ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਗੁਰਪੁਰਬ ਮੌਕੇ ਐਲਕ ਗਰੋਵ ਸਿਟੀ ਵੱਲੋਂ ਮਤਾ ਪਾਸ

330
Share

ਸੈਕਰਾਮੈਂਟੋ, 5 ਮਈ (ਪੰਜਾਬ ਮੇਲ)- ਸੈਕਰਾਮੈਂਟੋ ਕਾਊਂਟੀ ਦੇ ਸ਼ਹਿਰ ਐਲਕ ਗਰੋਵ ਸਿਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਗੁਰਪੁਰਬ ਮੌਕੇ ਇਕ ਮਤਾ ਪਾਸ ਕੀਤਾ ਗਿਆ, ਜਿਸ ਦੌਰਾਨ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਮਨੁੱਖੀ ਅਧਿਕਾਰਾਂ ਲਈ ਦਿੱਤੀ ਕੁਰਬਾਨੀ ਬਾਰੇ ਜ਼ਿਕਰ ਕੀਤਾ ਗਿਆ। ਇਕ ਪ੍ਰੋਕਲਾਮੇਸ਼ਨ ਤਿਆਰ ਕੀਤਾ ਗਿਆ, ਜਿਸ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਗੁਰਪੁਰਬ ਬਾਰੇ ਅਤੇ ਅਮਰੀਕਾ ਵਿਚ ਸਿੱਖਾਂ ਦੇ ਯੋਗਦਾਨ ਬਾਰੇ ਵੀ ਲਿਖਿਆ ਗਿਆ ਹੈ। ਇਸ ਪ੍ਰੋਕਲਾਮੇਸ਼ਨ ’ਤੇ ਐਲਕ ਗਰੋਵ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ, ਵਾਇਸ ਮੇਅਰ ਸਟੈਫਨੀ ਨਿਊਨ, ਕੌਂਸਲ ਮੈਂਬਰ ਕੈਵਿਨ ਸਪੀਸ, ਕੌਂਸਲਮੈਂਬਰ ਪੈਟਰਿਕ ਹਿਊਮ ਅਤੇ ਕੌਂਸਲ ਮੈਂਬਰ ਡੈਰੇਨ ਸਿਊਨ ਦੇ ਹਸਤਾਖਰ ਹਨ।
ਇਸ ਪ੍ਰੋਕਲਾਮੇਸ਼ਨ ਨੂੰ ਤਿਆਰ ਕਰਨ ਲਈ ਸਿਟੀ ਦੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਅਹਿਮ ਰੋਲ ਅਦਾ ਕੀਤਾ। ਇਸ ਮਤੇ ਨੂੰ ਪਾਸ ਕਰਨ ਉਪਰੰਤ ਬੌਬੀ ਸਿੰਘ ਐਲਨ ਵੱਲੋਂ ਇਸ ਨੂੰ ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਵਿਖੇ ਪ੍ਰਬੰਧਕੀ ਕਮੇਟੀ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਦੀ ਹਮਾਇਤ ’ਚ ਆਪਣੀ ਕੁਰਬਾਨੀ ਦਿੱਤੀ ਸੀ। ਉਨ੍ਹਾਂ ਦੀ ਇਸ ਲਾਸਾਨੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਗੁਰਦੁਆਰਾ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਗੁਰਪੁਰਬ ਮੌਕੇ ਕੀਰਤਨ ਦਰਬਾਰ ਸਜਾਏ ਗਏ। ਇਸ ਦੌਰਾਨ ਗੁਰਬਾਣੀ ਅਤੇ ਕੀਰਤਨ ਦਾ ਪ੍ਰਵਾਹ ਅਥਾਹ ਚੱਲਿਆ। ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਲਖਬੀਰ ਸਿੰਘ ਔਜਲਾ, ਸਕੱਤਰ ਗੁਰਿੰਦਰ ਸਿੰਘ ਲਾਡੀ, ਧੀਰਾ ਨਿੱਜਰ, ਦਵਿੰਦਰ ਸਿੰਘ ਝਾਵਰ, ਬੱਬੂ ਸੈਣੀ, ਗੁਰਜਤਿੰਦਰ ਸਿੰਘ ਰੰਧਾਵਾ ਅਤੇ ਹੋਰ ਕਮੇਟੀ ਮੈਂਬਰਾਂ ਨੇ ਇਸ ਪ੍ਰੋਕਲਾਮੇਸ਼ਨ ਨੂੰ ਪ੍ਰਾਪਤ ਕੀਤਾ।


Share