ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰੀ ਮੰਤਰੀ ਤੇ ਉਸ ਦੇ ਪੁੱਤਰ ਨੂੰ ਗਿ੍ਰਫ਼ਤਾਰ ਕਰਨ ਦੀ ਮੰਗ

224
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ।
Share

ਨਵੀਂ ਦਿੱਲੀ, 7 ਅਕਤੂਬਰ (ਪੰਜਾਬ ਮੇਲ)- ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਹੈ ਕਿ ਲਖੀਮਪੁਰ ਖੀਰੀ ਵਿਚ ਕਿਸਾਨਾਂ ਦੀਆਂ ਸ਼ਹਾਦਤਾਂ ਲਈ ਜ਼ਿੰਮੇਵਾਰ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਫੌਰੀ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਕਤਲ ਕਰਨ ਦੇ ਮਾਮਲੇ ਦੇ ਮੁੱਖ ਮੁਲਜ਼ਮ ਉਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਫੌਰੀ ਗਿ੍ਰਫ਼ਤਾਰ ਕੀਤਾ ਜਾਵੇ।
ਮੋਰਚੇ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਰਿੰਦਰ ਸਿੰਘ ਹੁੱਡਾ ਅਤੇ ਲੀਗਲ ਸੈੱਲ ਦੇ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਯੂ. ਪੀ. ਸਰਕਾਰ ਲਖੀਮਪੁਰ ਖੀਰੀ ਜਾਣ ਵਾਲਿਆਂ ਨੂੰ ਰੋਕ ਕੇ ਭੜਕਾਹਟ ਪੈਦਾ ਕਰਨੀ ਬੰਦ ਕਰੇ। ਉਨ੍ਹਾਂ ਕਿਹਾ ਕਿ ਭਾਜਪਾ ਇਸ ਭੁਲੇਖੇ ’ਚ ਨਾ ਰਹੇ ਕਿ ਪਾਬੰਦੀਆਂ ਨਾਲ ਉਹ ਅੰਦੋਲਨ ਨੂੰ ਦਬਾ ਲਵੇਗੀ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਸ਼ਹੀਦ ਅਤੇ ਜ਼ਖ਼ਮੀ ਪਰਿਵਾਰਾਂ ਨਾਲ ਹਰ ਪੱਖੋਂ ਡਟ ਕੇ ਖੜ੍ਹਾ ਹੈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੱਕ ਉਹ ਕਾਨੂੰਨੀ ਮਦਦ ਵੀ ਦੇਵੇਗਾ। ਆਗੂਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਵਾਲੇ ਮਸਲੇ ’ਤੇ 8 ਅਕਤੂਬਰ ਨੂੰ ਮੋਰਚੇ ਦੀ ਮੀਟਿੰਗ ਕਰਕੇ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਭਾਜਪਾ ਕਿਸਾਨ ਸੰਘਰਸ਼ ਦਾ ਫੈਲਦਾ ਦਾਇਰਾ ਦੇਖ ਕੇ ਬੌਖਲਾਹਟ ’ਚ ਆ ਚੁੱਕੀ ਹੈ। ਭਾਜਪਾ ਨੇ ਘੋਲ ਦੇ ਦਾਇਰੇ ਨੂੰ ਲਗਾਤਾਰ ਸੀਮਤ ਦੱਸਣ ਦਾ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਪਰ ਭਾਰਤ ਬੰਦ ਨੇ ਭਾਜਪਾ ਦੇ ਇਸ ਬਿਰਤਾਂਤ ਦੀ ਫੂਕ ਕੱਢ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਦੀ ਘਟਨਾ ਨੇ ਕਿਸਾਨ ਘੋਲ ਨੂੰ ਦੇਸ਼ ਦੇ ਸਿਆਸੀ ਅਤੇ ਸਮਾਜਿਕ ਦਿ੍ਰਸ਼ ਉਪਰ ਹੋਰ ਉਭਾਰ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਲਖੀਮਪੁਰ ਦੀ ਘਟਨਾ ਭਾਜਪਾ ਦੇ ਸਿਆਸੀ ਕਫ਼ਨ ਵਿਚ ਆਖਰੀ ਕਿੱਲ ਸਾਬਿਤ ਹੋਵੇਗੀ ਅਤੇ ਕਿਸਾਨ ਅੰਦੋਲਨ ਦੀਆਂ ਲਪਟਾਂ ਹੁਣ ਪੂਰਬੀ ਤੇ ਕੇਂਦਰੀ ਯੂ. ਪੀ. ’ਚ ਵੀ ਉੱਠਣਗੀਆਂ। ਇਸ ਮੌਕੇ ਸੁਖਦਰਸ਼ਨ ਨੱਤ, ਚੌਧਰੀ ਮਹਿੰਦਰ ਸਿੰਘ ਰਾਣਾ, ਰਮੇਸ਼ ਸੁਡਾਣਾ, ਸੁਮਿਤ ਸ਼ਿਕਾਰਾ, ਦਿਲਬਾਗ ਸਿੰਘ ਦਲਾਲ ਆਦਿ ਆਗੂ ਵੀ ਹਾਜ਼ਰ ਸਨ।
ਤੇਜਿੰਦਰ ਸਿੰਘ ਵਿਰਕ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਨਿੰਦਾ
ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਵਿਜੈ ਮਿਸ਼ਰਾ ਨਾਂ ਦੇ ਵਿਅਕਤੀ ਵੱਲੋਂ ਦਰਜ ਮਾਮਲਾ ਤੁਰੰਤ ਵਾਪਸ ਲਿਆ ਜਾਵੇ। ਮੋਰਚੇ ਨੇ ਪੱਤਰਕਾਰ ਰਮਨ ਕਸ਼ਯਪ ਦੇ ਪਿਓ ਵੱਲੋਂ ਦਿੱਤੀ ਸ਼ਿਕਾਇਤ ਉਪਰ ਲਖੀਮਪੁਰ ਖੀਰੀ ਦੀ ਪੁਲਿਸ ਵੱਲੋਂ ਅਜੇ ਤੱਕ ਕਾਰਵਾਈ ਨਾ ਕਰਨ ਨੂੰ ਗ਼ਲਤ ਕਰਾਰ ਦਿੱਤਾ ਤੇ ਮੰਗ ਕੀਤੀ ਕਿ ਤੁਰੰਤ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

Share