ਸ੍ਰੀ ਦਰਬਾਰ ਸਾਹਿਬ ਵਿਖੇ ਯੂਨਾਈਟਡ ਸਿੱਖ ਮਿਸ਼ਨ ਕੈਲੀਫੋਰਨੀਆ ਵੱਲੋਂ 8 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਜਾਵੇਗੀ ਸੋਲਰ ਸਿਸਟਮ ਦੀ ਸੇਵਾ

163
ਯੂਨਾਈਟਿਡ ਸਿੱਖ ਮਿਸ਼ਨ ਅਤੇ ਸਿੱਖ ਲੈਨਜ਼ ਫਾਊਂਡੇਸ਼ਨ ਕੈਲੀਫੋਰਨੀਆ ਦੇ ਵਫਦ ਨੂੰ ਸਨਮਾਨਿਤ ਕਰਦੇ ਹੋਏ ਬੀਬੀ ਜਗੀਰ ਕੌਰ ਪ੍ਰਧਾਨ, ਸ. ਸੁਰਜੀਤ ਸਿੰਘ ਭਿੱਟੇਵੱਡ, ਭਾਈ ਮਨਜੀਤ ਸਿੰਘ ਤੇ ਹੋਰ।
Share

ਤਖ਼ਤ ਸਾਹਿਬਾਨਾਂ ਦੇ ਨਾਲ-ਨਾਲ ਬਾਹਰਲੇ ਗੁਰਦੁਆਰਾ ਸਾਹਿਬਾਨ ’ਚ ਵੀ ਲਗਾਇਆ ਜਾਵੇਗਾ ਸੋਲਰ ਸਿਸਟਮ : ਬੀਬੀ ਜਗੀਰ ਕੌਰ
ਅੰਮਿ੍ਰਤਸਰ, 22 ਮਾਰਚ (ਪੰਜਾਬ ਮੇਲ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀਆਂ ਇਮਾਰਤਾਂ ’ਤੇ ਸੋਲਰ ਸਿਸਟਮ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਯੂਨਾਈਟਿਡ ਸਿੱਖ ਮਿਸ਼ਨ ਕੈਲੀਫੋਰਨੀਆ ਅਤੇ ਸਿੱਖ ਲੈਨਜ਼ ਫਾਊਂਡੇਸ਼ਨ ਕੈਲੀਫੋਰਨੀਆ ਦੇ ਵਫਦ ਨਾਲ ਮੀਟਿੰਗ ਉਪਰੰਤ ਦਿੱਤੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੋਲਰ ਸਿਸਟਮ ਲਗਾਉਣ ਦੇ ਫੈਸਲੇ ਮਗਰੋਂ ਯੂਨਾਈਟਡ ਸਿੱਖ ਮਿਸ਼ਨ ਅਮਰੀਕਾ ਦੇ ਮੁਖੀ ਸ. ਰਛਪਾਲ ਸਿੰਘ ਢੀਂਡਸਾ ਨੇ ਇਸ ਕਾਰਜ ਦੀ ਸੇਵਾ ਲਈ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਪ੍ਰਵਾਨ ਕੀਤਾ ਹੈ।
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਹ ਸੇਵਾ ਯੂਨਾਈਟਿਡ ਸਿੱਖ ਮਿਸ਼ਨ ਅਤੇ ਸਿੱਖ ਲੈਨਜ਼ ਫਾਉਂਡੇਸ਼ਨ ਵੱਲੋਂ ਕੀਤੀ ਜਾ ਰਹੀ ਹੈ। ਇਹ ਸੋਲਰ ਸਿਸਟਮ ਇਕ ਮੈਗਾਵਾਟ ਦਾ ਹੋਵੇਗਾ, ਜਿਸ ਉਪਰ ਲਗਭਗ 8 ਕਰੋੜ ਖਰਚ ਆਵੇਗਾ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜੁਆਬ ਵਿਚ ਉਨ੍ਹਾਂ ਦੱਸਿਆ ਕਿ ਸੋਲਰ ਸਿਸਟਮ ਦੇ ਚਾਲੂ ਹੋਣ ਨਾਲ ਸਾਲਾਨਾ ਇੱਕ ਕਰੋੜ ਰੁਪਏ ਤੋਂ ਵੱਧ ਦੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਹ ਪ੍ਰੋਜੈਕਟ ਤਖ਼ਤ ਸਾਹਿਬਾਨਾਂ ਦੇ ਨਾਲ-ਨਾਲ ਬਾਹਰਲੇ ਗੁਰਦੁਆਰਾ ਸਾਹਿਬਾਨ ’ਚ ਵੀ ਲਗਾਇਆ ਜਾਵੇਗਾ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਵਿਦੇਸ਼ਾਂ ’ਚ ਵਸਦੀ ਸਿੱਖ ਸੰਗਤ ਦੇ ਮਨ ਅੰਦਰ ਗੁਰੂ ਘਰਾਂ ਪ੍ਰਤੀ ਅਥਾਹ ਸ਼ਰਧਾ ਹੈ। ਸਿੱਖ ਸੰਗਤਾਂ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਵੱਡਭਾਗਾ ਮਹਿਸੂਸ ਕਰਦੀਆਂ ਹਨ। ਉਨ੍ਹਾਂ ਇਸ ਕਾਰਜ ਲਈ ਯੂਨਾਈਟਿਡ ਸਿੱਖ ਮਿਸ਼ਨ ਤੇ ਸਿੱਖ ਲੈਨਜ਼ ਫਾਊਂਡੇਸ਼ਨ ਦਾ ਧੰਨਵਾਦ ਕੀਤਾ ਅਤੇੇ ਸ. ਰਛਪਾਲ ਸਿੰਘ ਮੁਖੀ ਯੂਨਾਈਟਿਡ ਸਿੱਖ ਮਿਸ਼ਨ ਤੇ ਵਫਦ ਮੈਂਬਰਾਂ ਦਾ ਲੋਈ, ਸਿਰੋਪਾਓ ਤੇ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਨਾਲ ਸਨਮਾਨ ਕੀਤਾ।
ਸਿੱਖ ਲੈਨਜ਼ ਫਾਊਂਡੇਸ਼ਨ ਕੈਲੀਫੋਰਨੀਆ ਦੇ ਪ੍ਰਧਾਨ ਸ. ਵਿੱਕੀ ਸਿੰਘ ਬੀਬੀ ਜਗੀਰ ਕੌਰ ਨੂੰ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਗੁਰਦੁਆਰਿਆਂ ਦੀ ਜਾਣਕਾਰੀ ਨਾਲ ਸਬੰਧਿਤ ਪੁਸਤਕਾਂ ਭੇਟ ਕਰਦੇ ਹੋਏ।

ਇਸ ਮੌਕੇ ਯੂਨਾਈਟਿਡ ਸਿੱਖ ਮਿਸ਼ਨ ਦੇ ਮੁਖੀ ਸ. ਰਛਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਸ਼ੁਕਰਗੁਜਾਰ ਹਾਂ ਜਿਨ੍ਹਾਂ ਨੇ ਕਿ੍ਰਪਾ ਕਰਕੇ ਸਾਨੂੰ ਇਸ ਸੇਵਾ ਲਈ ਚੁਣਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਵਿਚ ਬੈਠਾ ਹਰ ਸਿੱਖ ਗੁਰੂ ਘਰ ਦੀਆਂ ਸੇਵਾਵਾਂ ਦੀ ਚਾਹਤ ਰੱਖਦਾ ਹੈ। ਉਨ੍ਹਾਂ ਪ੍ਰੋਜੈਕਟ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਇਸ ਕਾਰਜ ਨੂੰ ਕਰੀਬ ਚਾਰ ਮਹੀਨੇ ਵਿਚ ਪੂਰਾ ਕਰਨ ਦਾ ਯਤਨ ਕਰਾਂਗੇ। ਉਨ੍ਹਾਂ ਦੱਸਿਆ ਕਿ ਸੱਤ ਕੰਪਨੀਆਂ ਵੱਲੋਂ ਸਾਡੇ ਪਾਸ ਪ੍ਰਪੋਜ਼ਲ ਪਹੁੰਚੀ ਹੈ, ਜਿਸ ’ਤੇ ਵਿਚਾਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਟੀਮ ਕੰਮ ਕਰ ਰਹੀ ਹੈ, ਜਿਸ ਵਿਚ ਸ. ਬਲਦੇਵ ਸਿੰਘ ਕੰਗ, ਸ. ਬਲੌਰ ਸਿੰਘ ਰਿਟਾਇਰਡ ਡਾਇਰੈਕਟਰ ਪੇਡਾ, ਸ. ਐੱਨ.ਪੀ. ਸਿੰਘ ਸਾਬਕਾ ਡੀਨ ਪੀ.ਟੀ.ਯੂ., ਮਾਸਟਰ ਰਣਜੀਤ ਸਿੰਘ ਤੇ ਸ. ਅਵਤਾਰ ਸਿੰਘ ਸ਼ਾਮਲ ਹਨ।

ਇਸ ਤੋਂ ਪਹਿਲਾਂ ਸਿੱਖ ਲੈਨਜ਼ ਫਾਊਂਡੇਸ਼ਨ ਦੇ ਮੁਖੀ ਸ. ਵਿੱਕੀ ਸਿੰਘ ਨੇ ਬੀਬੀ ਜਗੀਰ ਕੌਰ ਨੂੰ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਗੁਰਦੁਆਰਿਆਂ ਦੀ ਜਾਣਕਾਰੀ ਨਾਲ ਸਬੰਧਿਤ ਪੁਸਤਕਾਂ ਭੇਟ ਕੀਤੀਆਂ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਮੈਂਬਰ ਭਾਈ ਮਨਜੀਤ ਸਿੰਘ, ਸ. ਅਮਰੀਕ ਸਿੰਘ ਵਿਛੋਆ, ਸ. ਗੁਰਮੀਤ ਸਿੰਘ ਬੂਹ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ, ਡਾ. ਸੁਖਬੀਰ ਸਿੰਘ ਓ.ਐੱਸ.ਡੀ., ਸ. ਮਲਕੀਤ ਸਿੰਘ ਬਹਿੜਵਾਲ ਸੁਪਰੀਟੈਂਡੈਂਟ, ਸ. ਮੇਜਰ ਸਿੰਘ ਸੁਪਰਵਾਈਜ਼ਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:¿;
1.
2. ਸਿੱਖ ਲੈਨਜ਼ ਫਾਊਂਡੇਸ਼ਨ ਕੈਲੀਫੋਰਨੀਆ ਦੇ ਪ੍ਰਧਾਨ ਸ. ਵਿੱਕੀ ਸਿੰਘ ਬੀਬੀ ਜਗੀਰ ਕੌਰ ਨੂੰ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਗੁਰਦੁਆਰਿਆਂ ਦੀ ਜਾਣਕਾਰੀ ਨਾਲ ਸਬੰਧਿਤ ਪੁਸਤਕਾਂ ਭੇਟ ਕਰਦੇ ਹੋਏ।
********************************************

Share