ਹਜ਼ਾਰਾਂ ਅਮਰੀਕੀ ਫ਼ੌਜੀ ਮੁੜ ਪਹੁੰਚੇ ਕਾਬੁਲ, ਤਾਲਿਬਾਨ ਅੱਤਵਾਦੀਆਂ ਦਾ ਅਫ਼ਗਾਨਿਸਤਾਨ ‘ਤੇ ਵਧਦਾ ਕਬਜ਼ਾ

493
Share

ਵਾਸ਼ਿੰਗਟਨ, 14 ਅਗਸਤ (ਪੰਜਾਬ ਮੇਲ) : ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇਸ਼ ਦੇ ਵੱਡੇ ਹਿੱਸਿਆਂ ‘ਤੇ ਤੇਜ਼ੀ ਨਾਲ ਆਪਣਾ ਕਬਜ਼ਾ ਵਧਾਉਂਦਾ ਜਾ ਰਿਹਾ ਹੈ। ਤਾਲਿਬਾਨ ਨੇ ਸ਼ੁੱਕਰਵਾਰ ਨੂੰ ਅਫ਼ਗਾਨਿਸਤਾਨ ਦੇ ਦੱਖਣੀ ਹਿੱਸੇ ਦਾ ਲਗਭਗ ਮੁਕੰਮਲ ਕਬਜ਼ਾ ਕਰ ਲਿਆ, ਜਿੱਥੇ ਉਸ ਨੇ ਚਾਰ ਹੋਰ ਸੂਬਿਆਂ ਦੀਆਂ ਰਾਜਧਾਨੀਆਂ ‘ਤੇ ਕਬਜ਼ਾ ਕਰ ਲਿਆ ਹੈ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ 3,000 ਹੋਰ ਫ਼ੌਜੀਆਂ ਨੂੰ ਕਾਬੁਲ ਹਵਾਈ ਅੱਡੇ ‘ਤੇ ਭੇਜਿਆ ਤਾਂ ਜੋ ਅਮਰੀਕੀ ਦੂਤਾਵਾਸ ਤੋਂ ਅਧਿਕਾਰੀਆਂ ਨੂੰ ਕੱਢਣ ਵਿਚ ਸਹਾਇਤਾ ਮਿਲ ਸਕੇ। ਇਸ ਦੇ ਨਾਲ ਹੀ ਹਜ਼ਾਰਾਂ ਹੋਰ ਸੈਨਿਕਾਂ ਨੂੰ ਖ਼ੇਤਰ ਵਿਚ ਤਾਇਨਾਤੀ ਲਈ ਭੇਜਿਆ ਗਿਆ ਹੈ। ਅਮਰੀਕੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਅਤ ਨਿਕਾਸੀ ਲਈ ਸੈਨਿਕਾਂ ਦੀ ਅਸਥਾਈ ਤਾਇਨਾਤੀ ਦਰਸਾਉਂਦੀ ਹੈ ਕਿ ਅਮਰੀਕੀ ਫੌਜਾਂ ਦੀ ਪੂਰੀ ਵਾਪਸੀ ਨਾਲ ਕੁਝ ਹਫ਼ਤੇ ਪਹਿਲਾਂ ਤਾਲਿਬਾਨ ਹੌਲੀ-ਹੌਲੀ ਕਾਬੁਲ ਵੱਲ ਵਧ ਰਿਹਾ ਹੈ।

ਅਫ਼ਗਾਨਿਸਤਾਨ ਨੂੰ ਆਖਰੀ ਵੱਡਾ ਝਟਕਾ ਹੇਲਮੰਡ ਪ੍ਰਾਂਤ ਦੀ ਰਾਜਧਾਨੀ ਤੋਂ ਆਪਣਾ ਕੰਟਰੋਲ ਗੁਆਉਣ ਦੇ ਰੂਪ ਵਿਚ ਲੱਗਾ ਹੈ, ਜਿੱਥੇ ਅਮਰੀਕਾ, ਬ੍ਰਿਟਿਸ਼ ਅਤੇ ਹੋਰ ਗੱਠਜੋੜ ਨਾਟੋ ਸਹਿਯੋਗੀਆਂ ਨੇ ਪਿਛਲੇ ਦੋ ਦਹਾਕਿਆਂ ਤੋਂ ਭਿਆਨਕ ਲੜਾਈਆਂ ਲੜੀਆਂ। ਇਸ ਸੂਬੇ ਵਿਚ ਤਾਲਿਬਾਨ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਵਿਚ ਸੰਘਰਸ਼ ਦੌਰਾਨ ਸੈਂਕੜੇ ਪੱਛਮੀ ਸੈਨਿਕ ਮਾਰੇ ਗਏ। ਇਸ ਦਾ ਉਦੇਸ਼ ਅਫ਼ਗਾਨਿਸਤਾਨ ਦੀ ਕੇਂਦਰ ਸਰਕਾਰ ਅਤੇ ਫੌਜ ਨੂੰ ਕੰਟਰੋਲ ਦਾ ਬਿਹਤਰ ਮੌਕਾ ਦੇਣਾ ਸੀ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਦੂਤਘਰ ਕੰਮ ਕਰਦਾ ਰਹੇਗਾ ਪਰ ਹਜ਼ਾਰਾਂ ਵਾਧੂ ਅਮਰੀਕੀ ਸੈਨਿਕਾਂ ਨੂੰ ਭੇਜਣ ਦਾ ਫੈਸਲਾ ਇਸ ਗੱਲ ਦਾ ਸੰਕੇਤ ਹੈ ਕਿ ਤਾਲਿਬਾਨ ਦੇ ਦਬਦਬੇ ਨੂੰ ਰੋਕਣ ਦੀ ਅਫਗਾਨ ਸਰਕਾਰ ਦੀ ਸਮਰੱਥਾ ਵਿਚ ਅਮਰੀਕੀ ਵਿਸ਼ਵਾਸ ਘੱਟ ਰਿਹਾ ਹੈ।

