ਚੰਡੀਗੜ੍ਹ, 30 ਜਨਵਰੀ (ਪੰਜਾਬ ਮੇਲ)- ਬਰਤਾਨੀਆਂ ਵਿਚਲੀ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਅੱਜ ਚੇਤਾਵਨੀ ਦਿੱਤੀ ਹੈ ਕਿ ਜੇ ਸੱਤਾ ਵਿਚ ਬੈਠੇ ਲੋਕਾਂ ਨੇ ਆਪਣੀ ਤਾਕਤ ਦੀ ਦੁਰਵਰਤੋਂ ਕੀਤੀ ਤਾਂ ਇਸ ਨਾਲ ਕਿਸਾਨ ਅੰਦੋਲਨ ਹੋਰ ਮਜ਼ਬੂਤ ਹੋਵੇਗਾ। ਸ਼੍ਰੀ ਢੇਸੀ ਨੇ ਟਵੀਟ ਕੀਤਾ, ‘‘ਬੜੀ ਹੈਰਾਨੀ ਦੀ ਗੱਲ ਹੈ ਕਿ ਲੋਕਾਂ ਦੀ ਭੀੜ ਅਤੇ ਪੁਲਿਸ ਨੇ ਕਿਸਾਨਾਂ ਨੂੰ ਖਦੇੜਨ ਲਈ ਤਰਲੋ-ਮੱਛੀ ਹੋ ਰਹੇ ਹਨ। ਕਿਸਾਨਾਂ ਦੇ ਪਾਣੀ, ਬਿਜਲੀ ਅਤੇ ਇੰਟਰਨੈਟ ਬੰਦ ਕਰਨ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਹਿੰਸਾ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ ਪਰ ਜੇ ਸੱਤਾ ’ਚ ਬੈਠੇ ਲੋਕਾਂ ਨੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਦਾ ਦੁਰਵਿਵਹਾਰ ਕੀਤਾ, ਤਾਂ ਇਹ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰੇਗਾ।’’