ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ਾਂਤੀ ਤੇ ਜਥੇਬੰਦਕ ਤਰੀਕਿਆਂ ਨਾਲ ਸੰਘਰਸ਼ ਜਾਰੀ ਰੱਖਣ ਦਾ ਸੱਦਾ

401
Share

ਨਵੀਂ ਦਿੱਲੀ, 18 ਮਈ (ਪੰਜਾਬ ਮੇਲ)- ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰਿਆਣਾ ਦੀਆਂ ਘਟਨਾਵਾਂ ਦੌਰਾਨ ਕਿਸਾਨਾਂ ਵੱਲੋਂ ਦਿਖਾਏ ਗਏ ਏਕੇ ਲਈ ਧੰਨਵਾਦ ਕੀਤਾ ਗਿਆ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਮੋਰਚੇ ਵੱਲੋਂ ਦਿੱਤੇ ਹਰ ਸੱਦੇ ਨੂੰ ਸਫ਼ਲ ਬਣਾਉਣ ਦੇ ਦਿ੍ਰੜ੍ਹ ਨਿਸ਼ਚੇ ਨੂੰ ਸਲਾਮ ਕੀਤੀ ਗਈ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ, ‘ਸੰਯੁਕਤ ਕਿਸਾਨ ਮੋਰਚਾ ਹਰਿਆਣੇ ਦੇ ਸਾਰੇ ਕਿਸਾਨਾਂ ਨੂੰ ਕਿਸਾਨ ਅੰਦੋਲਨ ’ਚ ਸਰਗਰਮ ਸ਼ਮੂਲੀਅਤ ਅਤੇ ਹਰ ਸੱਦੇ ਨੂੰ ਸਫ਼ਲ ਬਣਾਉਣ ਲਈ ਵਧਾਈ ਦਿੰਦਾ ਹੈ’ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਸੰਯੁਕਤ ਕਿਸਾਨ ਮੋਰਚਾ ਨੇ ਭਾਜਪਾ ਤੇ ਇਸ ਦੇ ਸਹਿਯੋਗੀ ਪਾਰਟੀਆਂ ਦਾ ਸਮਾਜਿਕ ਬਾਈਕਾਟ ਕਰਨ ਦੀ ਮੰਗ ਕੀਤੀ ਹੈ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ‘ਕਿਸੇ ਵੀ ਸਮਾਜ ਵਿਰੋਧੀ ਅਨਸਰਾਂ ਨੂੰ ਸੰਘਰਸ਼ ਦਾ ਹਿੱਸਾ ਨਾ ਬਣਾਓ। ਅਮਨ-ਸ਼ਾਂਤੀ ਤੇ ਜਥੇਬੰਦਕ ਤਰੀਕਿਆਂ ਨਾਲ ਸੰਘਰਸ਼ ਅੱਗੇ ਵਧਾਇਆ ਜਾਵੇਗਾ।’
ਉਧਰ ਮੋਰਚੇ ’ਤੇ ਬੈਠੇ ਇਕ ਕਿਸਾਨ ਨੇ ਕਿਹਾ ਕਿ ਖੱਟਰ ਸਰਕਾਰ ਨੂੰ ਭੁਲੇਖਾ ਸੀ ਕਿ ਕਿਸਾਨ ਵਿਰੋਧ ਦਾ ਅਸਰ ਉਨ੍ਹਾਂ ਦੇ ਪ੍ਰੋਗਰਾਮ ’ਤੇ ਨਹੀਂ ਪਵੇਗਾ ਪਰ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਕ ਭਾਜਪਾ ਤੇ ਉਸ ਦੇ ਸਾਥੀ ਦਲਾਂ ਦਾ ਤਿੱਖਾ ਵਿਰੋਧ ਕਰਕੇ ਏਕੇ ਦੀ ਮਿਸਾਲ ਪੇਸ਼ ਕੀਤੀ ਹੈ। ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨੇ ਦਰਸਾ ਦਿੱਤਾ ਹੈ ਕਿ ਜ਼ਿੱਦੀ ਸਰਕਾਰ ਤੋਂ ਏਕਤਾ ਨਾਲ ਹੀ ਫ਼ੈਸਲੇ ਮਨਵਾਏ ਜਾ ਸਕਦੇ ਹਨ। ਲੁਧਿਆਣਾ ਦੇ ਕਈ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਕਿ ਖੱਟਰ ਸਰਕਾਰ ਵੱਲੋਂ ਉਸੇ ਰਾਤ ਸਮਝੌਤਾ ਕਰਨ ਤੋਂ ਸਾਫ਼ ਹੈ ਕਿ ਉਹ ਕਿਸਾਨਾਂ ਦੀ ਤਾਕਤ ਤੋਂ ਵਾਕਿਫ਼ ਹੋ ਚੁੱਕੀ ਹੈ। ਸਿੰਘੂ ਮੋਰਚੇ ਦੇ ਮੰਚ ਤੋਂ ਬੋਲਦਿਆਂ ਕਿਸਾਨ ਆਗੂ ਬਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਹੁਣ ਸਰਕਾਰ ਯਰਕੇਗੀ। ਹਰਜਿੰਦਰ ਸਿੰਘ ਟਾਂਡਾ ਮੁਤਾਬਕ ਇਹ ਕਿਸਾਨਾਂ ਦੀ ਜਿੱਤ ਹੈ ਤੇ ਉਹ ਮੋਰਚਾ ਵੀ ਫ਼ਤਿਹ ਕਰਨਗੇ।¿;

Share