ਸ. ਜਗਜੀਤ ਸਿੰਘ ਥਿੰਦ ਦੇ ਦੇਹਾਂਤ ’ਤੇ ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਫਰਿਜ਼ਨੋ ਵਲੋਂ ਗਹਿਰੇ ਦੁੱਖ ਦਾ ਇਜ਼ਹਾਰ

272
Share

ਫਰਿਜ਼ਨੋ, 13 ਅਕਤੂਬਰ (ਪੰਜਾਬ ਮੇਲ)- ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਫਰਿਜ਼ਨੋ ਇਸ ਸ਼ੋਕ ਮਤੇ ਰਾਹੀਂ ਸ. ਜਗਜੀਤ ਸਿੰਘ ਥਿੰਦ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਾ ਹੈ। ਸ. ਜਗਜੀਤ ਸਿੰਘ ਥਿੰਦ ਸੈਂਟਰਲ ਕੈਲੀਫੋਰਨੀਆ ਦੀ ਬਹੁਤ ਹੀ ਜਾਣੀ-ਪਹਿਚਾਣੀ ਅਤੇ ਹਰਮਨਪਿਆਰੀ ਸ਼ਖਸੀਅਤ ਸਨ। ਉਹ ਪਿਛਲੇ ਲੰਬੇ ਸਮੇਂ ਤੋਂ ਕੈਲੀਫੋਰਨੀਆ ਦੇ ਸ਼ਹਿਰ ਕਰਮਨ ’ਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ। ਕੁਝ ਹਫਤੇ ਬਿਮਾਰ ਰਹਿਣ ਤੋਂ ਬਾਅਦ ਪਿਛਲੇ ਹਫਤੇ ਉਹ ਸਭ ਨੂੰ ਅਲਵਿਦਾ ਆਖ ਗਏ ਸਨ। ਅਮਰੀਕਾ ਆਉਣ ਤੋਂ ਪਹਿਲਾਂ ਉਹ ਆਪਣੇ ਜੱਦੀ ਪਿੰਡ ਬਿੰਜਲ ’ਚ ਵਸਦੇ ਸਨ, ਜਿਥੇ ਉਨ੍ਹਾਂ ਨੇ ਲੰਬਾ ਸਮਾਂ ਪਿੰਡ ਦੀ ਸਰਪੰਚੀ ਵੀ ਕੀਤੀ। ਇਸ ਸਮੇਂ ਦੌਰਾਨ ਵੀ ਉਨ੍ਹਾਂ ਦੇ ਪਿੰਡ ਦੇ ਹੋਰ ਭਲਾਈ ਦੇ ਕੰਮਾਂ ਦੇ ਨਾਲ-ਨਾਲ ਪਿੰਡ ਵਿਚ ਇਕ ਲਾਇਬ੍ਰੇਰੀ ਵੀ ਸਥਾਪਤ ਕੀਤੀ। ਅਮਰੀਕਾ ਆ ਕੇ ਵੀ ਉਹ ਭਾਈਚਾਰਕ ਕੰਮਾਂ ਵਿਚ ਖਾਸ ਦਿਲਚਸਪੀ ਲੈਂਦੇ ਰਹੇ। ਪੰਜਾਬੀ ਭਾਸ਼ਾ, ਸਾਹਿਤ ਅਤੇ ਕਿਤਾਬਾਂ ਪ੍ਰਤੀ ਉਨ੍ਹਾਂ ਦੇ ਪਿਆਰ ਕਾਰਣ ਉਨ੍ਹਾਂ ਨੇ ਆਪਣੇ ਸ਼ਹਿਰ ਕਰਮਨ ’ਚ ਪੰਜਾਬੀ ਲਾਇਬ੍ਰੇਰੀ ਬਣਾਉਣ ਦੇ ਉਦਮ ਵਿਚ ਲੱਗ ਗਏ। ਉਨ੍ਹਾਂ ਨੇ ਕਰੜੀ ਘਾਲਣਾ ਕਰਕੇ ਲਾਇਬ੍ਰੇਰੀ ਅਧਿਕਾਰੀਆਂ ਨੂੰ ਪੰਜਾਬੀਆ ਦੀ ਵੱਧ ਰਹੀ ਆਬਾਦੀ ਨੂੰ ਦੇਖਦੇ ਹੋਏ ਕਰਮਨ ਲਾਇਬ੍ਰੇਰੀ ਵਿਚ ਪੰਜਾਬੀ ਸ਼ੈਕਸਨ ਸਥਾਪਤ ਕਰਨ ਲਈ ਪ੍ਰੇਰਿਤ ਕੀਤਾ। ਆਪ ਨੇ ਉਚੇਚੇ ਉਦਮਾਂ ਨਾਲ ਪੰਜਾਬੀ ਦੀਆ ਸੈਂਕੜੇ ਅਨਮੋਲ ਕਿਤਾਬਾਂ ਸ਼ਾਮਲ ਕਰਵਾਈਆਂ। ਪੰਜਾਬੀ ਲਾਇਬ੍ਰੇਰੀ ਦਾ ਇਹ ਉਦਮ ਅੱਗੇ ਜਾ ਕੇ ਕਰਮਨ ਦੇ ਸਕੂਲਾਂ ’ਚ ਪੰਜਾਬੀ ਭਾਸ਼ਾ ਦੀਆਂ ਕਲਾਸਾਂ ਸ਼ਾਮਲ ਕਰਵਾਉਣ ਦਾ ਕਾਰਣ ਵੀ ਬਣਿਆ। ਇਨ੍ਹਾਂ ਉਦਮਾਂ ਦੇ ਕਾਰਣ ਹੀ ਕੈਲੀਫੋਰਨੀਆ ਦਾ ਇਹ ਛੋਟਾ ਜਿਹਾ ਸ਼ਹਿਰ ਕਰਮਨ ਪੰਜਾਬੀ ਦੀ ਪ੍ਰਫੁਲਤਾ ਲਈ ਪੂਰੇ ਕੈਲੀਫੋਰਨੀਆ ’ਚ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਵੀ ਨਰੋਈਆ ਪਿਰਤਾਂ ਪਾਈਆਂ ਅਤੇ ਅਮਰੀਕਾ ਦੀ ਧਰਤੀ ’ਤੇ ਕਿੰਨੇ ਹੀ ਨਵੇਂ ਪੱਤਰਕਾਰਾਂ ਲਈ ਰਾਹ ਦਸੇਰੇ ਵੀ ਬਣੇ।
ਸ. ਜਗਜੀਤ ਸਿੰਘ ਥਿੰਦ ਦੇਸ਼ ਭਗਤਾਂ ਤੇ ਖਾਸ ਕਰ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਤੋਂ ਬੇਹੱਦ ਪ੍ਰਭਾਵਤ ਸਨ। ਉਹ ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਵਲੋਂ ਹਰ ਸਾਲ ਕਰਵਾਏ ਜਾਂਦੇ ਗਦਰੀ ਬਾਬਿਆਂ ਦੇ ਪ੍ਰੋਗਰਾਮਾਂ ਨੂੰ ਸਫਲ ਕਰਨ ਵਿਚ ਖਾਸ ਦਿਲਚਸਪੀ ਲੈਂਦੇ ਸਨ। ਉਨ੍ਹਾਂ ਨੇ ਆਪਣੇ ਕੋਲ ਪਏ ਕੁਝ ਇਤਿਹਾਸਕ ਦਸਤਾਵੇਜ਼ਾਂ ਨੂੰ ਕਿਤਾਬੀ ਰੂਪ ਦੇਣ ਵਿਚ ਵੀ ਆਪਣਾ ਯੋਗਦਾਨ ਪਾਇਆ। ਉਹ ਹਮੇਸ਼ਾ ਫੋਰਮ ਦੇ ਸਲਾਹਕਾਰ ਵਜੋਂ ਕੰਮ ਕਰਦੇ ਰਹੇ। ਸਾਨੂੰ ਉਨ੍ਹਾਂ ਦੀ ਉਸਾਰੂ ਅਤੇ ਸਿਆਣੀ ਸਲਾਹ ਦੀ ਹਮੇਸ਼ਾ ਘਾਟ ਰਹੇਗੀ। ਅਸੀਂ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਲਈ ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ। ਅਸੀਂ ਉਨ੍ਹਾਂ ਦੇ ਅਕਾਲ ਚਲਾਣੇ ’ਤੇ ਉਨ੍ਹਾਂ ਦੇ ਬੇਟੇ ਸੁਰਿੰਦਰ ਸਿੰਘ, ਬਾਕੀ ਪਰਿਵਾਰ ਅਤੇ ਸਾਰੇ ਰਿਸ਼ਤੇਦਾਰਾਂ ਅਤੇ ਚਾਹੁਣ ਵਾਲਿਆਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਉਨ੍ਹਾਂ ਦੇ ਦੁੱਖ ਵਿਚ ਸ਼ਰੀਕ ਹੁੰਦੇ ਹਾਂ।

Share