ਸੰਘਰਸ਼ਸ਼ੀਲ ਸਿੱਖਾਂ ਦੀਆਂ ਪੰਜਾਬ ‘ਚ ਜਾਇਦਾਦਾਂ ਕੁਰਕ ਕਰਨਾ ਭਾਰਤੀ ਹਕੂਮਤ ਦੀ ਬੁਖਲਾਹਟ ਦੀ ਨਿਸ਼ਾਨੀ

561
Share

-ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਇਦਾਦਾਂ ਕੁਰਕ ਕਰਨ ਦਾ ਕੀਤਾ ਡੱਟਵਾਂ ਵਿਰੋਧ
ਨਿਊਯਾਰਕ, 16 ਸਤੰਬਰ (ਪੰਜਾਬ ਮੇਲ)- ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਹਮੇਸ਼ਾ ਜਬਰ ਦਾ ਸਬਰ ਨਾਲ ਵਿਰੋਧ ਕਰਦੀ ਆਈ ਹੈ, ਹੁਕਮਰਾਨ ਜ਼ਾਲਮਾਂ ਨੇ ਜਦੋਂ ਕਦੇ ਵੀ ਸਿੱਖਾਂ ਦੇ ਘਰ-ਬਾਰ ਉਜਾੜੇ, ਸਿੱਖਾਂ ਦੇ ਰੁਜ਼ਗਾਰ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ, ਤਾਂ ਸਿੱਖ ਕੌਮੀ ਮਰਜੀਵੜਿਆਂ ਨੇ ਮੰਨੂੰ ਵਰਗਿਆਂ ਨੂੰ ਜਵਾਬ ਦੇਣ ਲਈ ਕਹਾਵਤਾਂ ਬਣਾ ਲਈਆਂ ”ਮੰਨੂੰ ਸਾਡੀ ਦਾਤਰੀ, ਅਸੀਂ ਮੰਨੂੰ ਦੇ ਸੋਏ। ਉਹ ਜਿਉਂ ਜਿਉਂ ਸਾਨੂੰ ਵੱਡਦਾ, ਅਸੀਂ ਦੂਣ ਸਵਾਏ ਹੋਏ”। ਭਾਰਤੀ ਮੋਦੀ ਹਕੂਮਤ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜ਼ਕਰੀਆ ਖਾਨ ਨੇ ਸਿੱਖਾਂ ਦੇ ਘਰ ਉਜਾੜਕੇ ਸਿੱਖਾਂ ਦੇ ਖਤਮ ਹੋਣ ਦਾ ਢਿੰਡੋਰਾ ਪਿਟਵਾ ਦਿੱਤਾ ਸੀ ਪਰ ਅੱਜ ਉਸ ਹੀ ਖਾਲਸਾ ਰਾਜ ਦੇਸ਼ ਪੰਜਾਬ ਦੀ ਧਰਤੀ ਉਪਰ ਖਾਲਸੇ ਦੀ ਚੜ੍ਹਦੀ ਕਲਾ ਦੇ ਨਿਸ਼ਾਨ ਸਾਹਿਬ ਪੂਰੀ ਚੜ੍ਹਦੀ ਕਲਾ ਨਾਲ ਝੂਲਦੇ ਹਨ, ਜਿਸ ਕਿਸੇ ਨੇ ਵੀ ਸਿੱਖ ਪੰਥ ਨਾਲ ਮੱਥਾ ਲਾਇਆ ਹੈ, ਉਸ ਦਾ ਨਿਸ਼ਾਨ ਇਸ ਧਰਤੀ ਉਪਰ ਨਹੀਂ ਰਿਹਾ ਹੈ।
