ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਸਮਲਿੰਗੀ ਵਿਆਹ ਦਾ ਹੋਣਾ ਸਿੱਖ-ਮਰਿਯਾਦਾ ਦੀ ਘੋਰ ਉਲੰਘਣਾ : ਏ.ਜੀ.ਪੀ.ਸੀ.

841
Share

ਸਾਨ ਫਰਾਂਸਿਸਕੋ, 30 ਸਤੰਬਰ (ਬਲਵਿੰਦਰਪਾਲ ਸਿੰਘ ਖਾਲਸਾ/ਪੰਜਾਬ ਮੇਲ)- ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਤੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਹੁਰਾਂ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਦੋ ਨੌਜਵਾਨ ਲੜਕਿਆਂ ਸੰਦੀਪ ਦੋਸਾਂਝ ਪੰਜਾਬੀ ਤੇ ਸ਼ਰਥ ਪੁੱਟੀਚੰਦਾ ਦੱਖਣੀ ਭਾਰਤੀ ਵੱਲੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਂ ਕਿਤੇ ਖੁੱਲ੍ਹੇ ਹੋਟਲ ਵਿਚ ਸ੍ਰੀ ਗੁਰੂ ਗ੍ਰੰਥ ਸਹਿਬ ਦੀ ਹਜ਼ੂਰੀ ਵਿਚ ਅਨੰਦ ਕਾਰਜ ਕਰਵਾਉਣ ਦੀ ਖਬਰ ਸੋਸ਼ਲ ਮੀਡੀਏ ਉਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜੋ ਸਰਾਸਰ ਸਿੱਖ ਰਹਿਤ ਮਰਿਯਾਦਾ ਦੀ ਘੋਰ ਉਲੰਘਣਾ ਹੈ। ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਔਰਤ ਤੇ ਮਰਦ ਦਾ ਹੀ ਅਨੰਦ ਕਾਰਜ ਹੋ ਸਕਦਾ ਹੈ। ਤੇ ਇਹੀ ਸਿੱਖ ਵਿਧਾਨ ਹੈ। ਅਨਮਤ ਵਾਲਿਆਂ ਦਾ ਵਿਆਹ ‘ਅਨੰਦ’ ਰੀਤੀ ਨਾਲ ਨਹੀਂ ਹੋ ਸਕਦਾ। ਸੋ ਸਿੱਖ ਰਹਿਤ ਮਰਿਯਾਦਾ ਅਨੰਦ ਕਾਰਜ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਹੈ ਤੇ ਹਰ ਸਿੱਖ ਵਾਸਤੇ ਇਸਨੂੰ ਮੰਨਣਾ ਜ਼ਰੂਰੀ ਹੈ। ਇਕ ਸਿੱਖ ਲਈ ਜੋ ਗੁਰੂ ਸਾਹਿਬ ਨੇ ਵਿਧਾਨ ਨੀਯਤ ਕੀਤਾ ਹੈ ਤੇ ਜੋ ਮਾਰਗ ਨਿਸ਼ਚਿਤ ਕੀਤਾ ਹੈ, ਉਸਦੇ ਅੰਦਰ-ਅੰਦਰ ਰਹਿ ਕੇ ਹੀ ਅਨੰਦ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਤੇ ਲੜਕੀ ਤੇ ਲੜਕੇ ਦੇ ਅਨੰਦ ਕਾਰਜ ਦੀ ਵਿਧੀ ਦਾ ਉਦੇਸ਼ ਗ੍ਰਹਿਸਤੀ ‘ਚ ਪ੍ਰਵੇਸ਼ ਕਰਕੇ ਗੁਰਮਤਿ ਅਨੁਸਾਰ ਮਨੁੱਖੀ ਨਸਲ ਦਾ ਵਾਧਾ ਕਰਨਾ ਹੈ।
ਸੰਸਾਰ ਦੇ ਲਗਪਗ ਸਾਰੇ ਧਰਮ ‘ਗੇ’ ਵਿਆਹ ਨੂੰ ਮਾਨਤਾ ਨਹੀਂ ਦਿੰਦੇ। ਸਟੇਟ ਭਾਵ ਰਾਜ ਸ਼ਕਤੀ ਨੇ ਕਾਨੂੰਨ ਅਨੁਸਾਰ ਸ਼ਰਤਾਂ ਨਾਲ ਸੰਮਲਿੰਗੀ ਵਿਆਹ ਨੂੰ ਮਾਨਤਾ ਦਿੱਤੀ ਹੋਈ ਹੈ, ਤਾਂ ਕਿ ਕਿਸੇ ਨੂੰ ਵੀ ਨਸਲਪ੍ਰਸਤੀ ਮਹਿਸੂਸ ਨਾ ਹੋਵੇ ਤੇ ਕਿਸੇ ਕਿਸਮ ਦਾ ਵਿਤਕਰਾ ਨਾ ਹੋਵੇ ਤੇ ਹਰ ਨਾਗਰਿਕ ਦੇ ਸਾਧਾਰਨ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਹੋਵੇ। ਜੋ ਵਿਆਹ ਹੋਇਆ ਹੈ, ਉਹ ਮਨਮਰਜ਼ੀ ਵਰਤ ਕੇ ਕੀਤਾ ਗਿਆ ਹੈ, ਜੋ ਨਹੀਂ ਸੀ ਹੋਣਾ ਚਾਹੀਦਾ। ਇਸ ਕਰਕੇ ਸਾਡੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਹੈ ਕਿ ਇਸ ਮਨਮਰਜ਼ੀ ਦੇ ਫਰਜ਼ੀ ਅਨੰਦ ਕਾਰਜਾਂ ਵਿਚ ਦਖਲ ਦੇ ਕੇ ਭਵਿੱਖ ‘ਚ ਇਹ ਪੱਕਾ ਕੀਤਾ ਜਾਵੇ ਕਿ ਕੋਈ ਵੀ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਨਾ ਕਰੇ। ਤੇ ਇਹ ਵੀ ਬੇਨਤੀ ਹੈ ਕਿ ਜਿਸ ਬੰਦੇ ਨੇ ਅਮਰੀਕਾ ਵਿਚਲਾ ਇਹ ਅਨੰਦ ਕਾਰਜ ਕਰਵਾਇਆ ਹੈ, ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਉਤੇ ਬੁਲਾ ਕੇ ਉਸ ਵਿਰੁੱਧ ਸਿੱਖੀ ਅਸੂਲਾਂ ਅਨੁਸਾਰ ਕਾਰਵਾਈ ਕੀਤੀ ਜਾਵੇ।
