ਸੰਘੀ ਗੈਸ ਟੈਕਸ ਤੋਂ ਛੋਟ ਬਾਰੇ ਫੈਸਲਾ ਇਸ ਹਫਤੇ ਦੇ ਅੰਤ ਵਿਚ : ਜੋਅ ਬਾਇਡਨ

16
Share

* ਘੱਟਣਗੀਆਂ ਗੈਸ ਦੀਆਂ ਕੀਮਤਾਂ, ਕਾਰਪੋਰੇਸ਼ਨਜ ਉਪਰ ਟੈਕਸ ਵਧਾਉਣ ਦੀ ਯੋਜਨਾ
ਸੈਕਰਾਮੈਂਟੋ, 21 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਗੈਸ ਦੀਆਂ ਵਧੀਆਂ ਕੀਮਤਾਂ ਕਾਰਨ ਬਣੇ ਦਬਾਅ ਦੇ ਦਰਮਿਆਨ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਉਹ ਸੰਘੀ ਗੈਸ ਟੈਕਸ ਤੋਂ ਛੁਟਕਾਰਾ ਦਿਵਾਉਣ ਬਾਰੇ ਵਿਚਾਰ ਕਰ ਰਹੇ ਹਨ ਤੇ ਉਹ ਇਸ ਸਬੰਧੀ ਐਲਾਨ ਇਸ ਹਫਤੇ ਦੇ ਅੰਤ ਵਿਚ ਕਰ ਸਕਦੇ ਹਨ। ਬਾਇਡਨ ਪ੍ਰਸ਼ਾਸਨ ਮੱਧਕਾਲੀ ਚੋਣ ਸਾਲ ਹੋਣ ਕਾਰਨ ਗੈਸ ਦੀਆਂ ਕੀਮਤਾਂ ਘਟਾਉਣ ਦੇ ਢੰਗ-ਤਰੀਕੇ ਲੱਭ ਰਿਹਾ ਹੈ। ਕੁਝ ਡੈਮੋਕ੍ਰੈਟਿਕ ਕਾਨੂੰਨ ਘਾੜੇੇ ਰਾਸ਼ਟਰਪਤੀ ਉਪਰ ਗੈਸ ਦੀ ਕੀਮਤ ਘਟਾਉਣ ਲਈ ਪਿਛਲੇ ਸਮੇਂ ਤੋਂ ਦਬਾਅ ਬਣਾ ਰਹੇ ਹਨ। ਰਾਸ਼ਟਰਪਤੀ ਨੇ ਰੇਹੋਬੋਥ ਬੀਚ, ਡੈਲਾਵੇਰ ਵਿਚ ਛੁੱਟੀ ਮਨਾਉਣ ਮੌਕੇ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਅੰਕੜਾ ਆਧਾਰਿਤ ਨਿਰਣਾ ਇਸ ਹਫਤੇ ਲੈ ਲਿਆ ਜਾਵੇਗਾ। ਅਮੈਰੀਕਨ ਆਟੋਮੋਬਾਇਲ ਐਸੋਸੀਏਸ਼ਨ ਅਨੁਸਾਰ ਪ੍ਰਤੀ ਗੈਲਨ ਗੈਸ ਉਪਰ ਸੰਘੀ ਗੈਸ ਟੈਕਸ 18.4 ਸੈਂਟ ਹੈ। ਇਸ ਤੋਂ ਇਲਾਵਾ 18.3 ਸੈਂਟ ਐਕਸਾਈਜ ਟੈਕਸ ’ਤੇ 0.1% ਸਟੋਰੇਜ ਫੀਸ ਲਾਗੂ ਹੈ। ਡੀਜ਼ਲ ਉਪਰ ਸੰਘੀ ਟੈਕਸ 24.3 ਸੈਂਟ ’ਤੇ 0.1 ਸੈਂਟ ਫੀਸ ਲਾਗੂ ਹੈ। ਇਸ ਸਮੇਂ ਇਕ ਗੈਲਨ ਗੈਸ ਦੀ ਰਾਸ਼ਟਰੀ ਔਸਤ ਕੀਮਤ 4.981 ਡਾਲਰ ਹੈ। ਬਾਇਡਨ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਬੀਤੇ ਐਤਵਾਰ ਕਿਹਾ ਸੀ ਕਿ ਪ੍ਰਸ਼ਾਸਨ ਸੰਘੀ ਗੈਸ ਟੈਕਸ ਮੁਲਤਵੀ ਕਰ ਸਕਦਾ ਹੈ। ਬਾਇਡਨ ਨੇ ਹੋਰ ਕਿਹਾ ਕਿ ਉਨ੍ਹਾਂ ਨੇ ਕਲਿੰਟਨ ਪ੍ਰਸ਼ਾਸਨ ਵਿਚ ਰਹੇ ਖਜ਼ਾਨਾ ਸਕੱਤਰ ਤੇ ਓਬਾਮਾ ਪ੍ਰਸ਼ਾਸਨ ਵਿਚ ਰਹੇ ਆਰਥਿਕ ਸਲਾਹਕਾਰ ਲੈਰੀ ਸਮਰਸ ਨਾਲ ਵਿਚਾਰ-ਵਟਾਂਦਰਾ ਕੀਤਾ ਹੈ, ਜਿਨ੍ਹਾਂ ਨੇ ਮੰਦੇ ਦੀ ਸੰਭਾਵਨਾ ਬਾਰੇ ਚੌਕਸ ਕੀਤਾ ਹੈ, ਜਦਕਿ ਫੈਡਰਲ ਰਿਜ਼ਰਵ ਨੇ ਸਿੱਕੇ ਦੇ ਫੈਲਾਅ ਨੂੰ ਘਟਾਉਣ ਦੇ ਮਕਸਦ ਨਾਲ ਵਿਆਜ ਦਰਾਂ ਵਧਾ ਦਿੱਤੀਆਂ ਹਨ। ਬਾਇਡਨ ਨੇ ਕਿਹਾ ਕਿ ਮੰਦੇ ਬਾਰੇ ਨਿਸ਼ਚਿਤ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤੇਲ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਇਸ ਹਫਤੇ ਮੀਟਿੰਗ ਕਰਨ ਦੀ ਯੋਜਨਾ ਹੈ, ਜਿਸ ਵਿਚ ਉਹ ਉਨ੍ਹਾਂ ਕੋਲੋਂ ਪੁੱਛਣਗੇ ਕਿ ਉਹ 2022 ਦੀ ਪਹਿਲੀ ਤਿਮਾਹੀ ਦੌਰਾਨ 35 ਅਰਬ ਡਾਲਰ ਕਮਾਉਣ ਨੂੰ ਕਿਸ ਤਰ੍ਹਾਂ ਉੁਚਿਤ ਠਹਿਰਾਅ ਸਕਦੇ ਹਨ। ਰਾਸ਼ਟਰਪਤੀ ਨੇ ਹੋਰ ਕਿਹਾ ਕਿ ਉਹ ਸਿਹਤ ਉਪਰ ਹੁੰਦੇ ਖਰਚ ਨੂੰ ਘਟਾਉਣ ਬਾਰੇ ਵਿਚਾਰ ਕਰ ਰਹੇ ਹਨ ਤੇ ਆਸ ਹੈ ਕਿ ਇਸ ਮਾਮਲੇ ਵਿਚ ਕਾਂਗਰਸ ਉਨ੍ਹਾਂ ਦਾ ਸਮਰਥਨ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਮੈਡੀਕੇਅਰ ਵਿਚ ਤਬਦੀਲੀ ਕਰਨ ਤੇ ਇੰਸੂਲਿਨ ਲਾਗਤ ਘੱਟ ਕਰਨ ਵਿਚ ਸਫਲ ਹੋ ਜਾਵਾਂਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਤਜਵੀਜ਼ਾਂ ਲਈ ਪੈਸਾ ਜੁਟਾਉਣ ਵਾਸਤੇ ਉਹ ਕਾਰਪੋਰੇਸ਼ਨਜ਼ ਉਪਰ ਟੈਕਸ ਵਧਾਉਣਾ ਚਾਹੁੰਦੇ ਹਨ ਪਰੰਤੂ ਟੈਕਸ ਪ੍ਰਣਾਲੀ ’ਚ ਸਮੁੱਚੇ ਤੌਰ ’ਤੇ ਸੁਧਾਰ ਲਈ ਸੈਨੇਟ ਅੜਿੱਕਾ ਖੜ੍ਹਾ ਸਕਦੀ ਹੈ।

Share