ਸੰਯੁਕਤ ਕਿਸਾਨ ਮੋਰਚਾ ਵੱਲੋਂ ਲਖੀਮਪੁਰ ਖੀਰੀ ’ਚ 75 ਘੰਟਿਆਂ ਦਾ ਧਰਨਾ ਸ਼ੁਰੂ

39
Share

ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼), 18 ਅਗਸਤ (ਪੰਜਾਬ ਮੇਲ) – ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਬਰਖ਼ਾਸਤਗੀ ਸਮੇਤ ਵੱਖ-ਵੱਖ ਮੰਗਾਂ ਲਈ ਅੱਜ ਸਵੇਰੇ ਰਾਜਾਪੁਰ ਮੰਡੀ ਕਮੇਟੀ ਕੰਪਲੈਕਸ ਵਿੱਚ 75 ਘੰਟੇ ਦਾ ਧਰਨਾ ਸ਼ੁਰੂ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਟਿਕੈਤ ਦੇ ਜ਼ਿਲ੍ਹਾ ਪ੍ਰਧਾਨ ਅਤੇ ਇਸ ਧਰਨੇ ਦੇ ਸਥਾਨਕ ਕਨਵੀਨਰ ਦਿਲਬਾਗ ਸਿੰਘ ਸੰਧੂ ਨੇ ਦੱਸਿਆ ਕਿ ਬੁੱਧਵਾਰ ਨੂੰ ਹੀ ਧਰਨਾ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਟਿਕੈਤ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ, ਕੌਮੀ ਜਥੇਬੰਦਕ ਸਕੱਤਰ ਭੂਦੇਵ ਸ਼ਰਮਾ ਅਤੇ ਜਥੇਬੰਦੀ ਦੇ ਹੋਰ ਪ੍ਰਮੁੱਖ ਆਗੂ ਇੱਥੇ ਪਹੁੰਚ ਗਏ ਸਨ। 75 ਘੰਟੇ ਦੇ ਧਰਨੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਕਈ ਹੋਰ ਆਗੂ ਵੀ ਸ਼ਾਮਲ ਹੋਣਗੇ। ਰਾਜਾਪੁਰ ਮੰਡੀ ਕਮੇਟੀ ਦੇ ਅਹਾਤੇ ਵਿੱਚ ਕਿਸਾਨਾਂ ਦੇ ਇਸ ਧਰਨੇ ਵਿੱਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਉੱਤਰਾਖੰਡ, ਪੰਜਾਬ ਅਤੇ ਹਰਿਆਣਾ ਦੇ ਕਿਸਾਨ ਵੀ ਪਹੁੰਚ ਰਹੇ ਹਨ। ਇਸ ਧਰਨੇ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਜਾਜ਼ਤ ਲੈਣ ਦੇ ਸਵਾਲ ‘ਤੇ ਸ੍ਰੀ ਸੰਧੂ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਹੈ। ਹਾਲਾਂਕਿ ਨਾ ਕੋਈ ਲਿਖਤੀ ਇਜਾਜ਼ਤ ਮੰਗੀ ਜਾਂ ਨਾ ਹੀ ਮਿਲੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ, ਸਾਫ਼-ਸਫ਼ਾਈ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਕੀਤੇ ਗਏ ਹਨ।


Share