ਸਜ਼ਾਵਾਂ ਪੂਰੀਆਂ ਹੋਣ ‘ਤੇ ਵੀ ਸਿੱਖ ਕੈਦੀਆਂ ਨੂੰ ਰਿਹਾਅ ਨਾ ਕਰਨਾ ਘੋਰ ਬੇਇਨਸਾਫੀ – ਸਤਿਕਾਰ ਕਮੇਟੀ

235
Share

ਸਰੀ, 21 ਜਨਵਰੀ (ਹਰਦਮ ਮਾਨ/ਪੰਜਾਬ ਮੇਲ)-ਸਤਿਕਾਰ ਕਮੇਟੀ ਐਬਸਫੋਰਡ ਨੇ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ  ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਉਪਰੰਤ ਵੀ ਉਨ੍ਹਾਂ ਨੂੰ ਰਿਹਾਅ ਨਾ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ।
ਸਤਿਕਾਰ ਕਮੇਟੀ ਦੇ ਆਗੂ ਸ. ਕੁਲਦੀਪ ਸਿੰਘ ਸੇਖੋਂ ਨੇ ਕਿਹਾ ਹੈ ਕਿ ਇਸ ਸਮੇਂ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਪਿਛਲੇ 35-40 ਸਾਲ ਤੋਂ  ਸਜ਼ਾ ਭੁਗਤ ਰਹੇ ਅਨੇਕਾਂ ਸਿੰਘ ਅਜਿਹੇ ਹਨ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਤੇ ਕਈਆਂ ਦੀ ਸਜ਼ਾ ਪੂਰੀ ਹੋਈ ਨੂੰ ਵੀ 15-20 ਸਾਲ ਹੋ ਗਏ ਹਨ ਪ੍ਰੰਤੂ ਸਮੇਂ ਦੀਆਂ ਸਰਕਾਰਾਂ ਤੇ ਇੱਥੋਂ ਤੱਕ ਕਿ ਜੁਡੀਸ਼ਰੀ ਨੇ ਵੀ ਉਨ੍ਹਾਂ ਨੂੰ ਰਿਹਾਅ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ, ਜਦੋਂ ਕਿ ਅਨੇਕਾਂ ਸਿੱਖ ਜਥੇਬੰਦੀਆਂ ਇਨਸਾਫ ਲਈ ਆਪਣੀ ਆਵਾਜ਼ ਉਠਾ ਰਹੀਆਂ ਹਨ ਤੇ ਕਈ ਥਾਵਾਂ ਤੇ ਸਿੱਖ ਜਥੇਬੰਦੀਆਂ ਵਲੋਂ ਧਰਨੇ ਮੁਜ਼ਾਹਰੇ ਵੀ ਕੀਤੇ ਗਏ  ਪਰ ਅਫਸੋਸ ਹੈ ਕਿ ਫੇਰ ਵੀ ਸਰਕਾਰਾਂ ਵੱਲੋਂ ਇਸ ਪਾਸੇ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ।
ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ਤਾਂ ਪੈਰੋਲ ਤੇ ਛੁੱਟੀ ਵੀ ਨਹੀਂ ਦਿੱਤੀ ਜਾਂਦੀ ਜਦੋਂ ਕਿ ਦੂਜੇ ਪਾਸੇ ਹੋਰਨਾਂ ਕੈਦੀਆਂ ਨੂੰ ਉਨ੍ਹਾਂ ਦੀ ਸਜ਼ਾ ਪੂਰੀ ਹੋਣ ਤੋਂ ਇਕ ਦੋ ਮਹੀਨੇ ਪਹਿਲਾਂ ਹੀ ਰਿਹਾਅ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ਰ੍ਹੇਆਮ ਸਿੱਖ ਕੈਦੀਆਂ ਨਾਲ ਬੇਇਨਸਾਫੀ ਹੈ।
ਸ. ਸੇਖੋਂ ਨੇ ਇਹ ਵੀ ਕਿਹਾ ਕਿ ਦਸ ਸਿੰਘਾਂ ਦੀ ਰਿਹਾਈ ਦੇ ਕੇਸ ਤਿਆਰ ਕਰਕੇ ਸੈਂਟਰ ਸਰਕਾਰ, ਪੰਜਾਬ ਸਰਕਾਰ ਅਤੇ ਹੋਰ ਰਾਜਾਂ ਦੀਆਂ ਸਰਕਾਰਾਂ ਨੇ ਮਤੇ ਪਾਸ ਕਰ ਦਿੱਤੇ ਹਨ ਅਤੇ ਇਨ੍ਹਾਂ ਨੂੰ ਰਿਹਾਅ ਕਰਨ ਦੀ ਆਗਿਆ ਦੇ ਦਿੱਤੀ ਹੈ ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਮਹੀਨਾ ਅਜਿਹੀਆਂ ਫ਼ਾਈਲਾਂ ਆਪਣੇ ਕੋਲ ਰੱਖ ਕੇ ਰੱਦ ਕਰ ਦਿੱਤੀਆਂ ਹਨ।  ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੀ ਇਸ ਕਾਰਵਾਈ ਨਾਲ ਸਿੱਖ ਜਥੇਬੰਦੀਆਂ ਅਤੇ ਸਿੱਖ ਕੌਮ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸ. ਕੁਲਦੀਪ ਸਿੰਘ ਸੇਖੋਂ ਨੇ ਇਹ ਵੀ ਦੱਸਿਆ ਇਸ ਸਤਿਕਾਰ ਕਮੇਟੀ ਵੱਲੋਂ ਇਨ੍ਹਾਂ ਸਿੰਘਾਂ ਦੀ ਰਿਹਾਈ ਵਾਸਤੇ ਐਬਸਫੋਰਡ ਵਿਚ ਸਹਿਜ ਪਾਠ ਲਗਾਤਾਰ ਚੱਲ ਰਹੇ ਹਨ ਤੇ ਪਿਛਲੇ ਦਿਨੀਂ 52 ਵੇਂ  ਸਹਿਜ ਪਾਠ ਦੇ ਭੋਗ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਭਾਈ ਦਰਬਾਰਾ ਸਿੰਘ ਐਬਸਫੋਰਡ ਤੇ ਸਮੂਹ ਸੰਗਤਾਂ ਵੱਲੋਂ ਇਨ੍ਹਾਂ ਸਹਿਜ ਪਾਠਾਂ ਦੀ ਸੇਵਾ ਕੀਤੀ ਜਾਂਦੀ ਹੈ। ਸ. ਸੇਖੋਂ ਨੇ ਸਤਿਕਾਰ ਕਮੇਟੀ ਵੱਲੋਂ ਸਮੂਹ ਸਿੱਖ ਜਥੇਬੰਦੀਆਂ ਅਤੇ ਸਿੱਖ ਸਮਾਜ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਮਤੇ ਪਾ ਕੇ ਸਰਕਾਰਾਂ ਤੱਕ ਪਹੁੰਚਾਏ ਜਾਣ ਤਾਂ ਕਿ ਉਨ੍ਹਾਂ ਨੂੰ  ਇਨਸਾਫ ਦੁਆਇਆ ਜਾ ਸਕੇ।


Share