ਮੌਜੂਦਾ ਸਮੇਂ ਭਾਰਤੀ ਹਕੂਮਤ ਦੀ ਦਹਿਸ਼ਤਗਰਦੀ ਦੇ ਖਿਲਾਫ ਖਾਲਸਾ ਪੰਥ ਪੂਰੇ ਸੰਸਾਰ ਵਿਚ ਆਜ਼ਾਦੀ ਦੀ ਲੜਾਈ ਲੜਨ ਲਈ ਇਕਮੁੱਠ ਹੋ ਰਿਹਾ ਹੈ। ਭਾਰਤੀ ਕਾਨੂੰਨ ਦੇ ਅੰਤਰਰਾਸ਼ਟਰੀ ਕਾਨੂੰਨ ਦੇ ਮੋਹਰੇ ਲਾਚਾਰ ਦਿਖਾਈ ਦੇ ਰਹੇ ਹਨ, ਸਿੱਖ ਪੰਥ ਵੱਲੋਂ ਅੰਤਰਰਾਸ਼ਟਰੀ ਕਾਨੂੰਨ ਤਹਿਤ ਪੰਜਾਬ ਨੂੰ ਭਾਰਤੀ ਕਬਜ਼ੇ ਵਿਚੋਂ ਆਜ਼ਾਦ ਕਰਾਉਣ ਦਾ ਬਿਗੁਲ ਵਜਾ ਦਿੱਤਾ ਹੈ, ਜਿਸ ਦੀ ਬੁਖਲਾਹਟ ਵਿਚ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖ ਨੌਜਵਾਨਾਂ ‘ਤੇ ਆਏ ਦਿਨ ਝੂਠੇ ਕੇਸ ਪਾ ਕੇ ਯੂ.ਏ.ਪੀ.ਏ. ਜਿਹੇ ਕਾਲੇ ਕਾਨੂੰਨ ਦੀਆਂ ਧਰਾਵਾਂ ਲਾਈਆਂ ਜਾਂਦੀਆਂ ਹਨ ਅਤੇ ਸਿੱਖਾਂ ਨੂੰ ਜੇਲ੍ਹਾਂ ‘ਚ ਡੱਕਿਆ ਜਾ ਰਿਹਾ ਹੈ ਤੇ ਅੰਨ੍ਹਾ ਤਸ਼ੱਦਦ ਕੀਤਾ ਜਾ ਰਿਹਾ ਹੈ।
ਵਿਦੇਸ਼ਾਂ ਵਿਚੋਂ ਭਾਰਤੀ ਸਟੇਟ ਦੇ ਜ਼ੁਲਮ ਖਿਲਾਫ ਉੱਠ ਰਹੀ ਆਵਾਜ਼ ਨੇ ਭਾਰਤੀ ਸਟੇਟ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਵਿਦੇਸ਼ੀ ਸਿੱਖਾਂ ਦੀ ਏਕਤਾ ਨੇ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਅਖੌਤੀ ਲੀਡਰਾਂ ਦਾ ਬਾਈਕਾਟ ਕੀਤਾ ਹੋਇਆ ਹੈ।
ਸਿੱਖਾਂ ਵੱਲੋਂ ਆਜ਼ਾਦੀ ਦੀ ਆਰੰਭੀ ਮੁਹਿੰਮ ਨੇ ਭਾਰਤੀ ਸਟੇਟ ਨੂੰ ਦੁਨੀਆਂ ਦੀ ਕਚਹਿਰੀ ਵਿਚ ਜਵਾਬਦੇਹ ਬਣਾਇਆ ਹੈ।
ਸਿੱਖ ਯੋਧਿਆਂ ਦੀਆਂ ਜ਼ਮੀਨਾਂ-ਜਾਇਦਾਦਾਂ ਜ਼ਬਤ ਕਰਨੀਆਂ ਕੋਈ ਭਾਰਤੀ ਸਟੇਟ ਦਾ ਪਹਿਲਾ ਕੰਮ ਨਹੀਂ ਹੈ। ਵੱਡੀ ਗਿਣਤੀ ਸਿੱਖ ਨੌਜਵਾਨਾਂ ਨੂੰ ਭਾਰਤੀ ਹਕੂਮਤ ਵੱਲੋਂ ਬੇਘਰੇ ਕੀਤਾ ਜਾ ਚੁੱਕਾ ਹੈ। ਜਥੇਦਾਰ ਜਗਤਾਰ ਸਿੰਘ ਹਵਾਰਾ ਉਪਰ ਭਾਰਤੀ ਦਹਿਸ਼ਤਗਰਦ ਹਕੂਮਤ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਕਿਸੇ ਤੋਂ ਲੁਕੇ-ਛਿਪੇ ਨਹੀਂ ਹੋਏ।