ਅਸੀਂ ਕਾਨੂੰਨੀ ਮਾਹਰਾਂ ਨਾਲ ਇਸ ਵਿਸ਼ੇ ਉਤੇ ਵਿਚਾਰ ਚਰਚਾ ਕਰ ਰਹੇ ਹਾਂ ਕਿ ਇਕ ਵਿਆਕਤੀ ਵਿਸ਼ੇਸ਼ ਨੇ ਆਪਣੇ ਗਲਤ ਆਰਥਿਕ ਉਦੇਸ਼ ਦੀ ਪੂਰਤੀ ਵਾਸਤੇ ਧਾਰਮਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ ਤੇ ਆਪਣੇ ਸੀਮਤ ਦਾਇਰੇ ਤੋਂ ਬਾਹਰ ਜਾ ਕੇ ਗਲਤ ਉਦਾਹਰਣ ਪੇਸ਼ ਕੀਤੀ ਹੈ ਤੇ ਉਸ ਵਿਰੁੱਧ ਜੇ ਕਿਸੇ ਕਿਸਮ ਦੀ ਕਾਨੂੰਨੀ ਉਲੰਘ੍ਹਣਾ ਦਾ ਮਾਮਲਾ ਬਣਦਾ ਹੈ, ਤਾਂ ਗੱਲ ਅੱਗੇ ਤੋਰੀ ਜਾਵੇਗੀ।
ਸੰਸਾਰ ਦੇ ਕਾਫੀ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਤੇ ਅਦਾਲਤਾਂ ਨੇ ਗੇ, ਲੈਸਬੀਅਨ, ਟਰਾਂਸਜੈਂਡਰ ਤੇ ਬਾਇਸੈਕਸ਼ੁਲ ਲੋਕਾਂ (LGBTQ) ਤੇ ਭਾਈਚਾਰਿਆਂ ਨੂੰ ਵਿਆਹਾਂ ਦੀ ਆਗਿਆ ਦਿੱਤੀ ਹੋਈ ਹੈ, ਤਾਂ ਕਿ ਕਿਸੇ ਨੂੰ ਵੀ ਕਿਸੇ ਵੀ ਪੱਧਰ ਉਤੇ ਬੇਇਨਸਾਫੀ ਜਾਂ ਗੁਲਾਮੀ ਦਾ ਅਹਿਸਾਸ ਨਾ ਹੋਵੇ। ਗੁਰਮਤਿ ਦੇ ਅਸੂਲ ਸਦਾ ਸੁਨਹਿਰੀ ਹਨ ਤੇ ਸੰਸਾਰ ਵਿਚ ਨਿਵੇਕਲੇ ਹਨ। ਸਿੱਖ ਗੁਰੂ ਸਾਹਿਬ ਨੇ ਉੱਚੇ ਆਦਰਸ਼ ਅਪਨਾਏ ਤੇ ਉਸ ਲਈ ਜਿੰਦ ਵੀ ਕੁਰਬਾਨ ਕੀਤੀ। ਗੁਰੂ ਨਾਨਕ ਸਾਹਿਬ ਨੇ ਆਪ ਜਨੇਊ ਪਾਉਣ ਤੋਂ ਨਾਂਹ ਕਰ ਦਿੱਤੀ ਤੇ ਸਿੱਖ ਧਰਮ ਦੀ ਨੀਂਹ ਰੱਖੀ ਪਰ ਨੌਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸੇ ਹਿੰਦੂ ਜਨੇਊ ਦੀ ਰੱਖਿਆ ਵਾਸਤੇ ਸ਼ਹਾਦਤ ਦਿੱਤੀ। ਪਰ ਆਪਣੇ ਸਿੱਖੀ ਅਸੂਲਾਂ ਨੂੰ ਉੱਚਾ ਰੱਖਿਆ। ਸਿੱਖ ਇਤਿਹਾਸ ‘ਚ ਸਿੱਖਾਂ ਨੇ ਦੂਜਿਆਂ ਦੀ ਭਲਾਈ ਤੇ ਧਰਮ ਦੇ ਯਕੀਨਾਂ ਵਾਸਤੇ ਜਾਨਾਂ ਕੁਰਬਾਨ ਕੀਤੀਆਂ ਪਰ ਆਪਣੇ ਧਰਮ ‘ਚ ਪੱਕੇ ਰਹੇ। ਪੱਛਮੀ ਦੇਸ਼ਾਂ ‘ਚ ਰਹਿੰਦਿਆਂ ਸਿੱਖੀ ਅਸੂਲਾਂ ‘ਤੇ ਪਹਿਰਾ ਦਿੰਦਿਆਂ ਦੂਜਿਆਂ ਦੇ ਅਧਿਕਾਰਾਂ ਦੀ ਰੱਖਿਆ ਦੇ ਨਾਲ-ਨਾਲ ਆਪਣੇ ਸਿੱਖ ਧਰਮ ਦੀ ਪਾਲਣਾ ਕਰਨੀ ਜ਼ਰੂਰੀ ਹੈ ਪਰ ਸਿੱਖ ਹੋ ਕੇ ਅਨਮਤੀ ਕੰਮਾਂ ਦੀ ਆਗਿਆ ਨਹੀਂ ਹੈ।


Share