ਸ੍ਰੀ ਹਜ਼ੂਰ ਸਾਹਿਬ ਤੋਂ ਆਈ ਸਿੱਖ ਸੰਗਤ ਦੇ ਮੁੱਦੇ ‘ਤੇ ਸਿਆਸਤ ਗਰਮਾਈ

698
Share

-ਮਹਾਰਾਸ਼ਟਰ ਅਤੇ ਪੰਜਾਬ ਦੇ ਮੰਤਰੀ ਹੋਏ ਆਹਮੋ-ਸਾਹਮਣੇ
ਚੰਡੀਗੜ੍ਹ, 5 ਮਈ (ਪੰਜਾਬ ਮੇਲ)- ਸ੍ਰੀ ਹਜ਼ੂਰ ਸਾਹਿਬ ਤੋਂ ਆਈ ਸਿੱਖ ਸੰਗਤ ਦੇ ਪਾਜ਼ੀਟਿਵ ਆਉਂਦੇ ਮਗਰੋਂ ਜਿੱਥੇ ਸੂਬੇ ‘ਚ ਸਿਆਸਤ ਗਰਮਾਈ ਹੋਈ ਹੈ, ਉੱਥੇ ਇਸ ਮਾਮਲੇ ‘ਚ ਹੁਣ ਮਹਾਰਾਸ਼ਟਰ ਅਤੇ ਪੰਜਾਬ ਦੇ ਮੰਤਰੀ ਵੀ ਆਹਮੋ-ਸਾਹਮਣੇ ਆ ਗਏ ਹਨ। ਸਿੱਖ ਸੰਗਤ ਦੇ ਵੱਡੀ ਗਿਣਤੀ ‘ਚ ਕੋਰੋਨਾਪਾਜ਼ੀਟਿਵ ਕੇਸ ਪਾਏ ਜਾਣ ਦੇ ਮਾਮਲੇ ਨੂੰ ਲੈ ਕੇ ਪੰਜਾਬ ‘ਚ ਛਿੜੀ ਸਿਆਸਤ ਅਜੇ ਠੰਡੀ ਨਹੀਂ ਹੋਈ ਸੀ ਕਿ ਇਸ ਵਿਚਕਾਰ ਮਹਾਰਾਸ਼ਟਰ ਦੇ ਲੋਕ ਨਿਰਮਾਣ ਮੰਤਰੀ ਅਸ਼ੋਕ ਚੌਹਾਨ ਨੇ ਦਾਅਵਾ ਕਰ ਦਿੱਤਾ ਕਿ ਸਿੱਖ ਸੰਗਤ ਨੂੰ ਪੰਜਾਬ ਤੋਂ ਆਈਆਂ ਬੱਸਾਂ ਦੇ ਡਰਾਈਵਰਾਂ ਤੋਂ ਹੀ ਕੋਰੋਨਾ ਦੀ ਲਾਗ ਲੱਗੀ ਹੈ। ਇਸ ਦਾਅਵੇ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਰਾਜ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਪਾਰਟੀ ਸਿੱਖ ਸੰਗਤ ਨੂੰ ਕੋਰੋਨਾ ਹੋਣ ਲਈ ਮਹਾਰਾਸ਼ਟਰ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਉੱਥੋਂ ਚੱਲਣ ਸਮੇਂ ਸਰਕਾਰ ਨੇ ਕਿਸੇ ਦਾ ਵੀ ਟੈਸਟ ਨਹੀਂ ਕਰਵਾਇਆ। ਇਸ ਦੇ ਨਾਲ ਹੀ ਅਸ਼ੋਕ ਚੌਹਾਨ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਪੰਜਾਬ ਦੀ ਟਰਾਂਸਪੋਰਟ ਮੰਤਰੀ ਬੀਬੀ ਰਜ਼ੀਆ ਸੁਲਤਾਨ ਨੇ ਕਿਹਾ ਕਿ ਪੰਜਾਬ ਪਰਤੇ ਸਾਰੇ ਸ਼ੁਰੂਆਤੀ ਜੱਥੇ ਮਹਾਰਾਸ਼ਟਰ ਦੇ ਵਾਹਨਾਂ ‘ਚ ਆਏ ਸਨ। ਰਜ਼ੀਆ ਸੁਲਤਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੀਆਂ ਬੱਸਾਂ ਦੁਆਰਾ ਸ਼ਰਧਾਲੂਆਂ ਨੂੰ ਲਿਆਉਣ ਤੋਂ ਪਹਿਲਾਂ ਹੀ ਕੁਝ ਨਿੱਜੀ ਵਾਹਨ ਨਾਂਦੇੜ ਸਾਹਿਬ ਤੋਂ ਪੰਜਾਬ ਲਈ ਰਵਾਨਾ ਹੋ ਗਏ ਸਨ ਅਤੇ ਇਨ੍ਹਾਂ ਨਿੱਜੀ ਵਾਹਨਾਂ ‘ਚ ਸਵਾਰ ਮੁਸਾਫ਼ਰਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਿਨ੍ਹਾਂ ‘ਚ ਇਕ ਨਾਂਦੇੜ ਨਾਲ ਸਬੰਧਿਤ ਡਰਾਈਵਰ ਵੀ ਸ਼ਾਮਿਲ ਹੈ।


Share