ਭਾਈ ਗਜਿੰਦਰ ਸਿੰਘ, ਜਥੇਦਾਰ ਵਧਾਵਾ ਸਿੰਘ, ਭਾਈ ਪਰਮਜੀਤ ਸਿੰਘ ਪੰਜਵੜ ਅਤੇ ਹੋਰ ਅਨੇਕਾਂ ਸਿੰਘਾਂ ਨੇ ਸੰਘਰਸ਼ਸ਼ੀਲਾਂ ਯੋਧਿਆਂ ਨੇ ਆਪਣੇ ਕਾਰੋਬਾਰ, ਜ਼ਮੀਨਾਂ ਕੌਮੀ ਸੰਘਰਸ਼ ਪੰਥਕ ਸੇਵਾ ਲਈ ਕੁਰਬਾਨ ਕੀਤੀਆਂ ਹਨ।
ਅੱਜ ਕਲਮ ਦੀ ਜੰਗ ਵਿਚ ਹਾਰਦੇ ਹੋਏ ਭਾਰਤ ਵੱਲੋਂ ਸਿੱਖਸ ਫਾਰ ਜਸਟਿਸ ਤੋਂ ਗੁਰਪਤਵੰਤ ਸਿੰਘ ਪੰਨੂੰ ਅਤੇ ਕੈਨੇਡਾ ਤੋਂ ਸਿੱਖ ਨੌਜਵਾਨ ਹਰਦੀਪ ਸਿੰਘ ਨਿੱਝਰ ਦੀ ਪੰਜਾਬ ਵਿਚ ਜ਼ਮੀਨ-ਜਾਇਦਾਦ ਨੂੰ ਕੁਰਕ ਕਰਕੇ ਖੁਦ ਕੈਪਟਨ ਅਮਰਿੰਦਰ ਨੇ ਆਪਣੇ ਮੂੰਹ ਉਪਰ ਆਪ ਕਾਲਖ ਮਲਣ ਵਾਲੀ ਗੱਲ ਕੀਤੀ ਹੈ।
ਸਿੱਖ ਪੰਥ ਅੱਜ ਬਾਖੂਬੀ ਇਹ ਜਾਣਦਾ ਹੈ ਕਿ ਸਾਰੇ ਪੰਜਾਬ ਦੀ ਧਰਤੀ ਭਾਰਤੀ ਕਬਜ਼ੇ ਥੱਲੇ ਹੈ, ਜਿਸ ਨੂੰ ਆਜ਼ਾਦ ਕਰਾਉਣ ਲਈ ਸਿੱਖ ਪੰਥ ਵੱਲੋਂ ਜੱਦੋ-ਜਹਿਦ ਜਾਰੀ ਹੈ ਅਤੇ ਸਮੁੱਚੀ ਹੀ ਕੌਮ ਸੰਘਰਸ਼ਸ਼ੀਲ ਸਿੱਖਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਹੈ।
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਯੂ.ਐੱਸ.ਏ. ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤੀ ਹਕੂਮਤ ਦੇ ਇਸ ਕਾਇਰਤਾ ਭਰਪੂਰ ਕਾਰਨਾਮੇ ਦੀ ਪੁਰਜ਼ੋਰ ਨਿੰਦਿਆ ਕਰਦੀ ਹੈ ਅਤੇ ਸਮੁੱਚੀ ਕੌਮ ਨੂੰ ਸ਼ਾਂਤਮਈ ਸੰਘਰਸ਼ ਨੂੰ ਜਾਰੀ ਰੱਖਣ ਲਈ ਅਪੀਲ ਕਰਦੀ ਹੈ।


Share