-ਟਰੱਸਟ ਵੱਲੋਂ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਹਰ ਮਹੀਨੇ ਦੀ ਸੰਗਰਾਂਦ ਨੂੰ ਕਰਵਾਏ ਜਾਂਦੇ ਹਨ ਵਿਆਹ
– ਹੁਣ ਤੱਕ ਕਰੀਬ 24,900 ਜੋੜਿਆਂ ਦੇ ਵਿਆਹ ਕਰਵਾਏ ਜਾ ਚੁੱਕੇ ਹਨ: ਡਾ. ਐੱਸ.ਪੀ. ਸਿੰਘ ਓਬਰਾਏ
ਮਸਤੂਆਣਾ ਸਾਹਿਬ, 17 ਨਵੰਬਰ (ਰਵੀਕਾਂਤ ਸ਼ਰਮਾ/ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਜਿਥੇ ਸਮਾਜ ਭਲਾਈ ਦੇ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ, ਉਸੇ ਲੜੀ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਟਰੱਸਟ ਵੱਲੋਂ ਹਰ ਸੰਗਰਾਂਦ ਨੂੰ ਕੀਤੇ ਜਾਂਦੇ ਵਿਆਹਾਂ ਦੀ ਲੜੀ ਵਿਚ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਲੜਕੀਆਂ ਦੇ ਸਮੂਹ ਵਿਆਹ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰ ਮਹੀਨੇ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਨੂੰ ਕਰਵਾਏ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇਸ ਮੁਹਿੰਮ ਦਾ ਆਗਾਜ਼ ਸਾਲ 2008 ਵਿਚ ਬਾਬਾ ਸੁੱਧ ਸਿੰਘ ਨਾਲ ਮਿਲ ਕੇ ਕੀਤਾ ਗਿਆ ਸੀ। ਜਿਸ ਤਹਿਤ, 15 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ 14 ਮਾਰਚ ਨੂੰ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਜੀ ਦੀ ਬਰਸੀ ’ਤੇ 51-51 ਜੋੜਿਆਂ ਦੇ ਆਨੰਦ ਕਾਰਜ ਕਰਕੇ ਟਰੱਸਟ ਵੱਲੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਸਦਕਾ ਟਰੱਸਟ ਵੱਲੋਂ ਹੁਣ ਤੱਕ ਕਰੀਬ 24,900 ਵੱਖ-ਵੱਖ ਧਰਮਾਂ ਦੇ ਗਰੀਬ ਬੱਚੀਆਂ ਦਾ ਵਿਆਹ ਉਨ੍ਹਾਂ ਦੇ ਧਰਮ ਅਨੁਸਾਰ ਕਰਵਾਏ ਜਾ ਚੁੱਕੇ ਹਨ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜੱਸਾ ਸਿੰਘ ਸੰਧੂ ਨੇ ਦੱਸਿਆ ਕਿ ਡਾ. ਓਬਰਾਏ ਜੀ ਆਪਣੀ ਕਮਾਈ ਦਾ 95 ਫੀਸਦੀ ਹਿੱਸਾ ਦੀਨ-ਦੁੱਖੀਆਂ ਲਈ ਹਮੇਸ਼ਾ ਹੀ ਦਾਨ ਕਰਦੇ ਹਨ। ਉਸੇ ਲੜੀ ਤਹਿਤ ਅੱਜ ਬੱਚਿਆਂ ਦੀਆਂ ਸ਼ਾਦੀਆਂ ਕੀਤੀ ਗਈਆਂ ਹਨ ਅਤੇ ਇਨ੍ਹਾਂ ਨੂੰ ਲੋੜੀਂਦਾ ਸਾਜੋ-ਸਾਮਾਨ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਦਿੱਤਾ ਗਿਆ ਹੈ। ਇਸ ਮੌਕੇ, ਪ੍ਰਧਾਨ ਜੱਸਾ ਸਿੰਘ ਸੰਧੂ ਨੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਮੇਤ ਸਮੂਹ ਪਰਿਵਾਰਾਂ ਅਤੇ ਹੋਰ ਸਹਿਯੋਗੀਆਂ ਨੂੰ ਮੁਬਾਰਕਬਾਦ ਦਿੱਤੀ।