ਸੰਯੁਕਤ ਰਾਸ਼ਟਰ ਸਕੱਤਰ ਜਨਰਲ ਵੱਲੋਂ ਸੋਸ਼ਲ ਮੀਡੀਆ ਕੰਪਨੀਆਂ ਦੀ ਤਾਕਤ ਤੋਂ ਚਿੰਤਾ ਜ਼ਾਹਿਰ

432
Share

– ਕਿਹਾ: ਐਨੀ ਜ਼ਿਆਦਾ ਤਾਕਤ ਸੰਸਾਰ ’ਚ ਕੁਝ ਕੰਪਨੀਆਂ ਨੂੰ ਨਹੀਂ ਦਿੱਤੀ ਜਾ ਸਕਦੀ
ਸੰਯੁਕਤ ਰਾਸ਼ਟਰ, 30 ਜਨਵਰੀ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਹੈ ਕਿ ਉਹ ਸੋਸ਼ਲ ਮੀਡੀਆ ਕੰਪਨੀਆਂ ਦੀ ਤਾਕਤ ਤੋਂ ‘ਚਿੰਤਤ’ ਹਨ। ਲੋਕਾਂ ਬਾਰੇ ਐਨੀ ਜਾਣਕਾਰੀ ਇਕੱਠੀ ਕਰਨਾ, ਨਿੱਜੀ ਜਾਣਕਾਰੀ ’ਤੇ ਕਾਬੂ ਨਾ ਹੋਣਾ, ਇਕੱਤਰ ਜਾਣਕਾਰੀ ਦਾ ਇਸਤੇਮਾਲ ਸਿਆਸੀ ਪੱਖ ਤੋਂ ਕਰਕੇ ਨਾਗਰਿਕਾਂ ਨੂੰ ‘ਕਾਬੂ’ ਕਰਨ ਜਿਹੇ ਕਈ ਜ਼ੋਖ਼ਮ ਹਨ, ਜਿਨ੍ਹਾਂ ਉਤੇ ਸਕੱਤਰ ਜਨਰਲ ਨੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਤੇ ਵਿਚਾਰ-ਚਰਚਾ ਦੀ ਲੋੜ ਹੈ। ਮੈਂਬਰ ਮੁਲਕਾਂ ਨਾਲ ‘2021 ਦੀਆਂ ਤਰਜੀਹਾਂ’ ਬਾਰੇ ਆਪਣੇ ਗ਼ੈਰਰਸਮੀ ਰਾਬਤੇ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਗੁਟੇਰੇਜ਼ ਨੇ ਕਿਹਾ ਕਿ ਉਨ੍ਹਾਂ ਮੁਤਾਬਕ ‘ਐਨੀ ਜ਼ਿਆਦਾ ਤਾਕਤ ਇਸ ਸੰਸਾਰ ਵਿਚ ਕੁਝ ਕੰਪਨੀਆਂ ਨੂੰ ਨਹੀਂ ਦਿੱਤੀ ਜਾ ਸਕਦੀ।’ ਉਨ੍ਹਾਂ ਕਿਹਾ ਕਿ ਸਵਾਲ ਇਹ ਹੈ ਕਿ ਕੀ ਕੋਈ ਕੰਪਨੀ ਜਾਂ ਇਕਾਈ, ਜਿਸ ਕੋਲ ਇਨ੍ਹਾਂ ਮੁੱਦਿਆਂ ’ਤੇ ਫ਼ੈਸਲੇ ਲੈਣ ਦੀ ਤਾਕਤ ਹੈ, ਉਹ ਕਿਸੇ ਰੈਗੂਲੇਟਰੀ ਢਾਂਚੇ ਜਾਂ ਨੇਮਾਂ ਤਹਿਤ ਕੰਮ ਕਰ ਰਹੀ ਹੈ। ਉਨ੍ਹਾਂ ਨਾਲ ਹੀ ਸਵਾਲ ਕੀਤਾ ਕਿ ਕੀ ਇਸ ਲਈ ਕੋਈ ਢਾਂਚਾ ਕਾਇਮ ਕੀਤਾ ਜਾਣਾ ਚਾਹੀਦਾ ਹੈ। ਗੁਟੇਰੇਜ਼ ਨੇ ਕਿਹਾ ਕਿ ਜਿਸ ਤਰ੍ਹਾਂ ਨਿੱਜੀ ਜਾਣਕਾਰੀ ਦਾ ਇਸਤੇਮਾਲ ਸਿਆਸੀ ਲਾਭ ਲਈ ਲੋਕਾਂ ਦਾ ਵਿਹਾਰ ਬਦਲਣ ਲਈ ਕੀਤਾ ਜਾ ਰਿਹਾ ਹੈ, ਉਸ ’ਤੇ ਗੰਭੀਰ ਵਿਚਾਰ-ਵਟਾਂਦਰੇ ਦੀ ਲੋੜ ਹੈ। ਚੀਨ ਵੱਲੋਂ ‘ਤਾਨਾਸ਼ਾਹ ਏਜੰਡਾ’ ਚਲਾਉਣ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਸਕੱਤਰ ਜਨਰਲ ਨੇ ਕਿਹਾ ਕਿ ‘ਸੰਯੁਕਤ ਰਾਸ਼ਟਰ ਸ਼ਾਂਤੀ, ਸੁਰੱਖਿਆ, ਵਿਕਾਸ ਤੇ ਮਨੁੱਖੀ ਹੱਕਾਂ ਨਾਲ ਜੁੜੀਆਂ ਸਾਰੀਆਂ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧ ਹੈ।’

Share