ਸੌਖਾਲਾ ਨਹੀਂ ਹੋਵੇਗਾ ਟਰੰਪ ਲਈ ਦੁਬਾਰਾ ਚੋਣਾਂ ਜਿੱਤਣਾਂ

672
Share

ਵੱਧ ਰਹੀਆਂ ਨੇ ਸਿਆਸੀ ਸਮੱਸਿਆਵਾਂ

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444

ਚਾਰ ਮਹੀਨੇ ਬਾਅਦ ਨਵੰਬਰ ਦੇ ਪਹਿਲੇ ਹਫਤੇ ਹੋਣ ਵਾਲੀ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਦੂਜੀ ਵਾਰ ਰਾਸ਼ਟਰਪਤੀ ਬਣਨ ਦੀ ਦੌੜ ਵਿਚ ਪਏ ਡੋਨਾਲਡ ਟਰੰਪ ਦੀਆਂ ਸਮੱਸਿਆਵਾਂ ਲਗਾਤਾਰ ਵੱਧ ਰਹੀਆਂ ਹਨ। ਟਰੰਪ ਨੇ ਚਾਰ ਸਾਲ ਪਹਿਲਾਂ ਅਮਰੀਕਾ ਦੇ ਪ੍ਰਸ਼ਾਸਨ ਦੀ ਵਾਂਗਡੋਰ ਸੰਭਾਲਦਿਆਂ ਹੀ ਬਹੁਤ ਸਾਰੇ ਅਜਿਹੇ ਫੈਸਲੇ ਤੇ ਨੀਤੀਆਂ ਦਾ ਐਲਾਨ ਕੀਤਾ ਸੀ, ਜਿਨ੍ਹਾਂ ਉਪਰ ਕਈ ਤਰ੍ਹਾਂ ਦੀਆਂ ਉਂਗਲਾਂ ਉੱਠੀਆਂ ਤੇ ਸਵਾਲ ਖੜ੍ਹੇ ਹੋਏ। ਸਾਰੇ ਕਾਰਜਕਾਲ ਦੌਰਾਨ ਹੀ ਟਰੰਪ ਵੱਲੋਂ ਬਣਾਈਆਂ ਨੀਤੀਆਂ ਦੀ ਵੱਡੇ ਪੱਧਰ ਉੱਤੇ ਆਲੋਚਨਾ ਹੁੰਦੀ ਰਹੀ। ਇੰਮੀਗ੍ਰਾਂਟਸ ਬਾਰੇ ਉਨ੍ਹਾਂ ਵੱਲੋਂ ਅਪਣਾਈਆਂ ਨੀਤੀਆਂ ਅਤੇ ਅਮਲਾਂ ਉਪਰ ਹਮੇਸ਼ਾ ਸਵਾਲ ਉੱਠਦੇ ਰਹੇ। ਟਰੰਪ ਪ੍ਰਸ਼ਾਸਨ ਨੇ ਕਈ ਵਾਰ ਅਜਿਹੇ ਫੈਸਲੇ ਲਏ, ਜਿਨ੍ਹਾਂ ਵਿਚੋਂ ਮੁਸਲਿਮ ਘੱਟ ਗਿਣਤੀ, ਖਾਸਕਰ ਅਫਰੀਕਨ ਮੂਲ ਦੇ ਲੋਕਾਂ ਖਿਲਾਫ ਨਫਰਤੀ ਭਾਵਨਾ ਪ੍ਰਗਟ ਹੁੰਦੀ ਰਹੀ। ਕੋਰੋਨਾਵਾਇਰਸ ਦੀ ਆਫਤ ਨੇ ਟਰੰਪ ਦੀਆਂ ਮੁਸ਼ਕਿਲਾਂ ਨੂੰ ਬੇਹੱਦ ਵਧਾ ਦਿੱਤਾ ਹੈ। ਅਮਰੀਕਾ ਹਮੇਸ਼ਾ ਲੰਬੇ ਸਮੇਂ ਤੋਂ ਹਰ ਖੇਤਰ ਵਿਚ ਦੁਨੀਆਂ ਦੀ ਅਗਵਾਈ ਕਰਦਾ ਆ ਰਿਹਾ ਹੈ। ਅਮਰੀਕਾ ਵੱਲੋਂ ਲਏ ਪੈਂਤੜੇ ਅਤੇ ਕੀਤੇ ਫੈਸਲਿਆਂ ਨਾਲ ਦੁਨੀਆਂ ਭਰ ਵਿਚ ਵੱਡੀ ਚੱਕਥੱਲ ਅਤੇ ਤਬਦੀਲੀਆਂ ਹੋਈਆਂ ਨਜ਼ਰ ਆਉਂਦੀਆਂ ਹਨ। ਕਈ-ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਅਮਰੀਕਾ ਵੱਲੋਂ ਅਪਣਾਇਆ ਰੁਖ਼ ਵੱਖ-ਵੱਖ ਦੇਸ਼ਾਂ ਦੀਆਂ ਨੀਤੀਆਂ ਘੜਨ ਵਿਚ ਅਹਿਮ ਰੋਲ ਅਦਾ ਕਰਦਾ ਹੈ। ਪਰ ਕਰੋਨਾ ਮਹਾਂਮਾਰੀ ਦੀ ਆਫਤ ਵਿਚ ਟਰੰਪ ਪ੍ਰਸ਼ਾਸਨ ਦੀ ਦੁਨੀਆਂ ਦੀ ਅਗਵਾਈ ਕਰਨ ਵਿਚ ਭੂਮਿਕਾ ਨਾਮਾਤਰ ਹੀ ਰਹੀ ਹੈ। ਸਗੋਂ ਇਸ ਦੇ ਉਲਟ ਟਰੰਪ ਪ੍ਰਸ਼ਾਸਨ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਨਾ ਤਾਂ ਕੋਈ ਠੋਸ ਯੋਜਨਾਬੰਦੀ ਕਰ ਸਕਿਆ ਅਤੇ ਨਾ ਹੀ ਲੋਕਾਂ ਨੂੰ ਇਸ ਦੀ ਮਾਰ ਤੋਂ ਬਚਾ ਸਕਿਆ। ਇਕ ਵੇਲੇ ਤਾਂ ਵਾਸ਼ਿੰਗਟਨ, ਨਿਊਯਾਰਕ, ਨਿਊਜਰਸੀ ਅਤੇ ਕੁੱਝ ਹੋਰ ਰਾਜਾਂ ਵਿਚ ਹਾਲਾਤ ਰੱਬ ਆਸਰੇ ਹੀ ਹੋ ਗਏ ਨਜ਼ਰ ਆ ਰਹੇ ਸਨ।
ਮਿਨੀਸੋਟਾ ਸੂਬੇ ਦੇ ਮਿਨੀਐਪੋਲਿਸ ਸ਼ਹਿਰ ਵਿਚ ਅਫਰੀਕੀ ਮੂਲ ਦੇ ਜਾਰਜ ਫਲਾਇਡ ਦੀ ਹੱਤਿਆ ਨੇ ਜਿਵੇਂ ਅਮਰੀਕਾ ਅੰਦਰ ਨਸਲਵਾਦ ਖਿਲਾਫ ਰੋਸ ਤੇ ਗੁੱਸੇ ਨੂੰ ਪਲੀਤੇ ਦਾ ਕੰਮ ਦਿੱਤਾ ਹੈ। ਟਰੰਪ ਵੱਲੋਂ ਅਪਣਾਈਆਂ ਨੀਤੀਆਂ ਕਾਰਨ ਦੇਸ਼ ਅੰਦਰ ਵੱਡੀ ਪੱਧਰ ‘ਤੇ ਨਸਲਪ੍ਰਸਤੀ ਦਾ ਮੁੜ ਉਭਾਰ ਹੋਇਆ ਹੈ। ਫਲਾਇਡ ਦੇ ਕਤਲ ਤੋਂ ਬਾਅਦ ਪੂਰੇ ਅਮਰੀਕਾ ਅੰਦਰ ਵੱਡੀ ਪੱਧਰ ਉੱਤੇ ਕਰੋਨਾ ਮਹਾਂਮਾਰੀ ਦੇ ਬਾਵਜੂਦ ਲੋਕਾਂ ਦੇ ਸੜਕਾਂ ਉਪਰ ਉਤਰ ਆਉਣ, ਲੁੱਟਾਂ-ਖੋਹਾਂ ਕਰਨ ਅਤੇ ਅੱਗਾਂ ਲਗਾਉਣ ਤੋਂ ਪਤਾ ਲੱਗਦਾ ਹੈ ਕਿ ਨਸਲਪ੍ਰਸਤੀ ਦੇ ਖਿਲਾਫ ਲੋਕਾਂ ਅੰਦਰ ਰੋਹ ਤੇ ਗੁੱਸਾ ਕਿਸ ਕਦਰ ਜਮ੍ਹਾਂ ਹੋਇਆ ਪਿਆ ਸੀ।
ਪਿਛਲੇ ਦਿਨੀਂ ਤੁਲਸਾ ਵਿਖੇ ਟਰੰਪ ਵੱਲੋਂ ਰੱਖੀ ਗਈ ਚੋਣ ਰੈਲੀ ਵੀ ਉਨ੍ਹਾਂ ਦੀ ਬੌਖਲਾਹਟ ਦਾ ਹੀ ਨਤੀਜਾ ਸਮਝੀ ਜਾ ਰਹੀ ਹੈ। ਪਹਿਲੀ ਗੱਲ ਤਾਂ ਜਦ ਕੋਰੋਨਾਵਾਇਰਸ ਅਜੇ ਵੀ ਅਮਰੀਕੀ ਸਮਾਜ ਲਈ ਵੱਡਾ ਖਤਰਾ ਬਣੀ ਹੋਈ ਹੈ, ਤਾਂ ਉਸ ਵੇਲੇ ਸਭ ਨਿਯਮਾਂ ਅਤੇ ਸਾਵਧਾਨੀਆਂ ਨੂੰ ਛਿੱਕੇ ਟੰਗ ਕੇ ਜਨਤਕ ਰੈਲੀ ਕਰਨ ਦਾ ਫੈਸਲਾ ਆਪਣੇ ਆਪ ਵਿਚ ਹੀ ਸਵਾਲਾਂ ਦੇ ਘੇਰੇ ਵਿਚ ਹੈ। ਫਿਰ ਇਸ ਰੈਲੀ ਵਿਚ ਨਾ ਖੁਦ ਟਰੰਪ ਨੇ ਮਾਸਕ ਪਹਿਨਿਆ ਸੀ ਅਤੇ ਨਾ ਹੀ ਇਸ ਰੈਲੀ ਵਿਚ ਸ਼ਾਮਲ ਹੋਣ ਵਾਲੇ ਵੱਡੀ ਗਿਣਤੀ ਲੋਕਾਂ ਨੇ ਮਾਸਕ ਪਹਿਨਣ ਦੀ ਕੋਈ ਜ਼ਰੂਰਤ ਹੀ ਸਮਝੀ। ਇਸ ਤਰ੍ਹਾਂ ਜੇਕਰ ਕਿਸੇ ਦੇਸ਼ ਦਾ ਪ੍ਰਸ਼ਾਸਨਿਕ ਮੁਖੀ ਹੀ ਉਥੋਂ ਦੇ ਲੋਕਾਂ ਦੀ ਸਿਹਤ ਲਈ ਬਣਾਏ ਨਿਯਮਾਂ ਅਤੇ ਸਾਵਧਾਨੀਆਂ ਦਾ ਮਜ਼ਾਕ ਉਡਾਏਗਾ, ਤਾਂ ਫਿਰ ਆਮ ਲੋਕਾਂ ਦਾ ਕੀ ਬਣੇਗਾ। ਇਸ ਰੈਲੀ ਨੂੰ ਭਾਵੇਂ ਅਮਰੀਕੀ ਲੋਕਾਂ ਵੱਲੋਂ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ। ਅਮਰੀਕੀ ਪ੍ਰੈੱਸ ਦੇ ਵੱਡੇ ਹਿੱਸੇ ਨੇ ਵੀ ਤੁਲਸਾ ਰੈਲੀ ਨੂੰ ਟਰੰਪ ਦਾ ਫਲਾਪ ਸ਼ੋਅ ਹੀ ਦੱਸਿਆ ਹੈ। ਪਰ ਪੂਰੇ ਅਮਰੀਕਾ ਵਿਚ ਇਸ ਗੱਲ ਦੀ ਚਰਚਾ ਜ਼ਰੂਰ ਸ਼ੁਰੂ ਹੋ ਗਈ ਹੈ ਕਿ ਮਹਿਜ਼ ਰਾਸ਼ਟਰਪਤੀ ਦੀ ਚੋਣ ਜਿੱਤਣ ਲਈ ਟਰੰਪ ਨੇ ਸਭ ਕੁੱਝ ਦਾਅ ‘ਤੇ ਲਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਹੀ ਸੰਕਟ ਵਿਚ ਘਿਰੇ ਟਰੰਪ ਲਈ ਇਹ ਇਕ ਹੋਰ ਵੱਡੀ ਮੁਸੀਬਤ ਹੈ ਕਿ ਜ਼ਿਆਦਾਤਰ ਲੋਕ ਉਨ੍ਹਾਂ ਵੱਲੋਂ ਆਫਤ ਸਮੇਂ ਅਪਣਾਏ ਵਿਵਹਾਰ ਨੂੰ ਪਸੰਦ ਨਹੀਂ ਕਰਦੇ।
ਕਰੋਨਾ ਮਹਾਂਮਾਰੀ ਦੌਰਾਨ ਟਰੰਪ ਨੇ ਚੀਨ ਖਿਲਾਫ ਵੀ ਲੋੜੋਂ ਵੱਧ ਨੁਕਤਾਚੀਨੀ ਵਾਲਾ ਰੁਖ਼ ਅਪਣਾਇਆ। ਇਥੋਂ ਤੱਕ ਕਿ ਸੰਸਾਰ ਹੈਲਥ ਸਰਵਿਸਿਜ਼ ਨੂੰ ਅਗਵਾਈ ਦੇਣ ਵਾਲੀ ਡਬਲਯੂ.ਐੱਚ.ਓ. ਨੂੰ ਵੀ ਨਿਸ਼ਾਨੇ ਉੱਤੇ ਲੈਣ ਤੋਂ ਗੁਰੇਜ਼ ਨਹੀਂ ਕੀਤਾ। ਟਰੰਪ ਡਬਲਯੂ.ਐੱਚ.ਓ. ਨੂੰ ਭੰਡਣ ਲੱਗਿਆਂ ਇੱਥੋਂ ਤੱਕ ਚਲੇ ਗਏ ਕਿ ਇਸ ਸਿਹਤ ਸੰਸਥਾ ਨੂੰ ਚੀਨ ਦੀ ਹਮਾਇਤੀ ਕਰਾਰ ਦਿੰਦਿਆਂ ਉਸ ਉਪਰ ਚੀਨ ਅੰਦਰਲੀਆਂ ਘਟਨਾਵਾਂ ਦੀ ਸਹੀ ਜਾਣਕਾਰੀ ਨਾ ਦੇਣ ਅਤੇ ਚੀਨ ਨਾਲ ਮਿਲੇ ਹੋਣ ਦਾ ਦੋਸ਼ ਵੀ ਲਗਾ ਦਿੱਤਾ। ਫਿਰ ਇਸ ਦੋਸ਼ ਹੇਠ ਡਬਲਯੂ.ਐੱਚ.ਓ. ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ ਦਾ ਫੈਸਲਾ ਵਾਪਸ ਲੈ ਲਿਆ। ਟਰੰਪ ਦੇ ਇਸ ਫੈਸਲੇ ਨਾਲ ਅਮਰੀਕਾ ਦਾ ਸੰਵਰਿਆ ਤਾਂ ਕੁੱਝ ਨਹੀਂ, ਪਰ ਸੰਸਾਰ ਪ੍ਰਸਿੱਧ ਵਿਸ਼ਵ ਸਿਹਤ ਸੰਸਥਾ ਅਮਰੀਕਾ ਦੇ ਹੱਥੋਂ ਜਾਂਦੀ ਰਹੀ। ਹੁਣ ਤੱਕ ਸੰਸਾਰ ਸਿਹਤ ਸੰਸਥਾ ਉੱਪਰ ਅਮਰੀਕੀ ਦਿਓ-ਕੱਦ ਦਵਾਈ ਕੰਪਨੀਆਂ ਦਾ ਪ੍ਰਭਾਵ ਰਿਹਾ ਹੈ। ਇਸ ਪ੍ਰਭਾਵ ਰਾਹੀਂ ਉਹ ਦੁਨੀਆਂ ਭਰ ਵਿਚ ਆਪਣੀਆਂ ਦਵਾਈਆਂ ਵੇਚਣ ‘ਚ ਕਾਮਯਾਬ ਹੁੰਦੇ ਰਹੇ ਹਨ। ਪਰ ਟਰੰਪ ਦੇ ਇਸ ਫੈਸਲੇ ਨੇ ਅਮਰੀਕਾ ਦੀਆਂ ਦਵਾਈ ਕੰਪਨੀਆਂ ਦੇ ਵੱਡਾ ਕਾਰਟੇਲ ਨੂੰ ਵੀ ਝਟਕਾ ਦਿੱਤਾ ਹੈ।
ਟਰੰਪ ਵਾਰ-ਵਾਰ ਇਹ ਗੱਲ ਕਹਿੰਦੇ ਰਹੇ ਕਿ ਕੋਰੋਨਾਵਾਇਰਸ ਚੀਨ ਵੱਲੋਂ ਇਕ ਖਾਸ ਸਾਜ਼ਿਸ਼ ਤਹਿਤ ਤਿਆਰ ਕੀਤੀ ਗਈ ਕੈਮੀਕਲ ਵਾਇਰਸ ਹੈ। ਇਹ ਕੁਦਰਤੀ ਵਾਇਰਸ ਨਹੀਂ ਹੈ। ਯੂਨਾਈਟਿਡ ਨੇਸ਼ਨਜ਼ ਵਿਚ ਇਸ ਮਸਲੇ ਨੂੰ ਲੈ ਕੇ ਹੋਈ ਬਹਿਸ ਦੌਰਾਨ ਦੁਨੀਆਂ ‘ਚ ਅਮਰੀਕਾ ਦੇ ਸਭ ਤੋਂ ਵੱਡੇ ਹਮਾਇਤੀ ਵਜੋਂ ਜਾਣੇ ਜਾਂਦੇ ਦੇਸ਼ ਵੀ ਪੂਰੀ ਤਰ੍ਹਾਂ ਉਸ ਦੇ ਨਾਲ ਖੜ੍ਹੇ ਨਹੀਂ ਹੋਏ। ਸਿਰਫ ਇੰਨਾ ਕੁ ਮਤਾ ਪਾਸ ਕਰਕੇ ਇਹ ਸਾਰ ਲਿਆ ਗਿਆ ਕਿ ਚੀਨ ਵਿਚ ਪੈਦਾ ਹੋਈ ਇਸ ਵਾਇਰਸ ਦੀ ਜੜ੍ਹ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਪਰ ਜਿਸ ਤਰ੍ਹਾਂ ਅਮਰੀਕੀ ਪ੍ਰਸ਼ਾਸਨ ਇਸ ਮਸਲੇ ਉਪਰ ਚੀਨ ਨੂੰ ਘੇਰਨ ਦੀ ਰਣਨੀਤੀ ਬਣਾ ਕੇ ਬੈਠੇ ਸਨ, ਉਸ ਵਿਚ ਉਹ ਬਹੁਤੇ ਕਾਮਯਾਬ ਹੋਏ ਨਜ਼ਰ ਨਹੀਂ ਆਏ। ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਟਰੰਪ ਕੋਰੋਨਾਵਾਇਰਸ ਦੇ ਜ਼ਮਾਨੇ ਵਿਚ ਚੀਨ ਦੀ ਘੇਰਾਬੰਦੀ ਕਰਨ ਦੀ ਰਣਨੀਤੀ ਨੂੰ ਅੱਗੇ ਵਧਾਉਣ ਵਿਚ ਕੋਈ ਖਾਸ ਸਫਲਤਾ ਹਾਸਲ ਨਹੀਂ ਕਰ ਸਕਿਆ।
ਟਰੰਪ ਪ੍ਰਸ਼ਾਸਨ ਦੀਆਂ ਅੰਦਰੂਨੀ ਅਤੇ ਬਾਹਰੀ ਨੀਤੀਆਂ ਇਸ ਵੇਲੇ ਵੱਡੀ ਆਲੋਚਨਾ ਹੇਠ ਆਈਆਂ ਹੋਈਆਂ ਹਨ। ਅਫਰੀਕੀ ਮੂਲ ਦੀ ਸਿਆਹਫਾਮ ਵਸੋਂ ਇਸ ਵੇਲੇ ਟਰੰਪ ਦੀ ਵੱਡੀ ਆਲੋਚਕ ਬਣੀ ਹੋਈ ਹੈ। ਚੀਨ ਖਿਲਾਫ ਬਿਆਨਬਾਜ਼ੀ ਕਾਰਨ ਅਮਰੀਕਾ ਵਿਚ ਵਸੇ ਚੀਨੀ ਭਾਈਚਾਰੇ ਦੇ ਲੋਕ ਵੀ ਉਸ ਦੇ ਹੱਕ ਵਿਚ ਨਹੀਂ ਹਨ। ਅਮਰੀਕਾ ਵਿਚ ਇਸ ਵੇਲੇ ਚੀਨੀ ਲੋਕਾਂ ਦੀ ਕਾਫੀ ਵਸੋਂ ਹੈ ਅਤੇ ਆਰਥਿਕ ਖੇਤਰ ਵਿਚ ਵੀ ਚੀਨੀ ਕੰਪਨੀਆਂ ਨੇ ਕਾਫੀ ਦਬਦਬਾ ਬਣਾਇਆ ਹੋਇਆ ਹੈ। ਗੌਰੀ ਵਸੋਂ ਦਾ ਕਾਫੀ ਵੱਡਾ ਹਿੱਸਾ ਵੀ ਇਸ ਵੇਲੇ ਟਰੰਪ ਦੀ ਆਲੋਚਨਾ ਕਰਦਾ ਦੇਖਿਆ ਜਾਂਦਾ ਹੈ। ਇੱਥੋਂ ਤੱਕ ਕਿ ਟਰੰਪ ਦੀ ਆਪਣੀ ਰਿਪਬਲਿਕਨ ਪਾਰਟੀ ਵਿਚ ਸਭ ਅੱਛਾ ਨਹੀਂ। ਰਿਪਬਲਿਕਨ ਪਾਰਟੀ ਦੇ ਬਹੁਤ ਸਾਰੇ ਆਗੂ ਉਸ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਹਨ ਅਤੇ ਉਹ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਵੀ ਖੁੱਲ੍ਹੇਆਮ ਕਰ ਰਹੇ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਵੇਲੇ ਅਮਰੀਕੀ ਸਮਾਜ ਦੇ ਵੱਡੇ ਹਿੱਸੇ ਵਿਚ ਟਰੰਪ ਪ੍ਰਤੀ ਅਸੰਤੋਸ਼, ਨਾਰਾਜ਼ਗੀ ਅਤੇ ਆਲੋਚਨਾ ਦਾ ਮਾਹੌਲ ਬਣਿਆ ਹੋਇਆ ਹੈ। ਆਉਣ ਵਾਲੇ ਚਾਰ ਮਹੀਨਿਆਂ ਦੌਰਾਨ ਵੀ ਜਿਸ ਤਰ੍ਹਾਂ ਦਾ ਵਿਵਹਾਰ ਲੈ ਕੇ ਟਰੰਪ ਚੋਣ ਮੈਦਾਨ ਵਿਚ ਉਤਰਿਆ ਹੈ, ਉਸ ਨਾਲ ਹਾਲਾਤ ਸੁਧਰਨ ਦੀ ਬਜਾਏ, ਹੋਰ ਬਦੱਤਰ ਬਣਨ ਦੇ ਆਸਾਰ ਨਜ਼ਰ ਆ ਰਹੇ ਹਨ। ਟਰੰਪ ਵੱਲੋਂ ਅਮਰੀਕਾ ਅੰਦਰ ਆ ਕੇ ਉੱਚ ਤਕਨੀਕੀ ਕੰਪਨੀਆਂ ‘ਚ ਕੰਮ ਕਰਨ ਵਾਲੇ ਇੰਜੀਨੀਅਰਾਂ ਨੂੰ ਦਿੱਤਾ ਜਾਣ ਵਾਲਾ ਵੀਜ਼ਾ ਐੱਚ-1ਬੀ ਮੁਅੱਤਲ ਕੀਤੇ ਜਾਣ ਨਾਲ ਭਾਰਤ ਸਮੇਤ ਏਸ਼ੀਅਨ ਦੇਸ਼ਾਂ ਵਿਚੋਂ ਜਾਣ ਵਾਲੇ ਲੋਕ ਵੀ ਬੇਹੱਦ ਨਾਰਾਜ਼ ਹਨ। ਉਂਝ ਤਾਂ ਏਸ਼ੀਅਨ ਵਸੋਂ ਟਰੰਪ ਦੀਆਂ ਇੰਮੀਗ੍ਰਾਂਟਸ ਨੀਤੀਆਂ ਤੋਂ ਪਹਿਲਾਂ ਹੀ ਬੇਹੱਦ ਨਾਰਾਜ਼ ਹੈ। ਪਰ ਇਨ੍ਹਾਂ ਨਵੇਂ ਫੈਸਲਿਆਂ ਨਾਲ ਇਸ ਨਾਰਾਜ਼ਗੀ ਵਿਚ ਹੋਰ ਵਾਧਾ ਹੋਵੇਗਾ ਅਤੇ ਏਸ਼ੀਅਨ ਵਸੋਂ ਵੱਲੋਂ ਵੀ ਟਰੰਪ ਨੂੰ ਮਦਦ ਦਿੱਤੇ ਜਾਣ ਦੀ ਬਹੁਤ ਘੱਟ ਸੰਭਾਵਨਾ ਹੈ। ਅਜਿਹੀ ਸਥਿਤੀ ਵਿਚ ਟਰੰਪ ਲਈ ਮੁੜ ਰਾਸ਼ਟਰਪਤੀ ਦੀ ਗੱਦੀ ਉਪਰ ਬੈਠਣਾ ਲਗਾਤਾਰ ਮੁਸ਼ਕਿਲ ਭਰਿਆ ਬਣਦਾ ਜਾ ਰਿਹਾ ਹੈ।


Share