ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਏ ਸਿੱਧੂ, ਇਮਰਾਨ ਖਾਨ ਨੂੰ ਵੱਡਾ ਭਰਾ ਦੱਸਿਆ

283
Share

ਡੇਰਾ ਬਾਬਾ ਨਾਨਕ/ਗੁਰਦਾਸਪੁਰ, 20 ਨਵੰਬਰ (ਪੰਜਾਬ ਮੇਲ)-  ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਕੈਬਨਿਟ ਮੰਤਰੀ ਅਤੇ ਵਿਧਾਇਕ ਰਸਮੀ ਕਾਰਵਾਈਆਂ ਪੂਰੀ ਕਰਕੇ ਅੱਜ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਉਨ੍ਹਾਂ ਦੇ ਇਕ ਪ੍ਰਤੀਨਿਧੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਸਿੱਧੂ ਨੇ ਇਮਰਾਨ ਖਾਨ ਨੂੰ ਵੱਡਾ ਭਰਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਆ ਕੇ ਹਮੇਸ਼ਾ ਹੀ ਬਹੁਤ ਪਿਆਰ ਮਿਲਦਾ ਹੈ। ਉਨ੍ਹਾਂ ਨੇ ਲਾਂਘਾ ਪਾਰ ਕਰਨ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਵਿਚ ਕਿਹਾ, ‘ਲਾਂਘਾ ਖੁੱਲ੍ਹ ਗਿਆ ਹੈ ਅਤੇ ਅਣਗਿਣਤ ਸੰਭਾਵਨਾਵਾਂ ਵੀ ਖੁੱਲ੍ਹੀਆਂ ਹਨ। ਉਥੇ ਉਹ ਪੰਜਾਬ ਦੀ ਤਰੱਕੀ ਦੇ ਨਵੇਂ ਰਾਹ ਬਾਰੇ ਗੱਲ ਕਰਨਗੇ।’ ਉਨ੍ਹਾਂ ਨੇ ਲਾਂਘਾ ਖੋਲ੍ਹਣ ਅਤੇ ਖੇਤੀਬਾੜੀ ਕਾਨੂੰਨ ਵਾਪਸ ਲੈਣ ਦੇ ਕੇਂਦਰ ਸਰਕਾਰ ਦੇ ਫ਼ੈਸਲਿਆਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ, “ਮੁਰਸ਼ਦ ਆਪਨੇ ਦੇ ਦਰ ‘ਤੇ ਮੰਗਣ ਆਇਆ ਇਹੋ ਮੁਰਾਦ, ਸਾਡੀ ਝੋਲੀ ਪਾ ਸਾਈਆਂ ਅਮਨ ਤੇ ਇਤਹਾਦ, ਜਿਊਣ ਸਭ ਮਾਵਾਂ ਦੇ ਬਚੜੇ ਬਾਪੂਆਂ ਤੋਂ ਦਿਲਸ਼ਾਦ, ਸ਼ਾਂਤੀ ਤੇ ਆਪਸੀ ਭਾਈਚਾਰੇ ਦੀ ਬਾਬੇ ਨਾਨਕ ਦੀ ਵਿਚਾਰਧਾਰਾ ਸਦਾ ਅਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ…।


Share