ਸ੍ਰੀ ਅਕਾਲ ਤਖਤ ਸਾਹਿਬ ਵਲੋਂ ਗੋਰਾ ਤੇ ਜਫਰਵਾਲ ਤਨਖ਼ਾਹੀਏ ਕਰਾਰ

644
ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਦੇਸ਼ ਜਾਰੀ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ, ਨਾਲ ਗਿਆਨੀ ਰਘਬੀਰ ਸਿੰਘ ਤੇ ਹੋਰ।
Share

-ਸੁੱਚਾ ਸਿੰਘ ਲੰਗਾਹ ਨਾਲ ਮਿਲਵਰਤਣ ਰੱਖਣ ਦਾ ਦੋਸ਼
ਅੰਮ੍ਰਿਤਸਰ, 5 ਅਗਸਤ (ਪੰਜਾਬ ਮੇਲ)- ਪੰਥ ‘ਚੋਂ ਛੇਕੇ ਹੋਏ ਅਕਾਲੀ ਆਗੂ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਵਲੋਂ ਬੀਤੇ ਦਿਨੀਂ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੜ੍ਹੀ ਗੁਰਦਾਸ ਨੰਗਲ ਵਿਖੇ ਪੰਜ ਪਿਆਰਿਆਂ ਕੋਲੋਂ ਮੁੜ ਅੰਮ੍ਰਿਤਪਾਨ ਕਰਕੇ ਆਪਣੇ ਪੱਧਰ ‘ਤੇ ਧਾਰਮਿਕ ਸਜ਼ਾ ਲਗਵਾ ਲਏ ਜਾਣ ਅਤੇ ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਆਗੂ ਦੀ ਸ਼ਮੂਲੀਅਤ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਸਿੰਘ ਸਾਹਿਬਾਨ ਨਾਲ ਹੰਗਾਮੀ ਇਕੱਤਰਤਾ ਕਰਕੇ ਸੁੱਚਾ ਸਿੰਘ ਲੰਗਾਹ ਨਾਲ ਮਿਲਵਰਤਣ ਰੱਖਣ ਦੇ ਦੋਸ਼ ‘ਚ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਤੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਰਤਨ ਸਿੰਘ ਜਫਰਵਾਲ, ਜੋ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਸਬੀਰ ਕੌਰ ਜਫ਼ਰਵਾਲ ਦੇ ਪਤੀ ਹਨ, ਨੂੰ ਤਨਖ਼ਾਹੀਆ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਵੀ ਆਦੇਸ਼ ਦਿੱਤਾ ਕਿ ਇਨ੍ਹਾਂ ਨੂੰ ਸਬ ਕਮੇਟੀਆਂ ‘ਚੋਂ ਵੀ ਹਟਾਇਆ ਜਾਵੇ ਅਤੇ ਲੰਗਾਹ ਨਾਲ ਮਿਲਵਰਤਣ ਰੱਖਣ ਵਾਲੇ ਹੋਰ ਅਕਾਲੀ ਆਗੂਆਂ ਨੂੰ ਆਪਣੇ ਪੱਧਰ ‘ਤੇ ਜਾਂਚ ਕਰਕੇ ਪਾਰਟੀ ਤੋਂ ਬਾਹਰ ਕੀਤਾ ਜਾਵੇ।
ਅਕਾਲ ਤਖ਼ਤ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਹੰਗਾਮੀ ਇਕੱਤਰਤਾ, ਜਿਸ ਵਿਚ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਗਿਆਨੀ ਰਘਬੀਰ ਸਿੰਘ ਕਾਰਜਕਾਰੀ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਪੰਜ ਪਿਆਰਿਆਂ ‘ਚੋਂ ਭਾਈ ਮੰਗਲ ਸਿੰਘ, ਭਾਈ ਦਿਲਬਾਗ ਸਿੰਘ ਤੇ ਭਾਈ ਸੁਖਦੇਵ ਸਿੰਘ ਸ਼ਾਮਿਲ ਹੋਏ, ਦੌਰਾਨ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਾ ਕੇ ਇਸ ਸਬੰਧੀ ਹੁਕਮਨਾਮਾ ਜਾਰੀ ਕਰਦਿਆਂ ਉਕਤ ਦੋਵਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੈ। ਜਥੇਦਾਰ ਦੇ ਐਲਾਨ ਦਾ ਹਾਜ਼ਰ ਸੰਗਤਾਂ ਨੇ ਜੈਕਾਰੇ ਬੁਲਾ ਕੇ ਸਵਾਗਤ ਕੀਤਾ।
ਇਸੇ ਦੌਰਾਨ ਬੀਤੇ ਦਿਨੀਂ ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਲਿਖਤੀ ਤੌਰ ‘ਤੇ ਜਾਣੇ-ਅਨਜਾਣੇ ‘ਚ ਆਪਣੀ ਹੋਈ ਭੁੱਲ ਲਈ ਖਿਮਾ ਯਾਚਨਾ ਦੀ ਮੰਗ ਕੀਤੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਨਿਹੰਗ ਭਾਈ ਬਲਵਿੰਦਰ ਸਿੰਘ ਸਮੇਤ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੁੱਜੇ ਇਨ੍ਹਾਂ ਪੰਜ ਪਿਆਰਿਆਂ ਨੇ ਕਿਹਾ ਕਿ 24 ਪ੍ਰਾਣੀ ਅੰਮ੍ਰਿਤਪਾਨ ਕਰਨ ਪੁੱਜੇ ਸਨ, ਜਿਨ੍ਹਾਂ ‘ਚ ਸੁੱਚਾ ਸਿੰਘ ਲੰਗਾਹ ਵੀ ਸ਼ਾਮਲ ਹੋ ਗਏ ਤੇ ਅੰਮ੍ਰਿਤ ਛਕਾਉਣ ਦੀ ਮੰਗ ਕੀਤੀ। ਜਿਸ ‘ਤੇ ਹਾਜ਼ਰ ਪੰਜ ਪਿਆਰਿਆਂ ਨੇ ਗੁਰਮਤਾ ਕਰ ਕੇ ਉਸ ਨੂੰ ਅੰਮ੍ਰਿਤ ਛਕਾ ਦਿੱਤਾ ਤੇ ਆਪਣੇ ਪੱਧਰ ‘ਤੇ ਧਾਰਮਿਕ ਸਜ਼ਾ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਖਿਮਾ ਯਾਚਨਾ ਦਿੱਤੀ ਹੈ, ਜਥੇਦਾਰ ਸਾਹਿਬ ਦਾ ਜੋ ਵੀ ਆਦੇਸ਼ ਹੋਵੇਗਾ ਉਸ ਦਾ ਪਾਲਣ ਕਰਨਗੇ। ਦੱਸਣਯੋਗ ਹੈ ਕਿ ਉਕਤ ਪੰਜ ਪਿਆਰਿਆਂ ਖ਼ਿਲਾਫ਼ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਿੰਦਰਪਾਲ ਸਿੰਘ ਗੋਰਾ ਕਾਦੀਆਂ ਨੂੰ ਸਾਰੀਆਂ ਸਬ-ਕਮੇਟੀਆਂ ‘ਚੋਂ ਬਾਹਰ ਕਰ ਦਿੱਤਾ। ਭਾਈ ਲੌਂਗੋਵਾਲ ਨੇ ਜਾਰੀ ਬਿਆਨ ‘ਚ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਆਦੇਸ਼ ਪ੍ਰਾਪਤ ਹੋਏ ਹਨ, ਜਿਸ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸੁੱਚਾ ਸਿੰਘ ਲੰਗਾਹ ਨਾਲ ਮਿਲਵਰਤਨ ਰੱਖਣ ਵਾਲੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪੜਚੋਲ ਕਰਨ ਲਈ ਵੀ ਜਲਦ ਸਬ-ਕਮੇਟੀ ਦਾ ਗਠਨ ਕੀਤਾ ਜਾਵੇਗਾ।


Share