ਸੰਤ ਅਵਤਾਰ ਸਿੰਘ ਦੀ ਬਰਸੀ ਸ਼ਰਧਾ ਨਾਲ ਮਨਾਈ

109
Share

ਕੋਵਿਡ ਦੌਰਾਨ ਪਿੰਡਾਂ ’ਚ ਸਾਂਝੇ ਉਦਮ ਕਰਨ ਦਾ ਸੱਦਾ
ਸੁਲਤਾਨਪੁਰ ਲੋਧੀ/ਨਕੋਦਰ, 28 ਮਈ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਸ੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 33ਵੀਂ ਬਰਸੀ ਨਿਰਮਲ ਕੁਟੀਆ ਸੀਚੇਵਾਲ ਵਿਚ ਧਾਰਮਿਕ ਰੁਹ-ਰੀਤਾਂ ਨਾਲ ਮਨਾਈ ਗਈ। ਕੋਵਿਡ ਦੇ ਚੱਲਦਿਆਂ ਇਸ ਵਾਰ ਵੀ ਇਲਾਕੇ ਭਰ ਦੀਆਂ ਸੰਗਤਾਂ ਨੂੰ ਇਸ ਸਮਾਗਮ ’ਚ ਸ਼ਾਮਲ ਹੋਣ ਦਾ ਕੋਈ ਸੱਦਾ ਨਹੀਂ ਸੀ ਦਿੱਤਾ ਗਿਆ। ਬਰਸੀ ਮੌਕੇ ਕਰਵਾਏ ਗਏ ਸੰਖੇਪ ਸਮਾਗਮ ਨੂੰ ਸੋਸ਼ਲ ਮੀਡੀਆ ਰਾਹੀ ਸੰਗਤਾਂ ਤੱਕ ਪਹੁੰਚਾਇਆ ਗਿਆ। ਇਸ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਮਹਾਮਾਰੀ ਕੋਵਿਡ ਤੋਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਦੀ ਮਦਦ ਨਾਲ ਪੰਜ ਕੰਨਸਟਰੈਟਰ ਲੈ ਕੇ ਦਿੱਤੇ ਹਨ। ਇਨ੍ਹਾਂ ਵਿਚੋਂ ਤਿੰਨ ਲੋੜਵੰਦਾਂ ਨੂੰ ਦਿੱਤੇ ਜਾ ਚੁੱਕੇ ਹਨ। ਕੋਵਿਡ ਕਿੱਟਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਪਿੰਡ ਵਿਚ ਇਕਾਂਤਵਾਸ ਕੇਂਦਰ ਬਣਾਇਆ ਗਿਆ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਪਿੰਡਾਂ ਵਿਚ ਕਰੋਨਾ ਦੇ ਮਰੀਜ਼ਾਂ ਦੀ ਸੰਭਾਲ ਰਲ-ਮਿਲ ਕੇ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨਾਲ ਹਮਦਰਦੀ ਵਾਲਾ ਵਿਵਹਾਰ ਕੀਤਾ ਜਾਵੇ, ਨਾ ਕਿ ਨਫ਼ਰਤ ਵਾਲਾ।
ਸੰਤ ਸੀਚੇਵਾਲ ਨੇ ਦੱਸਿਆ ਕਿ ਮਹਾਂਮਾਰੀ ਸਾਰੀ ਦੁਨੀਆਂ ਲਈ ਚਣੌਤੀ ਬਣੀ ਹੋਈ ਹੈ ਤੇ ਇਸ ਦੀ ਤੀਜੀ ਸੰਭਾਵੀ ਲਹਿਰ ਲਈ ਹੁਣ ਤੋਂ ਹੀ ਤਿਆਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਡਰ ਨਾਲੋਂ ਚੌਕਸੀ ਵਰਤਣ ਨਾਲ ਬਚਾਅ ਸੰਭਵ ਹੋ ਸਕਦਾ ਹੈ।
ਇਸ ਮੌਕੇ ਸੰਤ ਲੀਡਰ ਸਿੰਘ, ਸੰਤ ਜਗਜੀਤ ਸਿੰਘ ਲੋਪੋਕੇ, ਸੰਤ ਪ੍ਰਗਟ ਨਾਥ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਗੁਰਮੇਜ਼ ਸਿੰਘ ਸੈਦਰਾਣਾ, ਸੰਤ ਗੁਰਚਰਨ ਸਿੰਘ ਪੰਡਵਾ ਵਾਲੇ, ਸੰਤ ਦਵਿੰਦਰ ਸਿੰਘ ਕੱਚੀ ਸਰਾਂ, ਸੰਤ ਨਿਰਮਲ ਸਿੰਘ ਪਿਹੋਵਾ ਤੇ ਹੋਰ ਧਾਰਮਿਕ ਸ਼ਖਸੀਅਤਾਂ ਹਾਜ਼ਰ ਸਨ। ਇਲਾਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ: ਅਮਰਜੀਤ ਸਿੰਘ ਥਿੰਦ, ਆਪ ਦੇ ਆਗੂ ਰਤਨ ਸਿੰਘ ਕਾਕੜ ਕਲਾਂ, ਬਚਿਤਰ ਸਿੰਘ ਕੋਹਾੜ ਨੇ ਧਾਰਮਿਕ ਸਮਾਗਮ ਵਿਚ ਹਾਜ਼ਰੀ ਭਰੀ। ਇਸ ਮੌਕੇ ਸੰਤ ਸੁਖਜੀਤ ਸਿੰਘ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ।

Share