ਸੱਤਾ ‘ਚ ਆਉਂਦਿਆਂ ਹੀ ਗਰੀਨ ਕਾਰਡ ‘ਤੇ ਰੋਕ ਕਰਾਂਗੇ ਖ਼ਤਮ : ਡੈਮੋਕਰੇਟਿਕ ਪਾਰਟੀ

340
Share

ਵਾਸ਼ਿੰਗਟਨ, 6 ਅਗਸਤ (ਪੰਜਾਬ ਮੇਲ)- ਅਮਰੀਕਾ ‘ਚ ਡੈਮੋਕਰੇਟਿਕ ਪਾਰਟੀ ਨੇ ਆਪਣੇ ਪ੍ਰਸਤਾਵਿਤ ਚੋਣ ਮਨੋਰਥ ਪੱਤਰ ‘ਚ ਕਿਹਾ ਹੈ ਕਿ ਜੇਕਰ ਉਹ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਸੱਤਾ ‘ਚ ਆਉਂਦੀ ਹੈ ਤਾਂ ਉਹ ਗਰੀਨ ਕਾਰਡ ‘ਤੇ ਰੋਕ ਨੂੰ ਖ਼ਤਮ ਕਰੇਗੀ ਅਤੇ ਪਹਿਲਾਂ ਦਿੱਤੀਆਂ ਅਰਜ਼ੀਆਂ ਦਾ ਨਿਬੇੜਾ ਕਰਨ ਲਈ ਕਦਮ ਉਠਾਏਗੀ। ਪਾਰਟੀ ਦੇ ਪ੍ਰਸਤਾਵਿਤ 2020 ਪਲੇਟਫਾਰਮ ‘ਚ ਐੱਚ-1ਬੀ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ‘ਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਸਥਾਈ ਰੋਕ ਲਗਾਉਣ ਦੇ ਫ਼ੈਸਲੇ ਦਾ ਵਿਰੋਧ ਕੀਤਾ ਗਿਆ ਹੈ। 2020 ਡੈਮੋਕਰੇਟਿਕ ਪਾਰਟੀ ਪਲੇਟਫਾਰਮ ਭਾਰਤ ‘ਚ ਚੋਣ ਮਨੋਰਥ ਪੱਤਰ ਵਾਂਗ ਹੈ ਜਿਸ ‘ਚ ਪਾਰਟੀ ਨੇ ਆਊਂਦੀਆਂ ਰਾਸ਼ਟਰਪਤੀ ਚੋਣਾਂ ਲਈ ਵੋਟਰਾਂ ਨੂੰ ਭਰਮਾਉਣ ਲਈ ਵਾਅਦੇ ਕੀਤੇ ਹਨ। ਇਸ ਚੋਣ ਮਨੋਰਥ ਪੱਤਰ ਨੂੰ ਵਿਸਕੌਨਸਿਨ ‘ਚ ਹੋਣ ਵਾਲੇ ਕੌਮੀ ਸੰਮੇਲਨ ਦੌਰਾਨ ਪਾਰਟੀ ਦੇ ਡੈਲੀਗੇਟਾਂ ਵੱਲੋਂ ਅਪਣਾਇਆ ਜਾਵੇਗਾ। ਚਾਰ ਦਿਨ 17 ਤੋਂ 20 ਅਗਸਤ ਤੱਕ ਚੱਲਣ ਵਾਲੀ ਇਸ ਕਨਵੈਨਸ਼ਨ ‘ਚ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਦੇ ਰਾਸ਼ਟਰਪਤੀ ਚੋਣਾਂ ‘ਚ ਪਾਰਟੀ ਉਮੀਦਵਾਰ ਵਜੋਂ ਰਸਮੀ ਤੌਰ ‘ਤੇ ਮੋਹਰ ਲਗਾਈ ਜਾਵੇਗੀ। ਐੱਚ-1ਬੀ ਵੀਜ਼ਾ ‘ਤੇ ਆਈਟੀ ਕੰਪਨੀਆਂ ਹਰ ਸਾਲ ਭਾਰਤ ਅਤੇ ਚੀਨ ਜਿਹੇ ਮੁਲਕਾਂ ਤੋਂ ਹਜ਼ਾਰਾਂ ਮੁਲਾਜ਼ਮਾਂ ਦੀ ਭਰਤੀ ਕਰਨ ਲਈ ਨਿਰਭਰ ਰਹਿੰਦੀਆਂ ਹਨ। 90 ਪੰਨਿਆਂ ਦੇ ਇਸ ਪ੍ਰਸਤਾਵਿਤ ਚੋਣ ਮਨੋਰਥ ਪੱਤਰ ‘ਚ ਕਿਹਾ ਗਿਆ ਹੈ ਕਿ ਡੈਮੋਕਰੇਟਸ ਮੁਸਲਿਮ ਮੁਲਕਾਂ ਦੇ ਨਾਗਰਿਕਾਂ ਦੇ ਮੁਲਕ ‘ਚ ਦਾਖ਼ਲੇ ‘ਤੇ ਲਗਾਈ ਗਈ ਟਰੰਪ ਪ੍ਰਸ਼ਾਸਨ ਵੱਲੋਂ ਰੋਕ ਨੂੰ ਵੀ ਹਟਾਉਣਗੇ। ਉਨ੍ਹਾਂ ਕਿਹਾ ਕਿ ਉਹ ਅਜਿਹਾ ਕਾਨੂੰਨ ਲਿਆਉਣਗੇ ਜਿਸ ਨਾਲ ਕੋਈ ਰਾਸ਼ਟਰਪਤੀ ਦੁਬਾਰਾ ਅਜਿਹਾ ਵਿਤਕਰੇ ਵਾਲਾ ਕਾਨੂੰਨ ਨਾ ਲਿਆ ਸਕੇ।


Share