ਸੰਯੁਕਤ ਰਾਸ਼ਟਰ ਵੱਲੋਂ ਅਫ਼ਗਾਨਿਸਤਾਨ ਦੀ ਬਿਹਤਰੀ ਲਈ ਕੌਮਾਂਤਰੀ ਭਾਈਚਾਰੇ ਨੂੰ ਇਕਜੁੱਟ ਹੋਣ ਦਾ ਸੱਦਾ

771
Share

ਸੰਯੁਕਤ ਰਾਸ਼ਟਰ, 17 ਅਗਸਤ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕੌਮਾਂਤਰੀ ਭਾਈਚਾਰੇ ਨੂੰ ਇਕਜੁੱਟ ਹੋ ਕੇ ਇਹ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ ਕਿ ਅਫ਼ਗਾਨਿਸਤਾਨ ਨੂੰ ਮੁੜ ਕੇ ਕਦੇ ਵੀ ਅੱਤਵਾਦੀ ਸੰਗਠਨਾਂ ਲਈ ਸੁਰੱਖਿਅਤ ਮੰਚ ਨਾ ਬਣਨ ਦਿੱਤਾ ਜਾਵੇ। ਉਨ੍ਹਾਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਕਿਹਾ ‘ਅਸੀਂ ਜੰਗ ਨਾਲ ਝੰਬੇ ਮੁਲਕ ਦੇ ਲੋਕਾਂ ਨੂੰ ਇਸ ਹਾਲ ਵਿਚ ਨਹੀਂ ਛੱਡ ਸਕਦੇ ਤੇ ਨਾ ਹੀ ਛੱਡਣਾ ਚਾਹੀਦਾ ਹੈ।’ ਸਲਾਮਤੀ ਕੌਂਸਲ ਦੀ ਇਕ ਹੰਗਾਮੀ ਬੈਠਕ ’ਚ ਗੁਟੇਰੇਜ਼ ਨੇ ਕਿਹਾ ਕਿ ਉਹ ਸਾਰੀਆਂ ਧਿਰਾਂ, ਖਾਸ ਤੌਰ ਉਤੇ ਤਾਲਿਬਾਨ ਨੂੰ ਅਪੀਲ ਕਰਦੇ ਹਨ ਕਿ ਜਾਨਾਂ ਬਚਾਉਣ ਨੂੰ ਵੱਧ ਤੋਂ ਵੱਧ ਤਰਜੀਹ ਦਿੱਤੀ ਜਾਵੇ, ਮਨੁੱਖੀ ਲੋੜਾਂ ਦੀ ਪੂਰਤੀ ਯਕੀਨੀ ਬਣਾਈ ਜਾਵੇ। ਜ਼ਿਕਰਯੋਗ ਹੈ ਕਿ ਇਸ ਵੇਲੇ ਭਾਰਤ ਨੂੰ ਕੌਂਸਲ ਦੀ ਪ੍ਰਧਾਨਗੀ ਮਿਲੀ ਹੋਈ ਹੈ। ਅਫ਼ਗਾਨਿਸਤਾਨ ਦੀ ਸਥਿਤੀ ’ਤੇ ਕੌਂਸਲ ਨੇ ਹਫ਼ਤੇ ’ਚ ਦੂਜੀ ਵਾਰ ਬੈਠਕ ਕੀਤੀ ਹੈ। ਇਸੇ ਦੌਰਾਨ ਸੰਯੁਕਤ ਰਾਸ਼ਟਰ ’ਚ ਅਫ਼ਗਾਨਿਸਤਾਨ ਦੇ ਸਥਾਈ ਪ੍ਰਤੀਨਿਧੀ ਗ਼ੁਲਾਮ ਇਸਾਕਜ਼ਈ ਨੇ ਕਿਹਾ ਕਿ ਸਲਾਮਤੀ ਕੌਂਸਲ ਤੇ ਗੁਟੇਰੇਜ਼ ਨੂੰ ਕਿਸੇ ਵੀ ਅਜਿਹੀ ਸਰਕਾਰ ਨੂੰ ਮਾਨਤਾ ਨਹੀਂ ਦੇਣੀ ਚਾਹੀਦੀ, ਜਿਸ ਨੇ ਧੱਕੇ ਨਾਲ ਸੱਤਾ ਹਾਸਲ ਕੀਤੀ ਹੋਵੇ। ਉਨ੍ਹਾਂ ਸਲਾਮਤੀ ਕੌਂਸਲ ਨੂੰ ਇਸਲਾਮਿਕ ਅਮੀਰਾਤ ਬਹਾਲ ਕੀਤੇ ਜਾਣ ਨੂੰ ਮਾਨਤਾ ਨਾ ਦੇਣ ਦੀ ਅਪੀਲ ਕੀਤੀ।

Share