ਸੰਗਰੂਰ ਤੇ ਬਰਨਾਲਾ ਪੁਲਿਸ ਨੂੰ ਲੋੜੀਂਦਾ ਸਿੱਧੂ ਮੂਸੇਵਾਲਾ ਨੂੰ ਨਾਭਾ ਪੁਲਿਸ ਨੇ ਗੱਡੀ ਦਾ ਚਲਾਨ ਕੱਟ ਕੇ ਛੱਡਿਆ!

716
Share

ਨਾਭਾ, 6 ਜੂਨ (ਪੰਜਾਬ ਮੇਲ)- ਨਾਭਾ ਪੁਲਿਸ ਵੱਲੋਂ ਵਿਵਾਦਾਂ ਵਿਚ ਰਹਿਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਦੀ ਗੱਡੀ ਦਾ ਚਲਾਨ ਕੱਟ ਕੇ ਛੱਡ ਦਿੱਤਾ, ਜਦੋਂ ਕਿ ਬਰਨਾਲਾ ਅਤੇ ਸੰਗਰੂਰ ਪੁਲੀਸ ਮੁਤਾਬਿਕ ਆਰਮਜ਼ ਐਕਟ ਤਹਿਤ ਮੁਲਜ਼ਮ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਇਧਰ ਗਾਇਕ ਮੌਜ ਨਾਲ ਆਪਣੇ ਕਾਫਲੇ ਦੀ ਗੱਡੀਆਂ ਦੇ ਸ਼ੀਸ਼ਿਆਂ ‘ਤੇ ਕਾਲੀ ਫਿਲਮ ਲਾ ਕੇ ਕਥਿਤ ਸ਼ੂਟਿੰਗ ਕਰਨ ਲਈ ਨਾਭਾ ਵਿੱਚੋ ਲੰਘ ਰਿਹਾ ਸੀ, ਜਦੋ ਬਰਨਾਲਾ ਦੇ ਧਨੌਲਾ ਵਿਖੇ ਸਿੱਧੂ ਮੂਸੇਵਾਲਾ, ਪੁਲਿਸ ਮੁਲਾਜ਼ਮ ਅਤੇ ਬਾਕੀਆਂ ਖ਼ਿਲਾਫ਼ ਆਰਮਜ਼ ਐਕਟ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਸੀ, ਤਾਂ ਉਥੇ ਡੀ.ਐੱਸ.ਪੀ. ਰਾਜੇਸ਼ ਕੁਮਾਰ ਛਿੱਬਰ ਸਨ, ਜੋ ਹੁਣ ਨਾਭਾ ਵਿਚ ਤਾਇਨਾਤ ਹਨ। ਨਾਭਾ ਦੇ ਬੌੜਾਂ ਗੇਟ ਚੌਕ ਵਿਚ ਪੁਲਿਸ ਵੱਲੋ ਗੱਡੀਆਂ ਉੱਪਰ ਕਾਲੀ ਫਿਲਮ ਦੇਖ ਰੇਂਜ ਰੋਵਰ ਅਤੇ ਸਕਾਰਪੀਓ ਨੂੰ ਰੋਕਿਆ ਗਿਆ, ਤਾਂ ਵਿਚੋਂ ਸਿੱਧੂ ਮੂਸੇਵਾਲਾ ਨਿਕਲਿਆ। ਮੌਕੇ ‘ਤੇ ਚਲਾਨ ਕੱਟਣ ਵਾਲੇ ਥਾਣਾ ਕੋਤਵਾਲੀ ਦੇ ਮੁਖੀ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਆਪ ਗੱਡੀ ਚਲਾ ਰਿਹਾ ਸੀ ਅਤੇ ਉਸ ਦੇ ਬਿਆਨ ਮੁਤਾਬਕ ਉਸ ਦੀ ਜ਼ਮਾਨਤ ਹੋ ਗਈ ਸੀ ਅਤੇ ਹੁਣ ਉਹ ਆਪਣੀ ਟੀਮ ਨਾਲ ਸ਼ੂਟਿੰਗ ਕਰਨ ਜਾ ਰਿਹਾ ਹੈ। ਪੁਲਿਸ ਵੱਲੋਂ ਕਾਲੀ ਫਿਲਮ ਲਾਉਣ ਕਾਰਨ ਉਸ ਦਾ ਅਤੇ ਉਸ ਦੇ ਸਾਥੀ ਰਵਿੰਦਰ ਸਿੰਘ ਦਾ ਚਲਾਨ ਕੱਟ ਕੇ ਉਨ੍ਹਾਂ ਨੂੰ ਪੁਲਿਸ ਜੀਪ ‘ਚ ਬੈਠਾ ਕੇ ਡੀ.ਐੱਸ.ਪੀ. ਦਫਤਰ ਲਿਜਾਇਆ ਗਿਆ, ਜਿਥੋਂ ਕੁਝ ਮਿੰਟਾਂ ਪਿੱਛੋਂ ਉਸ ਨੂੰ ਛੱਡ ਦਿੱਤਾ ਗਿਆ। ਜਾਂਦੇ-ਜਾਂਦੇ ਸਿੱਧੂ ਮੂਸੇਵਾਲੇ ਨੇ ਪ੍ਰੈੱਸ ਨੂੰ ਕਿਹਾ, ”ਚਲਾਨ ਕੱਟਿਆ, ਹੋਰ ਕੀ ਹੋਣਾ ਸੀ?”
ਇਸ ਸਬੰਧੀ ਡੀਐੱਸਪੀ ਰਾਜੇਸ਼ ਛਿੱਬਰ ਨੇ ਕਿਹਾ, ‘ਕੇਸਾਂ ਦੀ ਜਾਂਚ ਬਰਨਾਲਾ ਅਤੇ ਸੰਗਰੂਰ ਪੁਲਿਸ ਕਰ ਰਹੀ ਹੈ ਅਤੇ ਅਸੀਂ ਉਸਨੂੰ ਉਨ੍ਹਾਂ ਮਾਮਲਿਆਂ ਵਿਚ ਗ੍ਰਿਫਤਾਰ ਨਹੀਂ ਕਰ ਸਕਦੇ ਸੀ।’ ਦੂਜੇ ਪਾਸੇ ਗਾਇਕ ਮੂਸੇਵਾਲੇ ਉੱਪਰ ਦਰਜ ਮਾਮਲਿਆਂ ਦੀ ਜਾਂਚ ਕਰ ਰਹੇ ਸੰਗਰੂਰ ਐੱਸ.ਪੀ. ਗੁਰਮੀਤ ਸਿੰਘ ਅਤੇ ਬਰਨਾਲਾ ਐੱਸ.ਪੀ. ਰੁਪਿੰਦਰ ਭਾਰਦਵਾਜ ਨੇ ਦੱਸਿਆ ਕਿ ਉਹ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰ ਰਹੇ ਹਨ ਅਤੇ ਉਸ ਦੇ ਘਰ ਤਾਲਾ ਲੱਗਾ ਹੋਇਆ ਹੈ। ਧਨੌਲਾ ਪੁਲਿਸ ਨੇ ਦੱਸਿਆ ਕਿ ਮੂਸੇਵਾਲੇ ਨੂੰ ਜ਼ਮਾਨਤ ਨਹੀਂ ਮਿਲੀ ਹੋਈ। ਹੁਣ 8 ਜੂਨ ਨੂੰ ਨਾਭਾ ਦੇ ਚਲਾਨ ਸਬੰਧੀ ਮੂਸੇਵਾਲਾ ਨੂੰ ਨਾਭਾ ਅਦਾਲਤ ‘ਚ ਪੇਸ਼ ਹੋਣਾ ਹੈ।


Share