ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ ਬਣ ਸਿਰਜਿਆ ਇਤਿਹਾਸ

245
Share

21 ਸਾਲਾ ਹਰਨਾਜ਼ ਨੇ 80 ਮੁਲਕਾਂ ਦੀਆਂ ਮੁਟਿਆਰਾਂ ਨੂੰ ਦਿੱਤੀ ਮਾਤ
21 ਸਾਲਾਂ ਬਾਅਦ ਖ਼ਿਤਾਬ ਭਾਰਤ ਦੀ ਝੋਲੀ ਪਾਇਆ
70ਵਾਂ ਮਿਸ ਯੂਨੀਵਰਸ ਮੁਕਾਬਲਾ ਇਜ਼ਰਾਈਲ ’ਚ ਹੋਇਆ

ਯੇਰੂਸ਼ਲਮ, 15 ਦਸੰਬਰ (ਪੰਜਾਬ ਮੇਲ)- ਅਦਾਕਾਰਾ-ਮਾਡਲ ਹਰਨਾਜ਼ ਸੰਧੂ (21) ਨੇ ਮਿਸ ਯੂਨੀਵਰਸ 2021 ਬਣ ਕੇ ਇਤਿਹਾਸ ਸਿਰਜ ਦਿੱਤਾ ਹੈ। ਉਸ ਨੇ 80 ਮੁਲਕਾਂ ਦੀਆਂ ਮੁਟਿਆਰਾਂ ਨੂੰ ਮਾਤ ਦਿੱਤੀ ਤੇ 21 ਸਾਲਾਂ ਬਾਅਦ ਇਹ ਖ਼ਿਤਾਬ ਭਾਰਤ ਦੀ ਝੋਲੀ ਪਾਇਆ। ਪੰਜਾਬ ਦੀ ਹਰਨਾਜ਼ ਕੌਰ ਸੰਧੂ ਨੇ ਇਹ ਮੁਕਬਲਾ ਜਿਤ ਕੇ ਦੇਸ਼ ਦਾ ਸਿਰ ਉਚਾ ਕੀਤਾ ਹੈ। ਪਹਿਲੀ ਵਾਰ ਪੰਜਾਬ ਦੇ ਕਿਸਾਨ ਪਰਿਵਾਰ ਦੀ ਬੇਟੀ ਬ੍ਰਹਿਮੰਡ ਸੁੰਦਰੀ ਬਣੀ ਹੈ। ਇਹ ਖਿਤਾਬ ਜਿੱਤਣ ਵਾਲੀ ਭਾਰਤ ਦੀ ਇਹ ਤੀਸਰੀ ਕੁੜੀ ਹੈ। ਹਰਨਾਜ਼ ਤੋਂ ਪਹਿਲਾਂ ਸਿਰਫ਼ ਦੋ ਭਾਰਤੀ ਔਰਤਾਂ ਨੇ ਇਹ ਖ਼ਿਤਾਬ ਜਿੱਤਿਆ ਹੈ। ਸੁਸ਼ਮਿਤਾ ਸੇਨ 1994 ਤੇ ਲਾਰਾ ਦੱਤਾ ਸੰਨ 2000 ’ਚ ਮਿਸ ਯੂਨੀਵਰਸ ਬਣੀ ਸੀ। 70ਵਾਂ ਮਿਸ ਯੂਨੀਵਰਸ ਮੁਕਾਬਲਾ ਇਜ਼ਰਾਈਲ ’ਚ ਹੋਇਆ।
ਚੰਡੀਗੜ੍ਹ ਵਾਸੀ ਹਰਨਾਜ਼ ਜੋ ਕਿ ਵਰਤਮਾਨ ’ਚ ਪਬਲਿਕ ਐਡਮਨਿਸਟ੍ਰੇਸ਼ਨ ’ਚ ਮਾਸਟਰਜ਼ ਕਰ ਰਹੀ ਹੈ, ਦੇ ਸਿਰ 2020 ’ਚ ਮੁਕਾਬਲਾ ਜਿੱਤਣ ਵਾਲੀ ਮੈਕਸਿਕੋ ਦੀ ਐਂਡਰੀਆ ਮੇਜ਼ਾ ਨੇ ਤਾਜ ਸਜਾਇਆ। ਮੁਕਾਬਲੇ ਵਿਚ ਪੈਰਾਗੁਏ ਦੀ ਨਾਦੀਆ ਫਰੇਰਾ (22) ਦੂਜੇ ਨੰਬਰ ਉਤੇ ਰਹੀ, ਜਦਕਿ ਦੱਖਣੀ ਅਫ਼ਰੀਕਾ ਦੀ ਲਾਲੇਲਾ ਮਸਵਾਨੇ (24) ਨੇ ਤੀਜੀ ਥਾਂ ਹਾਸਲ ਕੀਤੀ। ਹਰਨਾਜ਼ ਸੰਧੂ ਨੇ ਮੁਕਾਬਲੇ ਤੋਂ ਬਾਅਦ ‘ਪ੍ਰਮਾਤਮਾ, ਆਪਣੇ ਮਾਪਿਆਂ ਤੇ ਮਿਸ ਇੰਡੀਆ ਆਰਗੇਨਾਈਜ਼ੇਸ਼ਨ ਦਾ ਸੇਧ ਤੇ ਸਮਰਥਨ ਲਈ ਧੰਨਵਾਦ ਕੀਤਾ।’ ਸੰਧੂ ਨੇ ਕਿਹਾ ਕਿ ਉਹ ਉਨ੍ਹਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੀ ਹੈ, ਜਿਨ੍ਹਾਂ ਉਸ ਦੀ ਜਿੱਤ ਲਈ ਦੁਆਵਾਂ ਕੀਤੀਆਂ ਤੇ ਸ਼ੁੱਭ ਇੱਛਾਵਾਂ ਭੇਜੀਆਂ।
ਉਸ ਨੇ ਕਿਹਾ, ‘21 ਸਾਲਾਂ ਬਾਅਦ ਤਾਜ ਮੁੜ ਭਾਰਤ ਲੈ ਕੇ ਆਉਣਾ ਮੇਰੇ ਲਈ ਬੇਹੱਦ ਮਾਣ ਵਾਲੀ ਗੱਲ ਹੈ।’ ਮੁਕਾਬਲੇ ਦੇ ਆਖ਼ਰੀ ਗੇੜ ਵਿਚ ਹਰਨਾਜ਼ ਨੂੰ ਪੁੱਛਿਆ ਗਿਆ ਕਿ ਉਹ ਨੌਜਵਾਨ ਲੜਕੀਆਂ ਨੂੰ ਅਜੋਕੇ ਸਮੇਂ ਦੇ ਦਬਾਅ ਨਾਲ ਨਜਿੱਠਣ ਲਈ ਕੀ ਸੁਝਾਅ ਦੇਣਾ ਚਾਹੇਗੀ। ਉਸ ਨੇ ਕਿਹਾ, ‘ਅਜੋਕੇ ਸਮੇਂ ਦਾ ਨੌਜਵਾਨ ਜਿਹੜੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ, ਉਹ ਹੈ ਖ਼ੁਦ ’ਚ ਵਿਸ਼ਵਾਸ ਕਰਨਾ, ਇਹ ਜਾਣਨਾ ਕਿ ਤੁਸੀਂ ਵਿਲੱਖਣ ਹੋ ਤੇ ਇਹੀ ਤੁਹਾਨੂੰ ਖ਼ੂਬਸੂਰਤ ਬਣਾਉਂਦਾ ਹੈ।
ਆਪਣੀ ਦੂਜਿਆਂ ਨਾਲ ਤੁਲਨਾ ਕਰਨੀ ਬੰਦ ਕਰੋ ਤੇ ਦੁਨੀਆਂ ਵਿਚ ਹੋ ਰਹੀਆਂ ਹੋਰਨਾਂ ਮਹੱਤਵਪੂਰਨ ਘਟਨਾਵਾਂ ਬਾਰੇ ਗੱਲ ਕਰੋ।’ ਉਸ ਨੇ ਕਿਹਾ, ‘ਤੁਹਾਨੂੰ ਇਹੀ ਸਮਝਣ ਦੀ ਲੋੜ ਹੈ। ਅੱਗੇ ਆਓ, ਆਪਣੇ ਆਪ ਲਈ ਬੋਲੋ ਕਿਉਂਕਿ ਤੁਸੀਂ ਹੀ ਆਪਣੀ ਜ਼ਿੰਦਗੀ ਦੇ ਆਗੂ ਹੋ, ਤੁਸੀਂ ਹੀ ਆਪਣੀ ਆਵਾਜ਼ ਹੋ। ਮੈਂ ਖ਼ੁਦ ਵਿਚ ਯਕੀਨ ਕੀਤਾ ਤੇ ਇਸੇ ਲਈ ਮੈਂ ਅੱਜ ਇੱਥੇ ਖੜ੍ਹੀ ਹਾਂ।’ ਉਸ ਦੇ ਜਵਾਬ ਤੋਂ ਬਾਅਦ ਪੂਰਾ ਹਾਲ ਤਾੜੀਆਂ ਨਾਲ ਗੂੰਜ ਗਿਆ।
ਸੰਧੂ ਨੇ ਇਸ ਖੇਤਰ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ 2017 ’ਚ ਕੀਤੀ ਸੀ, ਜਦ ਉਹ ਚੰਡੀਗੜ੍ਹ ਦੀ ਨੁਮਾਇੰਦਗੀ ਕਰਦਿਆਂ 17 ਸਾਲ ਦੀ ਉਮਰ ਵਿਚ ‘ਟਾਈਮਜ਼ ਫਰੈੱਸ਼ ਫੇਸ’ ਬਣੀ। ਮਗਰੋਂ ਉਸ ਨੇ ਮਿਸ ਦੀਵਾ ਯੂਨੀਵਰਸ 2021 ਖ਼ਿਤਾਬ ਵੀ ਜਿੱਤਿਆ। ਉਹ ਪੰਜਾਬੀ ਫ਼ਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ। ਮਿਸ ਯੂਨੀਵਰਸ ਸਮਾਗਮ ਦੀ ਮੇਜ਼ਬਾਨੀ ਸਟੀਵ ਹਾਰਵੀ ਨੇ ਕੀਤੀ ਤੇ ਇਸ ਮੌਕੇ ਅਮਰੀਕੀ ਗਾਇਕ ਜੋਜੋ ਨੇ ਪੇਸ਼ਕਾਰੀ ਦਿੱਤੀ। ਚੋਣ ਕਮੇਟੀ ਵਿਚ ਭਾਰਤੀ ਅਦਾਕਾਰਾ ਤੇ ਸਾਬਕਾ ਮਿਸ ਯੂਨੀਵਰਸ ਇੰਡੀਆ ਉਰਵਸ਼ੀ ਰੌਟੇਲਾ ਸਣੇ ਕਈ ਹੋਰ ਉੱਘੀਆਂ ਕੌਮਾਂਤਰੀ ਸ਼ਖ਼ਸੀਅਤਾਂ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ 12 ਦਸੰਬਰ ਨੂੰ ਇਜਰਾਈਲ ਦੇ Port of 5liat ਸ਼ਹਿਰ ’ਚ ਹੋਏ ਇਸ ਵਿਸ਼ਵ ਮੁਕਾਬਲੇ ਨੂੰ 190 ਦੇਸ਼ਾਂ ਦੇ ਕੋਈ ਪੰਜਾਹ ਕਰੋੜ ਲੋਕਾਂ ਨੇ ਲਾਈਵ ਵੇਖਿਆ ਹੈ। ਫੈਸ਼ਨ, ਕੌਸਮੈਟਿਕਸ ਅਤੇ ਫਿਟਨੈਸ ਦਾ ਬਹੁਤ ਵੱਡਾ ਉਦਯੋਗ ਇਸ ਮੁਕਾਬਲੇ ਨੂੰ ਖੂਬ ਪ੍ਰਚਾਰਦਾ ਹੈ। ਇਹ ਇਕੱਲਾ ਜਿਸਮਾਨੀ ਸੁੰਦਰਤਾ ਦਾ ਮੁਕਾਬਲਾ ਨਹੀਂ, ਇਸ ਵਿਚ ਸ਼ਾਮਲ ਹੋਈਆਂ ਕੁੜੀਆਂ ਦੀ ਬੌਧਿਕ ਅਤੇ ਮਾਨਸਿਕ ਪਰਖ ਵੀ ਹੁੰਦੀ ਹੈ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਕੋਹਾਲੀ ਪਿੰਡ ਨਾਲ ਸਬੰਧਤ ਸ਼ਿਵਾਲਿਕ ਪਬਲਿਕ ਸਕੂਲ ਅਤੇ ਚੰਡੀਗੜ੍ਹ ਦੇ ਲੜਕੀਆਂ ਦੇ ਸਰਕਾਰੀ ਕਾਲਜ ’ਚ ਪੜ੍ਹੀ ਇਸ ਮੁਟਿਆਰ ਨੇ ਸਾਬਤ ਕੀਤਾ ਹੈ ਕਿ ਪੰਜਾਬ ਦੇ ਲੋਕ ਕੇਵਲ ਫੌਜ ਦੇ ਜਵਾਨ ਅਤੇ ਕਿਸਾਨ ਪੁੱਤ ਹੀ ਨਹੀਂ ਬਣਦੇ, ਬਲਕਿ ਖੂਬਸੂਰਤੀ ਵਿਚ ਵੀ ਵਿਸ਼ਵ ਨੂੰ ਪਛਾੜਣ ਦੇ ਸਮਰਥ ਹਨ। ਜਦ ਪੰਜਾਬ ਦੇ ਲੋਕ ਕਿਰਤੀ- ਕਿਸਾਨ ਸੰਘਰਸ਼ ਦੀ ਜਿੱਤ ਤੋਂ ਬਾਅਦ ਵਾਹਿਗੁਰੂ ਦੇ ਸ਼ੁਕਰਾਨੇ ਲਈ ਦਰਬਾਰ ਸਾਹਿਬ ਨਤਮਸਤਕ ਹੋ ਰਹੇ ਹਨ, ਹਰਨਾਜ਼ ਦੀ ਇਸ ਬੇਮਿਸਾਲ ਪ੍ਰਾਪਤੀ ਨੇ ਸਾਡਾ ਸਾਰਿਆਂ ਦਾ ਮਾਣ ਨਾਲ ਸਿਰ ਉੱਚਾ ਕੀਤਾ ਹੈ।
ਮਿਸ ਯੂਨੀਵਰਸ ਬਣਨ ’ਤੇ ਕਈ ਫ਼ਿਲਮੀ ਹਸਤੀਆਂ ਨੇ ਹਰਨਾਜ਼ ਸੰਧੂ ਨੂੰ ਮੁਬਾਰਕਾਂ ਦਿੱਤੀਆਂ। ਵਧਾਈਆਂ ਦੇਣ ਵਾਲਿਆਂ ਵਿਚ ਸੁਸ਼ਮਿਤਾ ਸੇਨ, ਲਾਰਾ ਦੱਤਾ ਤੇ ਪ੍ਰਿਯੰਕਾ ਚੋਪੜਾ ਵਰਗੇ ਸਿਤਾਰੇ ਸ਼ਾਮਲ ਸਨ। ਸੁਸ਼ਮਿਤਾ ਨੇ ਲਿਖਿਆ ‘21 ਸਾਲਾ ਸੰਧੂ ਦੀ ਕਿਸਮਤ ਵਿਚ ਸੀ ਕਿ ਉਹ 21 ਸਾਲਾਂ ਬਾਅਦ ਤਾਜ ਮੁੜ ਘਰ ਲੈ ਆਏਗੀ।’ ਮਿਸ ਏਸ਼ੀਆ ਪੈਸੇਫਿਕ ਰਹੀ ਦੀਆ ਮਿਰਜ਼ਾ ਨੇ ਵੀ ਨਵੀਂ ਮਿਸ ਯੂਨੀਵਰਸ ਨੂੰ ਮੁਬਾਰਕਾਂ ਦਿੱਤੀਆਂ। ਇਸ ਤੋਂ ਇਲਾਵਾ ਕਰੀਨਾ ਕਪੂਰ ਖਾਨ, ਰਵੀਨਾ ਟੰਡਨ ਨੇ ਵੀ ਉਸ ਨੂੰ ਮੁਬਾਰਕਬਾਦ ਦਿੱਤੀ। ਕਰੀਬ 50 ਭਾਰਤੀ ਮੁਕਾਬਲੇ ਵਾਲੀ ਥਾਂ ਮੌਜੂਦ ਸਨ।


Share