ਸੰਯੁਕਤ ਕਿਸਾਨ ਮੋਰਚੇ ਨੇ ਆਸ਼ੀਸ਼ ਮਿਸ਼ਰਾ ਖ਼ਿਲਾਫ਼ ਲਾਈਆਂ ਧਾਰਾਵਾਂ ’ਤੇ ਚੁੱਕੇ ਸਵਾਲ

447
ਪ੍ਰਯਾਗਰਾਜ ’ਚ ਕਿਸਾਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਆਗੂ।
Share

-ਘਟਨਾ ਨਾਲ ਸਬੰਧਤ ਸਬੂਤਾਂ ਨਾਲ ਛੇੜਛਾੜ ਹੋਣ ਦਾ ਖਦਸ਼ਾ ਜਤਾਇਆ
ਨਵੀਂ ਦਿੱਲੀ, 11 ਅਕਤੂਬਰ (ਪੰਜਾਬ ਮੇਲ)- ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ‘ਟੇਨੀ’ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਗਿ੍ਰਫ਼ਤਾਰੀ ਲਈ ਲਾਈਆਂ ਧਾਰਾਵਾਂ ਉਪਰ ਸਵਾਲ ਉਠਾਉਂਦਿਆਂ ਕਿਹਾ ਕਿ ਅਜੈ ਮਿਸ਼ਰਾ ਦੇ ਕੇਂਦਰੀ ਵਜ਼ਾਰਤ ਵਿਚ ਰਹਿੰਦਿਆਂ ਇਸ ਕੇਸ ’ਚ ਨਿਰਪੱਖ ਜਾਂਚ ਮੁਸ਼ਕਲ ਹੈ। ਕਿਸਾਨ ਆਗੂਆਂ ਨੇ ਘਟਨਾ ਵਾਲੀ ਥਾਂ ਤੋਂ ਸਬੂਤਾਂ ਨਾਲ ਛੇੜਛਾੜ ਕੀਤੇ ਜਾਣ ਦੇ ਖਦਸ਼ੇ ਵੀ ਪ੍ਰਗਟਾਏ ਹਨ। ਮੋਰਚੇ ਨੇ ਕੇਂਦਰ ਸਰਕਾਰ ਨੂੰ ਅਜੈ ਮਿਸ਼ਰਾ ਨੂੰ ਕੇਂਦਰੀ ਵਜ਼ਾਰਤ ਵਿਚੋਂ ਬਰਖ਼ਾਸਤ ਕਰਨ ਲਈ 11 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੋਇਆ ਹੈ, ਜਿਸ ਮਗਰੋਂ ਮੋਰਚੇ ਵੱਲੋਂ ਕੌਮੀ ਪੱਧਰ ਦਾ ਸੰਘਰਸ਼ ਵਿੱਢਿਆ ਜਾਵੇਗਾ।
ਮੋਰਚੇ ਦੇ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਅਜੈ ਮਿਸ਼ਰਾ ਦਾ ਮੋਦੀ ਸਰਕਾਰ ਵਿਚ ਮੰਤਰੀ ਬਣੇ ਰਹਿਣਾ ਸਮਝ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਰਾਜ ਮੰਤਰੀ ਦੀ ਦੁਸ਼ਮਣੀ ਤੇ ਨਫ਼ਤਰ ਭੜਕਾਉਣ, ਅਪਰਾਧਿਕ ਸਾਜ਼ਿਸ਼ ਤੇ ਕਥਿਤ ਕਾਤਲਾਂ ਨੂੰ ਪਨਾਹ ਦੇਣ ਅਤੇ ਨਿਆਂ ’ਚ ਰੁਕਾਵਟ ਪਾਉਣ ’ਚ ਕਥਿਤ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਵਜੋਂ ਅਜੈ ਮਿਸ਼ਰਾ ਦੇ ਮੋਦੀ ਸਰਕਾਰ ਵਿਚ ਰਹਿਣ ਨਾਲ ਨਿਰਪੱਖ ਜਾਂਚ ਮੁਸ਼ਕਲ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਆਸ਼ੀਸ਼ ਮਿਸ਼ਰਾ ਨੂੰ ਲਖੀਮਪੁਰ ਖੀਰੀ ਕਿਸਾਨ ਕਤਲੇਆਮ ਦੀ ਜਾਂਚ ਵਿਚ ਸਹਿਯੋਗ ਨਾ ਕਰਨ ਦੇ ਆਧਾਰ ’ਤੇ ਗਿ੍ਰਫ਼ਤਾਰ ਕੀਤਾ ਗਿਆ ਹੈ। ਸ਼ੁਰੂਆਤੀ ਸੰਮਨ 160 ਸੀ.ਆਰ.ਪੀ.ਸੀ. ਦੇ ਸਨ, ਜੋ ਗਵਾਹਾਂ ਲਈ ਹਨ, ਜਿਸ ਤੋਂ ਸਾਫ਼ ਹੈ ਕਿ ਆਸ਼ੀਸ਼ ਨੂੰ ਨਿਰਦੋਸ਼ ਕਿਸਾਨਾਂ ਦੇ ਕਥਿਤ ਦੋਸ਼ੀ ਵਜੋਂ ਨਹੀਂ ਲਿਆ ਜਾ ਰਿਹਾ। ਇਸ ਕਾਰਨ ਐੱਸ.ਆਈ.ਟੀ. ਦੀ ਜਾਂਚ ਪ੍ਰਕਿਰਆ ’ਤੇ ਭਰੋਸਾ ਨਹੀਂ ਹੁੰਦਾ। ਕਿਸਾਨ ਆਗੂਆਂ ਗੁਰਨਾਮ ਸਿੰਘ ਚੜੂਨੀ ਤੇ ਜਗਜੀਤ ਸਿੰਘ ਡੱਲੇਵਾਲ ਨੇ ਸਬੂਤ ਸੁਰੱਖਿਅਤ ਕਰਨ ਤੇ ਰਿਪੋਰਟ ਸਿੱਧੀ ਸੁਪਰੀਮ ਕੋਰਟ ਨੂੰ ਦੇਣ ਦੀ ਅਪੀਲ ਕੀਤੀ ਹੈ।
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਪਿੰਡ ਔਧਿਗੀ ਤਰਹਰ ’ਚ ਕਿਸਾਨ ਮਜ਼ਦੂਰ ਮਹਾਂਪੰਚਾਇਤ ਹੋਈ, ਜਿਸ ਦੌਰਾਨ ਵੱਡੀ ਗਿਣਤੀ ’ਚ ਕਿਸਾਨ, ਮਜ਼ਦੂਰ ਤੇ ਆਮ ਲੋਕ ਸ਼ਾਮਲ ਹੋਏ। ਇਸ ਦੌਰਾਨ ਖੇਤੀ ਕਾਨੂੰਨ ਰੱਦ ਕਰਨ ਦੇ ਨਾਲ-ਨਾਲ ਲਖੀਮਪੁਰ ਖੀਰੀ ’ਚ ਕਿਸਾਨ ਕਤਲੇਆਮ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਆਵਾਜ਼ ਉਠਾਈ ਗਈ। ਮਹਾਂਪੰਚਾਇਤ ਦੌਰਾਨ ਲੋਕਾਂ ਨੂੰ ਤਿਕੋਨੀਆ ’ਚ ਹੋਣ ਵਾਲੀ ਸ਼ਹੀਦਾਂ ਦੀ ਅੰਤਿਮ ਅਰਦਾਸ ’ਚ ਸ਼ਮੂਲੀਅਤ ਦੀ ਅਪੀਲ ਕੀਤੀ ਗਈ।

Share