ਅਫ਼ਗਾਨਿਸਤਾਨ ਵਿਚ ਅਮਰੀਕੀ ਮੁਹਿੰਮ ਨੂੰ ਇਸ ਮਹੀਨੇ ਦੇ ਅੰਤ ਤੱਕ ਖ਼ਤਮ ਕਰਨ ‘ਤੇ ਅਡਿਗ ਬਾਈਡੇਨ ਨੇ ਵੀਰਵਾਰ ਸਵੇਰੇ ਵਾਧੂ ਅਸਥਾਈ ਫੌਜਾਂ ਨੂੰ ਭੇਜਣ ਦਾ ਆਦੇਸ਼ ਦਿੱਤਾ। ਇਸ ਤੋਂ ਪਹਿਲਾਂ ਰਾਤ ਨੂੰ ਉਸ ਨੇ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕੀਤਾ। ਵਿਦੇਸ਼ ਮੰਤਰੀ ਟੋਨੀ ਬਲਿੰਕਨ ਅਤੇ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਵੀਰਵਾਰ ਨੂੰ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਯੋਜਨਾ ‘ਤੇ ਤਾਲਮੇਲ ਕਰਨ ਲਈ ਫੋਨ ‘ਤੇ ਗੱਲ ਕੀਤੀ। ਅਮਰੀਕਾ ਨੇ ਤਾਲਿਬਾਨ ਅਧਿਕਾਰੀਆਂ ਨੂੰ ਸਿੱਧੀ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਹ ਅਸਥਾਈ ਅਮਰੀਕੀ ਫੌਜੀ ਤਾਇਨਾਤੀ ਦੌਰਾਨ ਅਮਰੀਕੀਆਂ ‘ਤੇ ਹਮਲਾ ਕਰਦਾ ਹੈ, ਤਾਂ ਇਸ ਦਾ ਜਵਾਬੀ ਕਾਰਵਾਈ ਕੀਤੀ ਜਾਵੇਗੀ। ਬ੍ਰਿਟੇਨ ਦਾ ਰੱਖਿਆ ਮੰਤਰਾਲਾ ਆਪਣੇ ਬਾਕੀ ਸੈਨਿਕਾਂ ਦੀ ਸੁਰੱਖਿਅਤ ਵਾਪਸੀ ਲਈ ਕਰੀਬ 600 ਵਾਧੂ ਸੈਨਿਕ ਅਫ਼ਗਾਨਿਸਤਾਨ ਭੇਜੇਗਾ।

ਇਸੇ ਤਰ੍ਹਾਂ ਕੈਨੇਡੀਅਨ ਵਿਸ਼ੇਸ਼ ਬਲ ਵੀ ਕਾਬੁਲ ਤੋਂ ਕੈਨੇਡੀਅਨ ਕਰਮਚਾਰੀਆਂ ਦੀ ਸੁਰੱਖਿਅਤ ਨਿਕਾਸੀ ਲਈ ਤਾਇਨਾਤ ਕੀਤੇ ਜਾਣਗੇ। ਪੈਂਟਾਗਨ ਦੇ ਮੁੱਖ ਬੁਲਾਰੇ ਜੌਹਨ ਕਿਰਬੀ ਨੇ ਕਿਹਾ ਕਿ ਪੈਂਟਾਗਨ 3,500 ਤੋਂ 4,000 ਫ਼ੌਜੀਆਂ ਨੂੰ ਕਿਸੇ ਵੀ ਸਥਿਤੀ ਲਈ ਤਿਆਰ ਰਹਿਣ ਲਈ ਕੁਵੈਤ ਭੇਜੇਗਾ। ਉਨ੍ਹਾਂ ਕਿਹਾ ਕਿ ਕਾਬੁਲ ਨੂੰ ਭੇਜੇ ਜਾ ਰਹੇ 3,000 ਸਿਪਾਹੀਆਂ ਤੋਂ ਇਲਾਵਾ, ਜੇ ਲੋੜ ਪਈ ਤਾਂ ਉਨ੍ਹਾਂ ਨੂੰ ਉਕਤ ਫ਼ੌਜੀਆਂ ਵਿਚੋਂ ਭੇਜਿਆ ਜਾਵੇਗਾ। ਕਿਰਬੀ ਨੇ ਕਿਹਾ ਕਿ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿਚ ਲਗਭਗ 1000 ਫੌਜ ਅਤੇ ਹਵਾਈ ਸੈਨਾ ਦੇ ਜਵਾਨ ਕਤਰ ਭੇਜੇ ਜਾਣਗੇ ਤਾਂ ਜੋ ਵਿਦੇਸ਼ ਵਿਭਾਗ ਅਮਰੀਕਾ ਲਈ ਕੰਮ ਕਰਨ ਵਾਲੇ ਅਤੇ ਤਾਲਿਬਾਨ ਤੋਂ ਡਰਦੇ ਅਫ਼ਗਾਨ ਨਾਗਰਿਕਾਂ ਲਈ ਵਿਸ਼ੇਸ਼ ਇਮੀਗ੍ਰੇਸ਼ਨ ਵੀਜ਼ਾ ਅਰਜ਼ੀਆਂ ਵਿਚ ਤੇਜ਼ੀ ਲਿਆਉਣ ਵਿਚ ਸਹਾਇਤਾ ਕਰ ਸਕਣ, ਜਿਸ ਵਿਚ ਫੌਜ ਪੁਲਸ ਅਤੇ ਮੈਡੀਕਲ ਕਰਮਚਾਰੀ ਸ਼ਾਮਲ ਹੋਣਗੇ।

ਅਮਰੀਕੀ ਖ਼ੇਤਰ ਵਿਚ ਇੱਕ ਫੌਜੀ ਅੱਡਾ ਬਣਾ ਰਿਹਾ ਹੈ, ਜਿੱਥੇ ਅਜਿਹੇ ਲੋਕ ਰਹਿ ਸਕਦੇ ਹਨ। ਕਿਰਬੀ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਨਵੇਂ ਫੌਜੀਆਂ ਨੂੰ ਭੇਜਣ ਦਾ ਇਹ ਮਤਲਬ ਨਹੀਂ ਹੈ ਕਿ ਅਮਰੀਕਾ ਤਾਲਿਬਾਨ ਨਾਲ ਦੁਬਾਰਾ ਲੜਾਈ ਸ਼ੁਰੂ ਕਰਨ ਜਾ ਰਿਹਾ ਹੈ। ਪੈਂਟਾਗਨ ਵਿਚ ਪੱਤਰਕਾਰਾਂ ਨੇ ਕਿਹਾ ‘ਇਹ ਇੱਕ ਅਸਥਾਈ ਮਿਸ਼ਨ ਹੈ।’ ਇੱਕ ਨਵੇਂ ਫੌਜੀ ਮੁਲਾਂਕਣ ਵਿਚ ਕਿਹਾ ਗਿਆ ਹੈ ਕਿ ਕਾਬੁਲ ਸਤੰਬਰ ਵਿਚ ਤਾਲਿਬਾਨ ਦੇ ਕੰਟਰੋਲ ਵਿਚ ਆ ਸਕਦਾ ਹੈ ਅਤੇ ਜੇਕਰ ਇਹ ਸਥਿਤੀ ਜਾਰੀ ਰਹੀ ਤਾਂ ਕੁਝ ਮਹੀਨਿਆਂ ਵਿਚ ਪੂਰਾ ਦੇਸ਼ ਤਾਲਿਬਾਨ ਦੇ ਕੰਟਰੋਲ ਵਿਚ ਹੋ ਸਕਦਾ ਹੈ। ਅਮਰੀਕੀ ਘੋਸ਼ਣਾ ਤੋਂ ਕੁਝ ਸਮਾਂ ਪਹਿਲਾਂ ਕਾਬੁਲ ਵਿਚ ਅਮਰੀਕੀ ਦੂਤਾਵਾਸ ਨੇ ਅਮਰੀਕੀ ਨਾਗਰਿਕਾਂ ਨੂੰ ਤੁਰੰਤ ਖ਼ੇਤਰ ਛੱਡਣ ਦੀ ਬੇਨਤੀ ਕੀਤੀ।


Share