ਸੰਗੀਤਕਾਰ ਕੇਸਰ ਸਿੰਘ ਨਰੂਲਾ ਦਾ ਮੁੰਬਈ ‘ਚ ਦੇਹਾਂਤ

582

ਮੁੰਬਈ, 10 ਅਕਤੂਬਰ (ਪੰਜਾਬ ਮੇਲ)-ਸੰਗੀਤਕਾਰ ਕੇਸਰ ਸਿੰਘ ਨਰੂਲਾ ਦਾ ਮੁੰਬਈ ‘ਚ ਦੇਹਾਂਤ ਹੋ ਗਿਆ ਹੈ। ਕੇਸਰ ਸਿੰਘ ਨਰੂਲਾ ਨੇ ਪੰਜਾਬ ਦੇ ਕਈ ਪ੍ਰਸਿੱਧ ਗਾਇਕਾਂ ਦੇ ਨਾਲ ਕੰਮ ਕੀਤਾ ਸੀ। ਸੰਗੀਤ ਨਿਰਦੇਸ਼ਨ ‘ਚ ਮਹਾਰਤ ਰੱਖਣ ਵਾਲੇ ਸਰਦਾਰ ਕੇਸਰ ਸਿੰਘ ਨਰੂਲਾ ਨੇ ਭਾਈ ਗੋਪਾਲ ਸਿੰਘ ਰਾਗੀ, ਸੰਤ ਅਨੂਪ ਸਿੰਘ ਅਤੇ ਸੰਤ ਮਸਕੀਨ ਜੀ ਵਰਗੀਆਂ ਹਸਤੀਆਂ ਦੀ ਸੁਹਬਤ ‘ਚ ਰਹੇ ਸਨ। 1956 ਵਿਚ ਐੱਚ.ਐੱਮ.ਵੀ. ਕੰਪਨੀ ਨੇ ਕੇਸਰ ਸਿੰਘ ਨਰੂਲਾ ਨੂੰ ਬਤੌਰ ਸੰਗੀਤ ਨਿਰਦੇਸ਼ਕ ਪੱਕੇ ਤੌਰ ‘ਤੇ ਤਾਇਨਾਤ ਕਰ ਦਿੱਤਾ। ਕੇਸਰ ਸਿੰਘ ਨਰੂਲਾ ਨੇ ਲਗਾਤਾਰ ਚਾਰ ਦਹਾਕੇ ਕੰਪਨੀ ਦੀ ਰਿਕਾਰਡਿੰਗ ਲਈ ਸੰਗੀਤ ਦਿੱਤਾ। ਇਸ ਲੰਬੇ ਅਰਸੇ ਵਿਚ ਨਰੂਲਾ ਨੇ ਕਈ ਗਾਇਕਾਂ ਦੇ ਗੀਤਾਂ ਨੂੰ ਆਪਣੇ ਸੰਗੀਤ ਨਾਲ ਸ਼ਿੰਗਾਰਿਆ।
ਇਨ੍ਹਾਂ ਵਿਚ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਮੋਹਣੀ ਨਰੂਲਾ, ਯਮਲਾ ਜੱਟ, ਸ਼ਾਦੀ ਬਖਸ਼ੀ ਭਰਾ, ਹਰਚਰਨ ਗਰੇਵਾਲ, ਨਰਿੰਦਰ ਬੀਬਾ, ਸਵਰਨ ਲਤਾ, ਚਾਂਦੀ ਰਾਮ, ਕਰਮਜੀਤ ਧੂਰੀ, ਮੁਹੰਮਦ ਸਦੀਕ, ਰਣਜੀਤ ਕੌਰ, ਜਗਮੋਹਨ ਕੌਰ, ਦੀਦਾਰ ਸੰਧੂ, ਕੁਲਦੀਪ ਮਾਣਕ ਤੋਂ ਇਲਾਵਾ ਅਣਗਿਣਤ ਕਲਾਕਾਰਾਂ ਦੇ ਨਾਂ ਸ਼ਾਮਲ ਹਨ। ਉੱਥੇ ਹੀ ਵੱਡੀ ਧੀ ਜਸਪਿੰਦਰ ਨਰੂਲਾ ਸੰਗੀਤ ਜਗਤ ਵਿਚ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀਂ। ਛੋਟੀ ਧੀ ਪਰਮਿੰਦਰ ਨਰੂਲਾ ਕਲਾਸੀਕਲ ਨਾਚਾਂ ਦੀ ਮਾਹਿਰ ਹੈ। ਵਿਚਕਾਰਲਾ ਪੁੱਤਰ ਮਿੱਕੀ ਸਿੰਘ ਨਰੂਲਾ ਆਪਣੇ ਪਿਤਾ ਵਾਂਗ ਹੀ ਸੰਗੀਤਕਾਰ ਹੈ। ਉਹ ਫ਼ਿਲਮੀ ਅਤੇ ਗੈਰ ਫ਼ਿਲਮੀ ਸੰਗੀਤ ਦੇ ਰਿਹਾ ਹੈ। ਜਸਪਿੰਦਰ, ਪਰਮਿੰਦਰ ਤੇ ਮਿੱਕੀ ਮੁੰਬਈ ਰਹਿ ਰਹੇ ਹਨ ਤੇ ਆਪੋ ਆਪਣੇ ਖੇਤਰਾਂ ‘ਚ ਕੰਮ ਕਰ ਰਹੇ ਹਨ।