ਸੋਸ਼ਲ ਮੀਡੀਆ ‘ਤੇ ਕੋਈ ਵੀ ਪੋਸਟ ਪਾਉਣ ਤੋਂ ਪਹਿਲਾਂ 10 ਵਾਰ ਸੋਚੋ-ਮੁੱਖ ਮੰਤਰੀ ਵੱਲੋਂ ਨੌਜਵਾਨਾਂ ਨੂੰ ਅਪੀਲ

613

ਚੰਡੀਗੜ੍ਹ, 11 ਸਤੰਬਰ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਵਧ ਰਹੀਆਂ ਮੌਤਾਂ ‘ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ‘ਤੇ ਅਜਿਹੀ ਕੋਈ ਵੀ ਪੋਸਟ ਪਾਉਣ ਜਾਂ ਅੱਗੇ ਭੇਜਣ (ਫਾਰਵਰਡ ਕਰਨ) ਤੋਂ ਪਹਿਲਾਂ 10 ਵਾਰ ਸੋਚਣ ਕਿਉਂਕਿ ਕਿਸੇ ਤਰ੍ਹਾਂ ਦਾ ਗੈਰ-ਜ਼ਿੰਮੇਵਾਰਾਨਾ ਕਦਮ ਉਨ੍ਹਾਂ ਦੇ ਭਵਿੱਖ ‘ਤੇ ਅਸਰ ਪਾ ਸਕਦਾ ਹੈ।
ਫੇਸਬੁੱਕ ਪ੍ਰੋਗਰਾਮ ਦੇ ਲਾਈਵ ਸੈਸ਼ਨ ‘ਕੈਪਟਨ ਨੂੰ ਸਵਾਲ’ ‘ਤੇ ਮੁੱਖ ਮੰਤਰੀ ਨੇ ਕਿਹਾ,”ਤੁਸੀਂ ਜੋ ਕੁਝ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋ, ਉਸ ਤੁਹਾਡੀ ਜ਼ਿੰਮੇਵਾਰੀ ਹੈ…ਤੁਸੀਂ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ।” ਮੁੱਖ ਮੰਤਰੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਇਕ ਵਾਰ ਕੇਸ ਦਰਜ ਹੋਣ ‘ਤੇ ਉਨ੍ਹਾਂ ਦਾ ਸਮੁੱਚਾ ਭਵਿੱਖ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਤੱਕ 121 ਸੋਸ਼ਲ ਮੀਡੀਆ ਅਕਾਊਂਟ/ਲਿੰਕ ਬਲੌਕ ਕੀਤਾ ਜਾ ਚੁੱਕੇ ਹਨ ਅਤੇ 292 ਹੋਰ ਅਜਿਹੇ ਅਕਾਊਂਟ/ਲਿੰਕ ਦੀ ਸ਼ਨਾਖਤ ਪੰਜਾਬ ਪੁਲੀਸ ਵੱਲੋਂ ਕੀਤੀ ਜਾ ਚੁੱਕੀ ਹੈ ਜੋ ਅੰਗ ਕੱਢਣ ਅਤੇ ਕੋਵਿਡ ਦੀ ਟੈਸਟਿੰਗ ਲਈ ਕੂੜ ਪ੍ਰਚਾਰ ਕਰਨ ਵਾਲਿਆਂ ਵਿੱਚ ਸ਼ਾਮਲ ਹਨ।
ਉਨ੍ਹਾਂ ਕਿਹਾ,”ਅਸੀਂ ਕਿਸੇ ਨੂੰ ਵੀ ਅਜਿਹੇ ਬੇਹੂਦਾ ਤੇ ਨਿਰਾਧਾਰ ਪ੍ਰਚਾਰ ਰਾਹੀਂ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਭੰਗ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵਾਂਗੇ।”
ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਮੁਹਿੰਮਾਂ ਚਲਾਉਣ ਅਤੇ ਇੱਥੋਂ ਤੱਕ ਕਿ ਵਿਰੋਧੀ ਵਿਧਾਇਕਾਂ ਵੱਲੋਂ ਲੋਕਾਂ ਨੂੰ ਮਾਸਕ ਨਾ ਪਹਿਨਣ ਲਈ ਕਹੇ ਜਾਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਝੂਠੀਆਂ ਖਬਰਾਂ ਅਤੇ ਪੋਸਟਾਂ ਰਾਹੀਂ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਨੂੰ ਕਿਸੇ ਵੀ ਤਰ੍ਹਾਂ ਨਾ ਸਵਿਕਾਰ ਕੀਤਾ ਜਾਵੇਗਾ ਅਤੇ ਨਾ ਹੀ ਬਰਦਾਸ਼ਤ ਕੀਤਾ ਜਾਵੇਗਾ।
ਅੰਮ੍ਰਿਤਸਰ ਦੇ ਇੱਕ ਨਿਵਾਸੀ ਵੱਲੋਂ ਸਰਕਾਰ ਦੇ ਕੋਵਿਡ ਮਰੀਜ਼ਾਂ ਦੀ ਪਛਾਣ ਜ਼ਾਹਿਰ ਨਾ ਕਰਨ ਦੇ ਫੈਸਲੇ ਦੇ ਬਾਵਜੂਦ ਮੀਡੀਆ ਵੱਲੋਂ ਲਗਾਤਾਰ ਕੋਵਿਡ ਮਰੀਜ਼ਾਂ ਦੇ ਨਾਂ ਸਾਹਮਣੇ ਲਿਆਏ ਜਾਣ ਬਾਰੇ ਪ੍ਰਗਟਾਏ ਗਏ ਖਦਸ਼ੇ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਕੋਵਿਡ ਮਰੀਜ਼ਾਂ ਦੀ ਪਹਿਚਾਣ ਗੁਪਤ ਰੱਖਣ ਸਬੰਧੀ ਕਰੜੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਅਤੇ ਇਨ੍ਹਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਦੇ ਕਿਸੇ ਵੀ ਮਰੀਜ਼ ਭਾਵੇਂ ਉਹ ਇਲਾਜ ਅਧੀਨ ਹੋਵੇ ਜਾਂ ਠੀਕ ਹੋ ਚੁੱਕਿਆ ਹੋਵੇ, ਨਾਲ ਕਿਸੇ ਕਿਸਮ ਦਾ ਕੋਈ ਵਿਤਕਰਾ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਇਹ ਬਿਮਾਰੀ ਹੋਰਨਾਂ ਵਾਂਗ ਹੀ ਇੱਕ ਅਲਾਮਤ ਹੈ ਅਤੇ ਸਮਾਜਿਕ ਕਲੰਕ ਨੂੰ ਇਸ ਨਾਲ ਜੋੜਨਾ ਪੂਰਨ ਤੌਰ ‘ਤੇ ਗੈਰ-ਵਾਜਿਬ ਹੈ।
ਪੰਜਾਬ ਵਿੱਚ ਕੋਵਿਡ ਤੋਂ ਮੁਕਤੀ ਉੱਤੇ ਇਸ ਮਹਾਂਮਾਰੀ ਬਾਰੇ ਫੈਲੀਆਂ ਅਫਵਾਹਾਂ ਕਾਰਨ ਅਸਰ ਪੈਣ ਦੀਆਂ ਮੀਡੀਆ ਰਿਪੋਰਟਾਂ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਜਾਂਚ ਵਿੱਚ ਇਸ ਕਰਕੇ ਕਮੀ ਆਈ ਹੈ ਕਿਉਂਕਿ ਸੋਸ਼ਲ ਮੀਡੀਆ ਉੱਤੇ ਗੁਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਲੋਕ ਸਮੇਂ ਸਿਰ ਇਲਾਜ ਨਹੀਂ ਕਰਵਾ ਰਹੇ।