ਸ. ਫੂਲਕਾ ਵੱਲੋਂ ਦਿੱਲੀ ਕਮੇਟੀ ਚੋਣਾਂ ਮੁਲਤਵੀ ਨਾ ਕੀਤੇ ਜਾਣ ਲਈ ਕੇਜਰੀਵਾਲ ਨੂੰ ਲਿਖਿਆ ਪੱਤਰ

173
Share

ਨਵੀਂ ਦਿੱਲੀ, 20 ਅਪ੍ਰੈਲ (ਪੰਜਾਬ ਮੇਲ)- ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਜੋ ਕਿ 25 ਅਪ੍ਰੈਲ ਨੂੰ ਹੋਣੀਆਂ ਤੈਅ ਹੋਈਆਂ ਹਨ, ਮੁਲਤਵੀ ਨਾ ਕੀਤੀਆਂ ਜਾਣ। ਦਿੱਲੀ ’ਚ 26 ਅਪ੍ਰੈਲ ਸਵੇਰ ਤੱਕ ਲੌਕਡਾਊਨ ਐਲਾਨ ਦਿੱਤਾ ਗਿਆ ਹੈ, ਜਿਸ ਵਿਚ ਕੁਝ ਜ਼ਰੂਰੀ ਸੇਵਾਵਾਂ ਨੂੰ ਹੀ ਇਜਾਜ਼ਤ ਦਿੱਤੀ ਗਈ ਹੈ ਤੇ ਪਬਲਿਕ ਟਰਾਂਸਪੋਰਟ ਦੇ ਨਾਲ-ਨਾਲ ਹੋਰ ਵੀ ਕਈ ਸੁਵਿਧਾਵਾਂ ਖੁੱਲ੍ਹੀਆਂ ਰਹਿਣਗੀਆਂ। ਇਸ ਲਈ 25 ਅਪ੍ਰੈਲ ਨੂੰ ਗੁਰਦੁਆਰਾ ਕਮੇਟੀ ਦੇ ਵੋਟਰਾਂ ਨੂੰ ਕਰੋਨਾ ਦੀਆਂ ਸਾਵਧਾਨੀਆਂ ਵਰਤ ਕੇ ਪੋਲਿੰਗ ਬੂਥ ’ਤੇ ਜਾ ਕੇ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਪੱਤਰ ’ਚ ਲਿਖਿਆ ਹੈ ਕਿ ਇਹ ਧਾਰਮਿਕ ਚੋਣਾਂ ਹਨ। ਇਨ੍ਹਾਂ ਚੋਣਾਂ ’ਚ ਰਾਜਨੀਤਿਕ ਚੋਣਾਂ ਵਾਂਗੂ ਚੋਣ ਪ੍ਰਚਾਰ ਨਹੀਂ ਹੋਣਾ ਚਾਹੀਦਾ। ਫੂਲਕਾ ਨੇ ਲਿਖਿਆ ਕਿ ਹੁਣ ਲੌਕਡਾਊਨ ਦਾ ਐਲਾਨ ਹੋ ਚੁੱਕਾ ਹੈ, ਇਸ ਕਰਕੇ ਲੌਕਡਾਊਨ ਵਿਚ ਚੋਣ ਪ੍ਰਚਾਰ ਕਰਨ ਦੀ ਇਜਾਜ਼ਤ ਕਿਸੇ ਵੀ ਉਮੀਦਵਾਰ ਨੂੰ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੋ ਵੀ ਦਿੱਲੀ ਗੁਰਦੁਆਰਾ ਕਮੇਟੀ ਦੇ ਚੋਣਾਂ ਬਾਰੇ ਨਿਯਮ ਹਨ, ਉਸ ਮੁਤਾਬਕ ਕਿਸੇ ਵੀ ਤਰ੍ਹਾਂ ਦੇ ਚੋਣ ਪ੍ਰਚਾਰ ਲਈ ਸਮਾਂ ਦੇਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਹ ਵੀ ਕਿਹਾ ਹੈ ਕਿ ਕੁਦਤਰੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨ.ਡੀ.ਐੱਮ.ਏ.) ਤੇ ਡਾਇਰੈਕਟਰ, ਗੁਰਦੁਆਰਾ ਇਲੈਕਸ਼ਨ ਕਮਿਸ਼ਨ ਇਹ ਹਦਾਇਤਾਂ ਜਾਰੀ ਕਰਨ ਤੇ ਆਦਰਸ਼ ਚੋਣ ਜ਼ਾਬਤੇ ਵਿਚ ਇਹ ਜੋੜਿਆ ਜਾਵੇ ਕਿ ਕੋਈ ਵੀ ਉਮੀਦਵਾਰ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਤਾਂ ਉਸ ਨੂੰ ਅਯੋਗ ਠਹਿਰਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸੰਗਤ ਨੂੰ ਵੀ ਅਪੀਲ ਕੀਤੀ ਕਿ ਇਨ੍ਹਾਂ ਚੋਣਾਂ ਨੂੰ ਉਹ ਧਾਰਮਿਕ ਤਰੀਕੇ ਨਾਲ ਕਰਵਾਉਣ ਦੀ ਹੀ ਮੰਗ ਕਰਨ।

Share