ਸੰਘਰਸ਼ਸ਼ੀਲ ਕਿਸਾਨਾਂ ਦੇ ਹੱਕ ‘ਚ ਆਏ ਡਾ: ਓਬਰਾਏ

449
ਅੰਮ੍ਰਿਤਸਰ ਤੋਂ ਦਿੱਲੀ ਰਵਾਨਾ ਹੋਣ ਮੌਕੇ ਪੰਜਾਬ ਕਿਸਾਨ ਸਭਾ ਦੇ ਆਗੂਆਂ ਨੂੰ ਰਾਸ਼ਨ-ਰਸਦਾਂ ਦਿੰਦੇ ਹੋਏ ਸਰਬੱਤ ਦਾ ਭਲਾ ਟਰੱਸਟ ਦੇ ਆਗੂ।
Share

ਲੰਗਰ ਵਾਸਤੇ 20 ਟਨ ਦੇ ਕਰੀਬ ਰਾਸ਼ਨ-ਰਸਦਾਂ ਦੀ ਸੇਵਾ ਕੀਤੀ
ਅੰਦੋਲਨ ਕਰਦੇ ਕਿਸਾਨਾਂ ਨੂੰ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ- ਟਰੱਸਟ

ਅੰਮ੍ਰਿਤਸਰ, 27 ਨਵੰਬਰ (ਪੰਜਾਬ ਮੇਲ)- ਨਾਮਵਰ ਸਮਾਜ ਸੇਵੀ ਅਤੇ ਲੋਕ-ਦਰਦੀ ਡਾ: ਐਸ.ਪੀ.ਸਿੰਘ ਓਬਰਾਏ ਦੀ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੌਜੂਦਾ ਕਿਸਾਨ ਅੰਦੋਲਨ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਲੰਗਰ ਵਾਸਤੇ ਵੱਖ-ਵੱਖ ਥਾਵਾਂ ਤੋਂ 20 ਟਨ ਦੇ ਕਰੀਬ ਸੁੱਕੀ ਰਸਦ ਭੇਜੀ ਗਈ ਹੈ।
ਟਰੱਸਟ ਵੱਲੋਂ ਅੱਜ ਪਹਿਲੇ ਪੜਾਅ ਤਹਿਤ ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨ ਆਗੂਆਂ ਨੂੰ ਰਸਦਾਂ ਮੁਹੱਈਆ ਕਰਨ ਤੋਂ ਇਲਾਵਾ ਸ਼ੰਭੂ ਬੈਰੀਅਰ ‘ਤੇ ਮੋਰਚਾ ਲਾਈ ਬੈਠੇ ਕਿਸਾਨਾਂ ਦੇ ਲੰਗਰ ਵਾਸਤੇ ਬਾਬਾ ਹਰਨੇਕ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੂੰ ਰਾਸ਼ਨ-ਰਸਦਾਂ ਸਪੁਰਦ ਕੀਤੀਆਂ ਗਈਆਂ ਹਨ। ਭੇਜੀ ਜਾਣ ਵਾਲੀ ਰਸਦ ‘ਚ 100 ਕੁਇੰਟਲ ਚੌਲ, 70 ਕੁਇੰਟਲ ਦਾਲ, 20 ਕੁਇੰਟਲ ਚਾਹ ਪੱਤੀ ਅਤੇ 10 ਕੁਇੰਟਲ ਸੋਇਆਬੀਨ ਵੜੀਆਂ ਆਦਿ ਸ਼ਾਮਲ ਹਨ।
ਇਸ ਮੌਕੇ ‘ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਲਾਹਕਾਰ ਮਾਝਾ ਜ਼ੋਨ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਮਨਪ੍ਰੀਤ ਸਿੰਘ ਸੰਧੂ, ਸ਼ਿਸ਼ਪਾਲ ਸਿੰਘ ਲਾਡੀ ਅਤੇ ਨਵਜੀਤ ਸਿੰਘ ਘਈ ਨੇ ਕਿਹਾ ਕਿ ਕਰੋਨਾ ਸੰਕਟ ਵੇਲੇ ਤੋਂ ਹੀ ਡਾ: ਓਬਰਾਏ ਦੇ ਨਿਰਦੇਸ਼ਾਂ ‘ਤੇ ਹਰ ਲੋੜਵੰਦ ਵਰਗ ਦੀ ਬਾਂਹ ਫੜਨ ਦਾ ਸਿਲਸਿਲਾ ਜਾਰੀ ਹੈ ਅਤੇ ਹੁਣ ਮੌਜੂਦਾ ਕਿਸਾਨ ਅੰਦੋਲਨ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ ਦੀ ਮਦਦ ਲਈ ਵੀ ਸਰਬੱਤ ਦਾ ਭਲਾ ਟਰੱਸਟ ਹਾਜ਼ਰ ਹੈ।
ਇਸ ਮੌਕੇ ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਲਖਬੀਰ ਸਿੰਘ ਨਿਜ਼ਾਮਪੁਰਾ ਅਤੇ ਖੇਤ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਜੋਗਿੰਦਰ ਗੋਪਾਲਪੁਰਾ ਨੇ ਕਿਸਾਨ ਸੰਘਰਸ਼ ਦੌਰਾਨ ਯੋਗਦਾਨ ਦੇਣ ਵਾਸਤੇ ਡਾ: ਐਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਡਾ: ਓਬਰਾਏ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਹੱਕਾਂ ਲਈ ਲੜਨ ਵਾਲਿਆਂ ਦੇ ਨਾਲ ਡੱਟ ਕੇ ਖੜੇ ਹਨ। ਇਸ ਦੌਰਾਨ ਦਲਬੀਰ ਸਿੰਘ ਮਜਵਿੰਡ ਵੀ ਮੌਜੂਦ ਸਨ।


Share