ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰੋਨਾ ਦੇ ਵਧ ਰਹੇ ਪ੍ਰਭਾਵ ਕਾਰਨ ਮੁਲਤਵੀ

97
Share

ਅੰਮਿ੍ਰਤਸਰ, 29 ਅਪ੍ਰੈਲ (ਪੰਜਾਬ ਮੇਲ)-ਕੋਰੋਨਾ ਦੇ ਵਧ ਰਹੇ ਪ੍ਰਭਾਵ ਕਾਰਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ 10 ਮਈ ਨੂੰ ਕਿਵਾੜ ਖੋਲ੍ਹੇ ਜਾ ਰਹੇ ਸਨ, ਜਿਸ ਲਈ ਟਰੱਸਟ ਤੇ ਪ੍ਰਸ਼ਾਸਨ ਵੱਲੋਂ ਬਕਾਇਦਾ ਤਿਆਰੀਆਂ ਜੰਗੀ ਪੱਧਰ ’ਤੇ ਚੱਲ ਰਹੀਆਂ ਸਨ। ਅਜਿਹੇ ’ਚ ਫ਼ੌਜ ਵੱਲੋਂ ਵੀ ਬਰਫ਼ ਹਟਾ ਕੇ ਸੰਗਤ ਲਈ ਰਸਤਾ ਲਗਭਗ ਤਿਆਰ ਕੀਤਾ ਜਾ ਚੁੱਕਾ ਹੈ। ਪਿਛਲੇ ਸਾਲ ਵੀ ਕੋਰੋਨਾ ਕਰਕੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਪ੍ਰਭਾਵਿਤ ਹੋਈ ਸੀ। ਇਸ ਸਬੰਧੀ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਉੱਤਰਾਖੰਡ ’ਚ ਕੋਰੋਨਾ ਕਾਰਨ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਕਰਨਾ ਅਸੰਭਵ ਹੈ, ਜਿਸ ਲਈ ਟਰੱਸਟ ਵੱਲੋਂ ਸੰਗਤ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਹਾਲਾਤ ਸਾਜ਼ਗਾਰ ਹੋਣਗੇ, ਯਾਤਰਾ ਸ਼ੁਰੂ ਕਰਨ ਸਬੰਧੀ ਅਗਲੀ ਤਰੀਕ ਬਾਰੇ ਸੰਗਤ ਨੂੰ ਸੂਚਿਤ ਕਰ ਦਿੱਤਾ ਜਾਵੇਗਾ।

Share