ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਦੇਣ ਆਏ ਸਿਆਸਤਦਾਨਾਂ ਨੂੰ ਕਰਨਾ ਪਿਆ ਕਿਸਾਨਾਂ ਦੇ ਰੋਹ ਸਾਹਮਣਾ

443
ਲੌਂਗੋਵਾਲ ’ਚ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦੀ ਗੱਡੀ ਦਾ ਘਿਰਾਓ ਕਰਦੇ ਹੋਏ ਕਿਸਾਨ।
Share

-ਕੈਬਨਿਟ ਮੰਤਰੀ ਧਰਮਸੋਤ ਤੇ ਵਿਜੈਇੰਦਰ ਸਿੰਗਲਾ ਦਾ ਵਿਰੋਧ; ਚੰਦੂਮਾਜਰਾ ਨੂੰ ਘੇਰਿਆ; ਸੁਖਬੀਰ ਬਾਦਲ ਵੱਲੋਂ ਦੌਰਾ ਰੱਦ
ਸੰਗਰੂਰ/ਲੌਂਗੋਵਾਲ, 20 ਅਗਸਤ (ਪੰਜਾਬ ਮੇਲ)- ਲੌਂਗੋਵਾਲ ’ਚ ਅੱਜ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਰੱਖੇ ਸਮਾਗਮ ’ਚ ਪੁੱਜੇ ਪੰਜਾਬ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਨੂੰ ਜਿਥੇ ਸੈਂਕੜੇ ਕਿਸਾਨਾਂ ਦੇ ਜ਼ਬਰਦਸਤ ਰੋਹ ਦਾ ਸਾਹਮਣਾ ਕਰਨਾ ਪਿਆ, ਉਥੇ ਕਿਸਾਨਾਂ ਵੱਲੋਂ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਮਾਗਮ ’ਚ ਦਾਖ਼ਲ ਹੀ ਨਹੀਂ ਹੋਣ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਕਿਸਾਨਾਂ ਦੇ ਘੇਰੇ ’ਚੋਂ ਨਿਕਲ ਕੇ ਬੈਰੰਗ ਪਰਤਣਾ ਪਿਆ। ਵੱਡੀ ਤਾਦਾਦ ’ਚ ਇਕੱਠੇ ਹੋਏ ਕਿਸਾਨਾਂ ਵੱਲੋਂ ਸਿਆਸੀ ਲੀਡਰਾਂ ਦਾ ਕਾਲੇ ਝੰਡਿਆਂ ਨਾਲ ਜ਼ਬਰਦਸਤ ਵਿਰੋਧ ਕੀਤੇ ਜਾਣ ਕਾਰਨ ਦੁਪਹਿਰ ਤੱਕ ਲੌਂਗੋਵਾਲ ’ਚ ਮਾਹੌਲ ਤਣਾਅਪੂਰਨ ਬਣਿਆ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਦੇਣ ਪੁੱਜਣਾ ਸੀ, ਪਰ ਕਿਸਾਨਾਂ ਦੇ ਵਿਰੋਧ ਕਾਰਨ ਉਨ੍ਹਾਂ ਲੌਂਗੋਵਾਲ ਦੌਰਾ ਰੱਦ ਕਰ ਦਿੱਤਾ।
ਲੌਂਗੋਵਾਲ ਦੀ ਅਨਾਜ ਮੰਡੀ ’ਚ ਕੈਬਨਿਟ ਮੰਤਰੀਆਂ ਦੀਆਂ ਗੱਡੀਆਂ ਦਾ ਘਿਰਾਓ ਕਰਨ ਲਈ ਦੌੜਦੇ ਹੋਏ ਕਿਸਾਨ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਲੌਂਗੋਵਾਲ ਅਤੇ ਜ਼ਿਲ੍ਹਾ ਕਨਵੀਨਰ ਜਸਦੀਪ ਸਿੰਘ ਬਹਾਦਰਪੁਰ ਨੇ ਕਿਹਾ ਕਿ ਸਿਆਸਤਦਾਨ ਸੰਤ ਲੌਂਗੋਵਾਲ ਦੀ ਬਰਸੀ ’ਤੇ ਸਿਆਸੀ ਰੋਟੀਆਂ ਸੇਕਣ ਆਏ ਸੀ, ਜਿਨ੍ਹਾਂ ਦਾ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ’ਤੇ ਅੰਦੋਲਨ ਦੌਰਾਨ 600 ਕਿਸਾਨ ਸ਼ਹੀਦ ਹੋ ਚੁੱਕੇ ਹਨ। ਸਿਆਸੀ ਆਗੂ ਕਿਸਾਨਾਂ ਨਾਲ ਖੜ੍ਹਨ ਦੀ ਬਜਾਏ ਚੋਣਾਂ ਦਾ ਮਾਹੌਲ ਬਣਾਉਣਾ ਚਾਹੁੰਦੇ ਹਨ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਉਂ ਹੀ ਕਿਸਾਨਾਂ ਨੂੰ ਸੁਖਬੀਰ ਬਾਦਲ ਦਾ ਦੌਰਾ ਰੱਦ ਹੋਣ ਦੀ ਸੂਚਨਾ ਮਿਲੀ, ਤਾਂ ਉਨ੍ਹਾਂ ਗੁਰਦੁਆਰਾ ਕੈਂਬੋਵਾਲ ਮੂਹਰੇ ਲਾਇਆ ਧਰਨਾ ਚੁੱਕ ਲਿਆ।


Share