ਸ੍ਰੀ ਡੇਵਿਡ ਪਾਈਨ ਹੋਣਗੇ ਭਾਰਤ ਦੇ ਵਿਚ ਨਿਊਜ਼ੀਲੈਂਡ ਦੇ ਨਵੇਂ ਹਾਈ ਕਮਿਸ਼ਨਰ- ਵਿਦੇਸ਼ ਮੰਤਰੀ ਵੱਲੋਂ ਨਿਯੁਕਤੀ

710
ਸ੍ਰੀ ਡੇਵਿਡ ਪਾਈਨ, ਜਿਨ੍ਹਾਂ ਨੂੰ ਭਾਰਤ ਵਿਚ ਨਿਊਜ਼ੀਲੈਂਡ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ।
Share

ਔਕਲੈਂਡ, 5 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਸ੍ਰੀ ਵਿਨਸਨ ਪੀਟਰਜ ਵੱਲੋਂ ਸ੍ਰੀ ਡੇਵਿਡ ਪਾਈਨ ਨੂੰ ਭਾਰਤ ‘ਚ ਨਵੇਂ ਹਾਈ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਸ੍ਰੀ ਵਿਨਸਨ ਪੀਟਰਜ਼ ਅਤੇ ਵਪਾਰ ਮੰਤਰੀ ਸ੍ਰੀ ਡੇਵਿਡ ਪਾਰਕਰ ਬੀਤੀ 25 ਫਰਵਰੀ ਤੋਂ 29 ਫਰਵਰੀ ਤੱਕ ਭਾਰਤ ਦੌਰੇ ਉਤੇ ਗਏ ਸਨ। ਨਵੀਂ ਦਿੱਲੀ ਅਤੇ ਮੁੰਬਈ ਦਫਤਰ ਵਿਖੇ ਉਨ੍ਹਾਂ ਦੋਹਾਂ ਪਾਸਿਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਭਾਰਤ-ਨਿਊਜ਼ੀਲੈਂਡ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਉਤੇ ਵਿਚਾਰਾਂ ਕੀਤੀਆਂ ਸਨ। ਭਾਰਤ ਨਿਊਜ਼ੀਲੈਂਡ ਆਪਸੀ ਵਪਾਰ 2 ਬਿਲੀਅਨ ਤੋਂ ਉਪਰ ਦਾ ਹੈ। ਸ੍ਰੀ ਪਾਈਨ ਇਸ ਤੋਂ ਪਹਿਲਾਂ 2011 ਤੋਂ 2014 ਤੱਕ ਮਲੇਸ਼ੀਆ ਅਤੇ ਬਰੂਨੀ ਵਿਖੇ ਭਾਰਤ ਦੇ ਹਾਈ ਕਮਿਸ਼ਨਰ ਅਤੇ ਨਿਊਯਾਰਕ, ਕੈਨਬਰਾ ਤੇ ਫਿਲੀਪੀਨਜ਼ ਦੇ ਵਿਚ ਰਾਜਦੂਤ ਰਹਿ ਚੁੱਕੇ ਹਨ। ਸ੍ਰੀ ਡੇਵਿਡ ਪਾਈਨ ਕਾਫੀ ਪੜ੍ਹੇ ਲਿਖੇ ਹਨ ਅਤੇ ਓਟਾਗੋ ਯੂਨੀਵਰਸਿਟੀ ‘ਚ ਸਲਾਹਕਾਰ ਵੀ ਰਹੇ ਹਨ। 27 ਸਾਲ ਦੀ ਉਮਰ ਤੱਕ ਉਹ ਇਕ ਮਿਊਜ਼ਕ ਬੈਂਡ ਦੇ ਨਾਲ ਵੀ ਕੰਮ ਕਰਦੇ ਸਨ ਪਰ ਇਸ ਕੰਮ ਵਿਚ ਪੈਸਾ ਨਾ ਹੋਣ ਕਰਕੇ ਉਨ੍ਹਾਂ ਕੁਝ ਹੋਰ ਕਰਨ ਦਾ ਸੋਚਿਆ ਸੀ।
ਭਾਰਤ ਦੇ ਵਿਚ ਹਾਈ ਕਮਿਸ਼ਨਰ ਦੀ ਜਗ੍ਹਾ ਕੁਝ ਸਮੇਂ ਤੋਂ ਇਸ ਕਰਕੇ ਖਾਲੀ ਚੱਲ ਰਹੀ ਸੀ ਕਿਉਂਕਿ ਉਥੇ  ਦਸੰਬਰ 2016 ਤੋਂ ਨਿਯੁਕਤ ਹਾਈ ਕਮਿਸ਼ਨਰ ਮੈਡਮ ਜਾਓਨਾ ਕੈਂਪਕਰਜ਼ ਆਪਣੀ ਨੌਕਰੀ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਵਾਪਿਸ ਨਿਊਜ਼ੀਲੈਂਡ ਪਰਤ ਆਈ ਸੀ ਅਤੇ ਵਿਦੇਸ਼ ਮੰਤਰਾਲੇ ਦੇ ਵਿਚ ਡਿਵੀਜ਼ਨ ਮੈਨੇਜਰ (ਗਲੋਬਲ ਡਿਵੈਲਪਮੈਂਟ ਐਂਡ ਸਕਾਲਰਸ਼ਿੱਪ) ਵਜੋਂ ਸੇਵਾ ਕਰਨ ਲੱਗੀ ਸੀ। ਇਸ ਦੌਰਾਨ ਸ੍ਰੀ ਗ੍ਰਾਹਮ ਮੌਰਟਨ ਜੋ ਕਿ ਪ੍ਰਿੰਸੀਪਲ ਅਡਵਾਈਜ਼ਰ ਏਸ਼ੀਆ ਅਤੇ ਅਮਰੀਕਾ ਹਨ, ਇਹ ਕਾਰਜ ਵੇਖ ਰਹੇ ਸਨ ਪਰ ਉਹ ਵੀ ਵਿਦੇਸ਼ ਮੰਤਰੀ ਦੀ ਯਾਤਰਾ ਬਾਅਦ ਵਲਿੰਗਟਨ ਆ ਗਏ ਸਨ। ਇਸ ਤੋਂ ਬਾਅਦ ਸਾਰਾ ਕੰਮ ਡਿਪਟੀ ਹਾਈ ਕਮਿਸ਼ਨਰ ਏਰਿਨ ਡਨਕਨ ਵੇਖ ਰਹੀ ਸੀ। ਏਅਰ ਨਿਊਜ਼ੀਲੈਂਡ ਦੀਆਂ ਦਿੱਲੀ ਤੋਂ ਆਈਆਂ ਦੋ ਵਿਸ਼ੇਸ਼ ਫਲਾਈਟਾਂ 24 ਅਪ੍ਰੈਲ ਅਤੇ 30 ਅਪ੍ਰੈਲ ਨੂੰ ਏਰਿਨ ਨੇ ਖੁਦ ਏਅਰਪੋਰਟ ਉਤੇ ਕੀਵੀਆਂ ਦੀ ਸਹਾਇਤਾ ਕੀਤੀ ਸੀ। ਸ੍ਰੀ ਡੇਵਿਡ ਪਾਈਨ ਬੰਗਲਾਦੇਸ਼ ਅਤੇ ਨੇਪਾਲ ਦਾ ਕਾਰਜ ਵੀ ਵੇਖਣਗੇ। ਉਹ ਛੇਤੀਂ ਹੀ ਕਾਰਜ ਭਾਰ ਸੰਭਾਲਣਗੇ।


Share