ਵੰਸ਼ ਗਰਗ ਬੁਢਲਾਡਾ ਨੇ ਮਾਰੀ ਬਾਜ਼ੀ।
ਮਾਨਸਾ, 2 ਜੂਨ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਮਾਨਯੋਗ ਵਿਜੈ ਇੰਦਰ ਸਿੰਗਲਾ ਵੱਲੋਂ ਸੰਸਾਰ ਦੀ ਸਭ ਤੋਂ ਵੱਡੀ ਆਨਲਾਈਨ ਵੀਡੀਓ ਪ੍ਰਤੀਯੋਗਤਾ ਮੁਹਿੰਮ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸਿੱਖਿਆ ਮੰਤਰੀ ਵੱਲੋਂ ਅੱਜ ਦੂਸਰੇ ਦਿਨ ਜਾਰੀ ਕੀਤੀ 100 ਬੱਚਿਆਂ ਦੀ ਲਿਸਟ ਦੌਰਾਨ ਮਾਨਸਾ ਜ਼ਿਲ੍ਹੇ ਦੇ ਮਨੂੰ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਦੇ ਚੌਥੀ ਕਲਾਸ ਵਿੱਚ ਪੜ੍ਹਦੇ ਵੰਸ਼ ਗਰਗ ਨੇ ਆਪਣਾ ਨਾਮ ਦਰਜ ਕਰਵਾ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਮੁਹਿੰਮ ਵਿੱਚ ਇੱਕ ਲੱਖ ਤੋਂ ਵੀ ਵੱਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਸੀ। ਜੋ ਕਿ ਇੱਕ ਵਰਲਡ ਰਿਕਾਰਡ ਹੈ। ਪਹਿਲੇ ਦੋ ਸੌ ਬੱਚਿਆਂ ਦੀ ਜਾਰੀ ਕੀਤੀ ਇਸ ਲਿਸਟ ਵਿੱਚ ਮਾਨਸਾ ਜ਼ਿਲ੍ਹੇ ਦੇ ਪ੍ਰਾਇਮਰੀ ਪੱਧਰ ਦੇ ਸਿਰਫ ਦੋ ਵਿਦਿਆਰਥੀ ਹੀ ਹਨ, ਜਿੰਨ੍ਹਾਂ ਵਿੱਚ ਵੰਸ਼ ਗਰਗ ਤੋਂ ਇਲਾਵਾ ਦੂਸਰਾ ਵਿਦਿਆਰਥੀ ਨਵਲਜੀਤ ਸਿੰਘ ਅਕਾਲ ਅਕੈਡਮੀ ਕੱਲ੍ਹੋਂ ਦਾ ਹੈ।
ਇਸ ਪ੍ਰਤੀਯੋਗਤਾ ਵਿੱਚ ਉਪਰਲੇ ਪੱਧਰ ਤੇ ਆਉਣ ਵਾਲੇ ਵਿਦਿਆਰਥੀਆਂ ਦੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਵਿਸ਼ੇਸ਼ ਇਨਾਮ ਤੇ ਸਰਟੀਫਿਕੇਟ ਦੇ ਕੇ ਹੌਂਸਲਾ ਅਫਜ਼ਾਈ ਕੀਤੀ ਜਾਵੇਗੀ। ਇਸ ਮੁਕਾਬਲੇ ਵਿੱਚ ਇਨਾਮ ਜਿੱਤਣ ਵਾਲੇ ਵਿਦਿਆਰਥੀ ਵੰਸ਼ ਗਰਗ ਦੇ ਪਿਤਾ ਰਵਨੀਸ਼ ਕੁਮਾਰ ਅਤੇ ਮਾਤਾ ਗੀਤਾ ਰਾਣੀ ਜੋ ਕਿ ਸਰਕਾਰੀ ਹਾਈ ਸਕੂਲ ਅਹਿਮਦਪੁਰ ਵਿਖੇ ਕੰਪਿਊਟਰ ਅਧਿਆਪਕ ਵਜੋਂ ਤੈਨਾਤ ਹਨ ਨੇ ਆਪਣੇ ਪੁੱਤਰ ਤੇ ਮਾਣ ਮਹਿਸੂਸ ਕੀਤਾ। ਵਿਦਿਆਰਥੀ ਦੇ ਦਾਦਾ ਪ੍ਰੇਮ ਚੰਦ ਅਤੇ ਦਾਦੀ ਕਿਰਨ ਰਾਣੀ ਨੇ ਦੱਸਿਆ ਕਿ ਵੰਸ਼ ਦੀ ਪੜ੍ਹਾਈ ਦੇ ਨਾਲ-ਨਾਲ ਹੋਰ ਸਹਿ ਵਿੱਦਿਅਕ ਸਰਗਰਮੀਆਂ ਵਿੱਚ ਸ਼ੁਰੂ ਤੋਂ ਹੀ ਵਿਸ਼ੇਸ਼ ਰੁਚੀ ਰਹੀ ਹੈ। ਉੱਧਰ ਮਨੂੰ ਵਾਟਿਕਾ ਸੈਕੰਡਰੀ ਸਕੂਲ ਬੁਢਲਾਡਾ ਦੇ ਚੇਅਰਮੈਨ ਭਾਰਤ ਭੂਸ਼ਨ ਗੁਪਤਾ ਅਤੇ ਪ੍ਰਿੰਸੀਪਲ ਮੈਡਮ ਮਨੂੰ ਨੇ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਇਸ ਹੋਣਹਾਰ ਵਿਦਿਆਰਥੀ ਨੇ ਸਾਡੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।