ਸੰਯੁਕਤ ਅਰਬ ਅਮੀਰਾਤ ਵੱਲੋਂ 6 ਹੋਰ ਅਮੀਰਾਤ ਤੋਂ ਆਉਣ ਵਾਲੇ ਲੋਕਾਂ ਲਈ ਨੈਗੇਟਿਵ ਰਿਪੋਰਟ ਵਾਲੀ ਨੀਤੀ ਖਤਮ ਕਰਨ ਦਾ ਐਲਾਨ

1034
Share

ਦੁਬਈ, 20 ਸਤੰਬਰ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਨੇ ਆਪਣੇ ਇੱਥੇ ਦੂਜੇ ਅਮੀਰਾਤ ਤੋਂ ਆਉਣ ਵਾਲੇ ਲੋਕਾਂ ਲਈ ਤਾਜ਼ਾ ਕੋਰੋਨਾ ਵਾਇਰਸ ਨੈਗੇਟਿਵ ਰਿਪੋਰਟ ਦੀ ਜ਼ਰੂਰਤ ਵਾਲੀ ਨੀਤੀ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਆਬੂ ਧਾਬੀ ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ। ਇਸ ਵਿਚ ਕਿਹਾ ਗਿਆ ਕਿ ਸੰਯੁਕਤ ਅਰਬ ਅਮੀਰਾਤ ਦੇ 6 ਹੋਰ ਅਮੀਰਾਤ ਤੋਂ ਆਉਣ ਵਾਲੇ ਲੋਕ ਐਤਵਾਰ ਤੋਂ ਬਿਨਾਂ ਜਾਂਚ ਦੇ ਵੀ ਰਾਜਧਾਨੀ ਵਿਚ ਪ੍ਰਵੇਸ਼ ਕਰ ਸਕਦੇ ਹਨ।
ਹੁਣ ਤੱਕ ਦੂਜੇ ਅਮੀਰਾਤ ਤੋਂ ਆਬੂ ਧਾਬੀ ਜਾਣ ਵਾਲਿਆਂ ਨੂੰ ਕੋਰੋਨਾ ਵਾਇਰਸ ਜਾਂਚ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੁੰਦੀ ਸੀ। ਨਾਲ ਹੀ ਇੱਥੇ ਨਿਯਮ ਸੀ ਕਿ ਇਹ ਰਿਪੋਰਟ 72 ਘੰਟਿਆਂ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ। ਦੱਸ ਦੇਈਏ ਕਿ 7 ਅਮੀਰਾਤ ਨੂੰ ਮਿਲਾ ਕੇ ਸੰਯੁਕਤ ਅਰਬ ਅਮੀਰਾਤ ਦੇਸ਼ ਦਾ ਗਠਨ ਕੀਤਾ ਗਿਆ ਸੀ। ਆਬੂ ਧਾਬੀ ਦੀ ਅਰਥ ਵਿਵਸਥਾ ਕਾਫ਼ੀ ਹੱਦ ਤੱਕ ਤੇਲ ’ਤੇ ਟਿਕੀ ਹੈ। ਆਬੂ ਧਾਬੀ ਨੇ ਕੋਰੋਨਾ ਦੇ ਮੱਦੇਨਜ਼ਰ ਕਈ ਮਹੀਨਿਆਂ ਲਈ ਯਾਤਰਾ ’ਤੇ ਪਾਬੰਦੀ ਲਗਾ ਦਿੱਤੀ ਸੀ, ਜਦੋਂਕਿ ਉਸ ਦੇ ਗੁਆਂਢੀ ਦੁਬਈ ਨੇ ਤੇਜ਼ੀ ਨਾਲ ਸੈਲਾਨੀਆਂ ਨੂੰ ਆਪਣੇ ਇੱਥੇ ਆਉਣ ਦੀ ਇਜਾਜ਼ਤ ਦਿੱਤੀ ਸੀ। ਹਾਲਾਂਕਿ ਅਜੇ ਵੀ ਆਬੂ ਧਾਬੀ ਨੇ ਕੁੱਝ ਜਨਤਕ ਸਥਾਨਾਂ ’ਤੇ ਪ੍ਰਵੇਸ਼ ਲਈ ਟੀਕਾਕਰਨ ਸਰਟੀਫ਼ਿਕੇਟ ਦੀ ਜ਼ਰੂਰਤ ਨੂੰ ਜ਼ਰੂਰੀ ਕੀਤਾ ਹੋਇਆ ਹੈ।
ਆਬੂ ਧਾਬੀ ਨੇ ਇਹ ਫ਼ੈਸਲਾ ਪਾਜ਼ੇਟਿਵਿਟੀ ਰੇਟ ਦੇ ਘੱਟ ਕੇ 0.2 ਫ਼ੀਸਦੀ ’ਤੇ ਆਉਣ ਦੇ ਬਾਅਦ ਕੀਤਾ ਹੈ। ਇਸ ਦਾ ਮਤਲਬ ਹੈ ਕਿ ਉਥੇ ਹੁਣ 100 ਲੋਕਾਂ ਦੇ ਕੋਰੋਨਾ ਟੈਸਟ ਕਰਾਉਣ ’ਤੇ ਸਿਰਫ਼ 0.02 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆ ਰਹੀ ਹੈ। ਆਬੂ ਧਾਬੀ ਦੀ ਯਾਤਰਾ ਪਾਬੰਦੀ ਦਾ ਸਭ ਤੋਂ ਜ਼ਿਆਦਾ ਅਸਰ ਕੰਮ ਲਈ ਰੋਜ਼ਾਨਾ ਆਬੂ ਧਾਬੀ ਤੋਂ ਦੁਬਈ ਆਉਣ-ਜਾਣ ਵਾਲੇ ਲੋਕਾਂ ’ਤੇ ਹੋਇਆ ਸੀ। ਦੱਸ ਦੇਈਏ ਕਿ ਆਬੂ ਧਾਬੀ ਅਤੇ ਦੁਬਈ ਵਿਚ ਭਾਰਤੀ ਭਾਈਚਾਰਾ ਵੀ ਵੱਡੀ ਗਿਣਤੀ ਵਿਚ ਰਹਿੰਦਾ ਹੈ।

Share