ਸੜਕਾਂ ’ਤੇ ਹੀ ‘ਨਵਾਂ ਸਾਲ’ ਮਨਾਉਣਗੇ ਕਿਸਾਨ

621

ਨਵੀਂ ਦਿੱਲੀ, 31 ਦਸੰਬਰ (ਪੰਜਾਬ ਮੇਲ) – ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦਾ ਅੰਦੋਲਨ ਅੱਜ ਯਾਨੀ ਕਿ ਵੀਰਵਾਰ ਨੂੰ 36ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਬੁੱਧਵਾਰ ਨੂੰ 6ਵੇਂ ਦੌਰ ਦੀ ਗੱਲਬਾਤ ਹੋਈ। ਇਸ ਗੱਲਬਾਤ ’ਚ ਬਿਜਲੀ ਸੋਧ ਬਿੱਲ 2020 ਅਤੇ ਪਰਾਲੀ ਸਾੜਨ ਨਾਲ ਸਬੰਧਤ ਕਾਨੂੰਨੀ ਵਿਵਸਥਾਵਾਂ ’ਤੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ’ਤੇ ਸਹਿਮਤੀ ਬਣੀ। ਹਾਲਾਂਕਿ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨੂੰ ਕਾਨੂੰਨੀ ਦਾਇਰੇ ’ਚ ਲਿਆਉਣ ਦੀ ਉਨ੍ਹਾਂ ਦੀ ਮੁੱਖ ਮੰਗ ’ਤੇ ਕੁਝ ਫ਼ੈਸਲਾ ਨਹੀਂ ਹੋ ਸਕਿਆ। ਹੁਣ 4 ਜਨਵਰੀ 2021 ਨੂੰ ਮੁੜ ਤੋਂ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਮੁੁੱਖ ਮੰਗਾਂ ਨੂੰ ਲੈ ਕੇ ਚਰਚਾ ਹੋਵੇਗੀ। ਦਿੱਲੀ ਦੀਆਂ ਸਰਹੱਦਾਂ ’ਤੇ ਡਟੀਆਂ ਕਿਸਾਨ ਜਥੇਬੰਦੀਆਂ ਨਵੇਂ ਸਾਲ ’ਤੇ ਮੁੜ ਬੈਠਕ ਕਰਨਗੀਆਂ, ਜਿਸ ਵਿਚ ਅੱਗੇ ਦੀ ਰਣਨੀਤੀ ਬਣਾਉਣਗੇ। ਉੱਥੇ ਹੀ ਅੱਜ ਕਿਸਾਨਾਂ ਨੇ ਟਰੈਕਟਰ ਮਾਰਚ ਨੂੰ ਰੱਦ ਕਰ ਦਿੱਤਾ ਹੈ। ਹੱਡ ਕੰਬਾਅ ਦੇਣ ਵਾਲੀ ਠੰਡ ਵਿਚ ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ ਦੇ ਕਿਸਾਨ ਦਿੱਲੀ ਨਾਲ ਲੱਗਦੀਆਂ ਸਰਹੱਦਾਂ ’ਤੇ ਪਿਛਲੇ 35 ਦਿਨਾਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਦਿੱਲੀ ਨਾਲ ਲੱਗਦੀਆਂ ਸਰਹੱਦਾਂ ’ਤੇ ਸੁਰੱਖਿਆ ਸਖ਼ਤ ਹੈ, ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦਾਂ ’ਤੇ ਸੈਂਕੜੇ ਸੁਰੱਖਿਆ ਕਾਮੇ ਤਾਇਨਾਤ ਹਨ। ਪ੍ਰਦਰਸ਼ਨ ਕਾਰਨ ਕਈ ਥਾਵਾਂ ’ਤੇ ਜਾਮ ਵੀ ਲੱਗਾ ਅਤੇ ਪੁਲਸ ਨੂੰ ਕੁਝ ਹਾਈਵੇਅ ’ਤੇ ਆਵਾਜਾਈ ਰੂਟ ’ਚ ਤਬਦੀਲੀ ਵੀ ਕਰਨੀ ਪਈ।