ਸ੍ਰੀ ਗੁਰੂ ਰਵਿਦਾਸ ਜੀ ਦਾ 644ਵਾਂ ਗੁਰਪੁਰਬ ਫਰਿਜ਼ਨੋ ਵਿਖੇ ਬੜੀ ਸਰਧਾ ਨਾਲ ਮਨਾਇਆ ਗਿਆ

244
Share

‘‘ਕੋਵਿਡ-19 ਵੈਕਸੀਨ ਫਰੀ ਦਿੱਤੀ ਗਈ’’
ਫਰਿਜ਼ਨੋ, 9 ਮਾਰਚ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਸਮੁੱਚੇ ਭਾਰਤ ਦੀ ਸੰਸਕਿ੍ਰਤੀ ਅੰਦਰ ਮਿਹਨਤੀਆਂ ਦੇ ਮਸੀਹਾਂ ਅਤੇ ਗੁਲਾਮ ਸਾਮਰਾਜ ਵਿਰੁੱਧ ਆਵਾਜ਼ ਉਠਾਉਣ ਵਾਲੇ ਕ੍ਰਾਂਤੀਕਾਰੀ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ 644ਵਾਂ ਗੁਰਪੁਰਬ ਸ੍ਰੀ ਗੁਰੂ ਰਵਿਦਾਸ ਟੈਂਪਲ, ਚੈਰੀ ਐਵਨਿਉ, ਫਰਿਜ਼ਨੋ ਵਿਖੇ ਮਨਾਇਆ ਗਿਆ। ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰੂਹਾਨੀ ਗੁਰਮਤਿ ਵਿਚਾਰਾਂ ਹੋਈਆਂ ਅਤੇ ਕੀਰਤਨ ਦੀਵਾਨ ਸਜੇ। ਜਿਸ ਵਿਚ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਰਾਮ ਸਿੰਘ ਜੀ ਅਤੇ ਕੀਰਤਨੀ ਜੱਥੇ ਤੋਂ ਇਲਾਵਾ ਬਹੁਤ ਸਾਰੇ ਕੀਰਤਨੀ ਜੱਥਿਆਂ ਨੇ ਗੁਰਮਤਿ ਵਿਚਾਰਾਂ ਅਤੇ ਕੀਰਤਨ ਰਾਹੀਂ ਹਾਜ਼ਰੀ ਭਰੀ। ਰਾਜ ਬਰਾੜ ਯਮਲਾ ਨੇ ਵੀ ਗੁਰੂ ਜੀ ਦੀ ਸ਼ੋਭਾ ਦੇ ਗੁਣ ਗਾਇਨ ਕੀਤੇ। ਇਸ ਸਮਾਗਮ ਦੌਰਾਨ ਸਮੁੱਚੇ ਅਮਰੀਕਾ ਤੋਂ ਪਹੁੰਚੇ ਵੱਖ-ਵੱਖ ਗੁਰੂਘਰਾਂ ਦੇ ਪ੍ਰਤੀਨਿਧੀਆਂ ਨੇ ਸਟੇਜ ਤੋਂ ਧਾਰਮਿਕ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਵਿਚਾਰਾਂ ਦੀ ਸਾਂਝ ਪਾਈ। ਗੁਰੂਘਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਬਾਹਰਲੇ ਗੁਰੂਘਰਾਂ ਤੋਂ ਆਏ ਬੁਲਾਰੇ ਅਤੇ ਸਥਾਨਕ ਸੇਵਾਦਾਰਾਂ ਨੂੰ ਧਾਰਮਿਕ ਅਤੇ ਭਾਈਚਾਰਕ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਦੀ ਸੇਵਾ ਦੇਸਰਾਜ ਬੰਗੜ ਨੇ ਨਿਭਾਈ। ਗੁਰੂ ਦੀ ਮਹਿਮਾ ਦੇ ਨਾਲ-ਨਾਲ ਤਿੰਨੇ ਦਿਨ ਸ਼ਾਮ ਦੇ ਦੀਵਾਨ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ।
ਗੁਰੂਘਰ ਵਿਚ ਇਸ ਸਮੇਂ ਖੂਨਦਾਨ ਅਤੇ ਮੈਡੀਕਲ ਚੈੱਕਅੱਪ ਕੈਂਪ ਵੀ ਲਾਇਆ ਗਿਆ ਸੀ, ਜਿਸ ਵਿਚ ‘ਵੈਲੀ ਹੈਲਥ ਟੀਮ’ ਦੇ ਮੈਡੀਕਲ ਸਟਾਫ ਵੱਲੋਂ ਡਾ. ਸਤਨਾਮ ਸਿੰਘ ਬੰਗੜ ਦੀ ਅਗਵਾਈ ਅਧੀਨ ਕੋਵਿਡ-19 ਦੀ ਵੈਕਸੀਨ ਵੀ ਹਾਜ਼ਰ ਸੰਗਤਾਂ ਨੂੰ ਫਰੀ ਦਿੱਤੀ ਗਈ। ਸਮੁੱਚੇ ਪ੍ਰੋਗਰਾਮ ਦੇ ਪ੍ਰਬੰਧਕਾਂ ਵਿਚ ਗੁਰੂਘਰ ਦੀ ਪ੍ਰਬੰਧਕ ਕਮੇਟੀ ਅਤੇ ਸਾਧ-ਸੰਗਤ ਨੇ ਵੱਧਚੜ੍ਹ ਕੇ ਹਿੱਸਾ ਲਿਆ। ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਸੰਗਤਾਂ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੁੜੀਆਂ।
ਸਮੁੱਚੇ ਤੌਰ ’ਤੇ ਇਹ ਸਮਾਗਮ ਦੀ ਹਮੇਸਾ ਵਾਂਗ ਇਹ ਵਿਸ਼ੇਸ਼ ਮਹਾਨਤਾ ਰਹੀ ਕਿ ਜਾਤ-ਪਾਤ ਦੇ ਵਿਤਕਰੇ ਤੋਂ ਉਪਰ ਉੱਠ ਕੇ ਸਮੁੱਚੇ ਪੰਜਾਬੀ ਭਾਈਚਾਰੇ ਨੇ ਇਸ ਨੂੰ ਬਹੁਤ ਹੀ ਸ਼ਰਧਾ ਅਤੇ ਸਦਭਾਵਨਾ ਨਾਲ ਮਨਾਇਆ ਗਿਆ।

Share