ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਭਰ ’ਚ ਐੱਫ.ਸੀ.ਆਈ. ਦਫਤਰਾਂ ਦੇ ਘਿਰਾਓ

445
Share

-ਕਾਲੇ ਖੇਤੀ ਕਾਨੂੰਨਾਂ ਵਾਪਸ ਲੈਣ ਦੀ ਮੰਗ ਕੀਤੀ, ਜਿਣਸਾਂ ਦੀ ਖਰੀਦ ਤੋਂ ਭੱਜਣ ਦਾ ਲਾਇਆ ਦੋਸ਼
ਮਾਨਸਾ, 5 ਅਪ੍ਰੈਲ (ਪੰਜਾਬ ਮੇਲ)-ਪੂਰੇ ਦੇਸ਼ ’ਚ ਐੱਫ.ਸੀ.ਆਈ. ਦੇ ਦਫਤਰਾਂ ਦੇ ਘਿਰਾਓ ਕਰਨ ਦੇ ਸੰਯੁਕਤ ਮੋਰਚੇ ਦੇ ਸੱਦੇ ’ਤੇ ਅੱਜ ਪੰਜਾਬ ਭਰ ਵਿਚ ਇਨ੍ਹਾਂ ਦਫ਼ਤਰਾਂ ਦੇ ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਘਿਰਾਓ ਆਰੰਭ ਕਰ ਦਿੱਤੇ ਗਏ ਹਨ।
ਮਾਨਸਾ ਵਿਚ ਘਿਰਾਓ ਕਰਕੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਇਨ੍ਹਾਂ ਧਰਨਿਆਂ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਦਫ਼ਤਰਾਂ ’ਚ ਹਾਜ਼ਰ ਅਧਿਕਾਰੀਆਂ ਨੂੰ ਕੇਂਦਰੀ ਖੇਤੀ ਮੰਤਰੀ ਦੇ ਨਾਮ ਮੰਗ ਪੱਤਰ ਸੌਂਪੇ ਗਏ ਹਨ। ਉਨ੍ਹਾਂ ਕਿਹਾ ਕਿ ਥਾਂ-ਥਾਂ ਪਰਿਵਾਰਾਂ ਸਮੇਤ ਸ਼ਾਮਲ ਹੋਣ ਵਾਲੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਕਣਕ ਦੀ ਖਰੀਦ ਤੋਂ ਭੱਜਣ ਦੇ ਬਹਾਨਿਆਂ ਵਜੋਂ ਨਮੀ ਦੀ ਮਾਤਰਾ ਅਤੇ ਦਾਗੀ ਦਾਣਿਆਂ ਦੀ ਮਾਤਰਾ ਘਟਾਉਣ ਵਰਗੀਆਂ ਬੇਲੋੜੀਆਂ ਸ਼ਰਤਾਂ ਰੱਦ ਕੀਤੀਆਂ ਜਾਣ। ਕਿਸਾਨਾਂ ਨੂੰ ਜ਼ਮੀਨਾਂ ਦੀਆਂ ਫਰਦਾਂ ਪੇਸ਼ ਕਰਨ ਦੇ ਹੁਕਮ ਅਤੇ ਇਨ੍ਹਾਂ ਮੁਤਾਬਕ ਸਿਰਫ ਓਨੀ ਹੀ ਕਣਕ ਖਰੀਦਣ ਦਾ ਕਿਸਾਨ ਮਾਰੂ ਫੈਸਲਾ ਵਾਪਸ ਲਿਆ ਜਾਵੇ। ਸ਼ਾਂਤਾ ਕੁਮਾਰ ਕਮੇਟੀ ਦੀ ਐੱਫ.ਸੀ.ਆਈ. ਦਾ ਭੋਗ ਪਾਉਣ ਵਾਲੀ ਰਿਪੋਰਟ ਅਤੇ ਇਸ ਮੁਤਾਬਕ ਬਣਾਏ ਗਏ ਕਾਲੇ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ।
ਉਨ੍ਹਾਂ ਦੱਸਿਆ ਕਿ ਖੇਤੀ ਕਾਨੂੰਨਾਂ ਦੀ ਮਾਰ ਹੇਠ ਆਉਂਦੇ ਮੰਡੀ ਕਰਮਚਾਰੀਆਂ, ਪੱਲੇਦਾਰਾਂ, ਮੁਨੀਮਾਂ, ਆੜ੍ਹਤੀਆਂ ਤੇ ਟਰਾਂਸਪੋਰਟਰਾਂ ਦਾ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਉਜਾੜਾ ਹੋਵੇਗਾ।

Share