ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਕੋਰੋਨਾ ਟੈਸਟ ਜ਼ਰੂਰੀ

132
Share

ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ 15 ਤੇ 16 ਫ਼ਰਵਰੀ ਨੂੰ ਸ਼ਰਧਾਲੂਆਂ ਦਾ ਕੀਤਾ ਜਾਵੇਗਾ ਕੋਰੋਨਾ ਟੈਸਟ-ਬੀਬੀ ਜਗੀਰ ਕੌਰ

ਅੰਮ੍ਰਿਤਸਰ, 11 ਫਰਵਰੀ (ਪੰਜਾਬ ਮੇਲ)-  ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਸਿੱਖ ਸ਼ਰਧਾਲੂਆਂ ਲਈ ਕੋਰੋਨਾ ਟੈਸਟ ਲਾਜ਼ਮੀ ਹੋਵੇਗਾ। ਦਿੱਲੀ ਸਥਿਤ ਪਾਕਿਸਤਾਨ ਅੰਬੈਸੀ ਵੱਲੋਂ 18 ਫ਼ਰਵਰੀ ਤੋਂ 72 ਘੰਟੇ ਪਹਿਲਾਂ ਕੋਰੋਨਾ ਟੈਸਟ ਜ਼ਰੂਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ਼ਹੀਦੀ ਸਾਕੇ ਦੀ ਸ਼ਤਾਬਦੀ ਸਬੰਧੀ 18 ਫ਼ਰਵਰੀ ਤੋਂ 25 ਫ਼ਰਵਰੀ ਤੱਕ ਜਥਾ ਪਾਕਿਸਤਾਨ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼ਹੀਦੀ ਸਾਕੇ ਦੇ ਸੌ ਸਾਲਾ ਦਿਹਾੜੇ ਸਮੇਂ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਪਾਕਿਸਤਾਨ ਅੰਬੈਸੀ ਨੂੰ ਵੇਰਵੇ ਭੇਜੇ ਗਏ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਨ੍ਹਾਂ ਵੀ ਸ਼ਰਧਾਲੂਆਂ ਨੇ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਕੋਲ ਜਮ੍ਹਾਂ ਕਰਵਾਏ ਹਨ, ਅੰਬੈਸੀ ਅਨੁਸਾਰ ਉਨ੍ਹਾਂ ਲਈ 18 ਫ਼ਰਵਰੀ ਤੋਂ 72 ਘੰਟੇ ਪਹਿਲਾਂ ਕੋਰੋਨਾ ਟੈਸਟ ਕਰਵਾਉਣ ਜ਼ਰੂਰੀ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਵੀ ਸਿਹਤ ਵਿਭਾਗ ਵੱਲੋਂ 15 ਅਤੇ 16 ਫ਼ਰਵਰੀ ਨੂੰ ਸਵੇਰੇ 10:00 ਵਜੇ ਤੋਂ ਕੋਰੋਨਾ ਟੈਸਟ ਲਈ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸ਼ਰਧਾਲੂਆਂ ਨੇ ਪਾਸਪੋਰਟ ਜਮ੍ਹਾਂ ਕਰਵਾਏ ਹਨ, ਉਹ ਆਪਣਾ ਕੋਰੋਨਾ ਟੈਸਟ ਕਰਵਾਉਣ ਉਕਤ ਤਾਰੀਕਾਂ ਅਨੁਸਾਰ ਪੁੱਜ ਸਕਦੇ ਹਨ। ਇਸ ਤੋਂ ਇਲਾਵਾ ਸ਼ਰਧਾਲੂ ਆਪਣੇ ਤੌਰ ’ਤੇ ਵੀ 18 ਫ਼ਰਵਰੀ ਤੋਂ 72 ਘੰਟੇ ਪਹਿਲਾਂ ਕੋਰੋਨਾ ਟੈਸਟ ਕਰਵਾ ਸਕਦੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਪਾਕਿਸਤਾਨ ਜਾਣ ਲਈ 72 ਘੰਟੇ ਪਹਿਲਾਂ ਦੀ ਕੋਰੋਨਾ ਰਿਪੋਰਟ ਜ਼ਰੂਰੀ ਹੈ।

Share