ਸ੍ਰੀ ਹਰਿਮੰਦਰ ਸਾਹਿਬ ਚ ਸੰਗਤਾਂ ਦੀ ਆਮਦ ਸ਼ੁਰੂ

632
Share

ਅੰਮ੍ਰਿਤਸਰ, 17 ਮਈ (ਪੰਜਾਬ ਮੇਲ)- ਪਿਛਲੇ ਲਗਭਗ ਦੋ ਮਹੀਨਿਆਂ ਤੋਂ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅਤੇ ਨਾਲ ਲੱਗਦੇ ਗੁਰਦੁਆਰਾ ਸਾਹਿਬਾਨ ਵਿਖੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਇਹਤਿਆਦ ਵਰਤਦਿਆਂ ਪੁਲਸ ਕਰਮਚਾਰੀਆਂ ਨੇ ਨਾਕਿਆਂ ਤੇ ਪੂਰੀ ਮੁਸਤੈਦੀ ਨਾਲ ਸਖਤੀ ਕਰ ਰੱਖੀ ਸੀ ਪਰ ਬੀਤੇ ਕੁਝ ਦਿਨਾਂ ਤੋਂ ਕਰਫਿਊ ‘ਚ ਢਿੱਲ ਹੋਣ ਕਾਰਣ ਤੇ ਹੁਣ ਕਰਫਿਊ ਖੁੱਲ੍ਹ ਜਾਣ ਕਾਰਨ ਅੱਜ ਘੱਟ ਗਿਣਤੀ ‘ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਿਨ ਪਹਿਰੇ ਦੀਆਂ ਸੰਗਤਾਂ ਨਾਲ ਕੁਝ ਬਾਹਰੀ ਸੰਗਤਾਂ ਵੀ ਦਰਸ਼ਨਾ ਲਈ ਗਈਆਂ। ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਸੰਗਤਾਂ ਨੇ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆਂ ਤੇ ਗੁਰੂ ਪਾਤਸ਼ਾਹ ਅੱਗੇ ਗੁਰਦੁਆਰਿਆਂ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ ਦੀਦਾਰੇ ਕਰਨ ਦੀ ਅਰਦਾਸ ਕੀਤੀ। ਇਸ ਉਪਰੰਤ ਸੰਗਤਾਂ ਨੇ ਛਬੀਲ ‘ਤੇ ਠੰਢੇ ਜਲ ਦੀ ਸੇਵਾ,ਜੂਠੇ ਬਰਤਨ ਮਾਂਜਣ ਦੀ ਸੇਵਾ, ਜੌੜਿਆਂ ਦੀ ਸੇਵਾ ਦੇ ਇਲਾਵਾ ਇਸ਼ਨਾਨ ਦੀ ਸੇਵਾ ਕੀਤੀ। ਸੰਗਤਾਂ ਦੀ ਕੁਝ ਆਮਦ ਹੋਣ ਕਾਰਣ ਅੱਜ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਵੀ ਫਾਸਲਾ ਰੱਖਦੇ ਹੋਏ ਕੁਝ ਸੰਗਤਾਂ ਨੂੰ ਲੰਗਰ ਛਕਾਇਆ ਗਿਆ। ਲੰਬਾ ਸਮਾਂ ਲੰਗਰ ਹਾਲ ‘ਚ ਸੁੰਨ-ਸਾਨ ਛਾਈ ਰਹਿਣ ਦੇ ਬਾਅਦ ਅੱਜ ਕੁਝ ਚਹਿਲ-ਪਹਿਲ ਜਾਪੀ। ਸੇਵਾਦਾਰਾਂ ਨੇ ਸੰਗਤਾਂ ਨੂੰ ਸਤਿਨਾਮ ਵਾਹਿਗੁਰੂ ਦਾ ਜਾਪੁ ਜਪਾਉਂਦਿਆਂ ਲੰਗਰ ਛਕਾਇਆ। ਲੰਗਰ ਛੱਕ ਕੇ ਸੰਗਤਾਂ ਤ੍ਰਿਪਤ ਹੋਈਆਂ ਤੇ ਧੰਨ ਸ੍ਰੀ ਗੁਰੂ ਰਾਮਦਾਸ ਤੇਰਾ ਛੁਕਰ ਹੈ ਕਹਿੰਦੀਆਂ ਦਿਖਾਈ ਦਿੱਤੀਆਂ।


Share