ ਨੂੰ ਹਰ ਵਰਗ ਦਾ ਸਾਥ ਮਿਲ ਰਿਹਾ ਹੈ, ਜਿਸ ਤਹਿਤ ਹੁਣ ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਵੀ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ ਹੈ। ਹਰਿਆਣਾ ਦੇ ਜੀਂਦ ਅਤੇ ਰੋਹਤਕ ‘ਚ ਖਾਪ ਪੰਚਾਇਤਾਂ ਦੀ ਮੀਟਿੰਗ ਹੋਈ, ਜਿਸ ਵਿਚ ਦਿੱਲੀ ਚਲੋ ਦਾ ਐਲਾਨ ਕੀਤਾ ਗਿਆ।
ਖਾਪ ਪੰਚਾਇਤਾਂ ਵੱਲੋਂ ਕਿਸਾਨਾਂ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੇ ਚੱਲਦੇ ਹਰਿਆਣਾ ਤੋਂ ਵੱਡੀ ਗਿਣਤੀ ‘ਚ ਹੁਣ ਖਾਪ ਪੰਚਾਇਤਾਂ ਵੀ ਦਿੱਲੀ ਨੂੰ ਕੂਚ ਕਰਨਗੀਆਂ।
ਇਸ ਤੋਂ ਪਹਿਲਾਂ ਹਰਿਆਣਾ ਦੇ ਕਿਸਾਨ ਵੀ ਦਿੱਲੀ ਪਹੁੰਚ ਗਏ ਹਨ। ਹਰਿਆਣਾ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਅੰਦੋਲਨ ਦਾ ਹਿੱਸੇ ਬਣੇ ਹਨ। ਸਭ ਤੋਂ ਪਹਿਲਾਂ ਹਰਿਆਣਾ ਦੇ ਕਿਸਾਨਾਂ ਨੇ ਹੀ ਖੱਟਰ ਸਰਕਾਰ ਦੇ ਬੈਰੀਕੇਡ ਤੋੜੇ ਸਨ ਅਤੇ ਦਿੱਲੀ ਨੂੰ ਚਾਲੇ ਪਾਏ ਸਨ।
ਉਨ੍ਹਾਂ ਤੋਂ ਪਿੱਛੋਂ ਪੰਜਾਬ ਦੇ ਕਿਸਾਨ ਵੀ ਜਦੋਂ ਹਰਿਆਣਾ ਪਹੁੰਚੇ ਸਨ, ਤਾਂ ਉਨ੍ਹਾਂ ਨੂੰ ਮਨੋਹਰ ਲਾਲ ਖੱਟਰ ਸਰਕਾਰ ਦੀਆਂ ਰੋਕਾਂ ਦਾ ਸਾਹਮਣਾ ਕਰਨਾ ਪਿਆ ਸੀ। ਪਰ ਕਿਸਾਨਾਂ ਨੇ ਖੱਟਰ ਸਰਕਾਰ ਦੀਆਂ ਸਾਰੀਆਂ ਰੋਕਾਂ ਨੂੰ ਤੋੜਦੇ ਹੋਏ ਦਿੱਲੀ ਪੱਕੇ ਮੋਰਚੇ ਲਗਾ ਲਏ ਹਨ। ਹੁਣ ਖਾਪ ਪੰਚਾਇਤਾਂ ਨੇ ਕਿਸਾਨਾਂ ਦੇ ਹੱਕ ‘ਚ ਨਿੱਤਰਨ ਦਾ ਫੈਸਲਾ ਲਿਆ ਅਤੇ ਕਿਹਾ ਕਿ ਅਸੀਂ ਕਿਸਾਨਾਂ ਦੀ ਹਰ ਮਦਦ ਕਰਨ ਲਈ ਤਿਆਰ ਹਾਂ।


Share