ਸੋਸ਼ਲ ਮੀਡੀਆ ਓਨਾਂ ਕੁ ਹੀ ਲੋਕਾਂ ਦਾ ਹੈ, ਜਿੰਨਾ ਕਿ ਲੋਕਤੰਤਰ ਲੋਕਾਂ ਦਾ ਹੈ : ਰਾਜਪਾਲ ਸਿੰਘ

455
Share

ਸੋਸ਼ਲ ਮੀਡੀਆ ਵੱਡਾ ਹਥਿਆਰ ਹੈ, ਇਸਦੇ ਪ੍ਰਤੀ ਲੋਕਾਂ ਦੀ ਸੰਤੁਲਿਤ ਸੋਚ ਬਣਨੀ ਚਾਹੀਦੀ ਹੈ : ਮੰਚ
ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ‘ਸੋਸ਼ਲ ਮੀਡੀਆ-ਕਿੰਨਾ ਕੁ ਲੋਕਾਂ ਦਾ?’ ਕਰਵਾਈ ਵਿਚਾਰ-ਚਰਚਾ
ਲੰਡਨ, 11 ਨਵੰਬਰ (ਨਰਪਾਲ ਸਿੰਘ ਸ਼ੇਰਗਿੱਲ/ਪੰਜਾਬ ਮੇਲ)- ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਨੇ ਭੱਖਦੇ ਅਤੇ ਲੋਕ ਹਿਤੈਸ਼ੀ ਵਿਸ਼ਿਆਂ ‘ਤੇ ਵਿਚਾਰ-ਚਰਚਾ ਦੀ ਲੜੀ ਤਹਿਤ ‘ਸੋਸ਼ਲ ਮੀਡੀਆ-ਕਿੰਨਾ ਕੁ ਲੋਕਾਂ ਦਾ?’ ਵਿਸ਼ੇ ‘ਤੇ ਵੈਬੀਨਾਰ ਕਰਵਾਇਆ। ਇਸ ਵਿਚ ਮੁੱਖ ਬੁਲਾਰੇ ਸਮਾਜੀ ਕਾਰਕੁੰਨ ਤੇ ਚਿੰਤਕ ਰਾਜਪਾਲ ਸਿੰਘ ਨੇ ਦੱਸਿਆ ਕਿ ਮੀਡੀਆ ਬਹੁਤ ਥੋੜੇ ਸਮੇਂ ਵਿਚ ਛਾ ਗਿਆ ਹੈ। ਇਹ ਜਾਣਕਾਰੀ ਪ੍ਰਾਪਤ ਕਰਨ ਅਤੇ ਇੱਕ ਦੂਸਰੇ ਨਾਲ ਸੰਸਾਰ ਪੱਧਰ ‘ਤੇ ਜੋੜਨ ਦਾ ਮੁੱਖ ਸਾਧਨ ਬਣ ਗਿਆ ਹੈ। ਸੰਚਾਰ ਦੇ ਹੋਰ ਸਾਧਨਾਂ ‘ਤੇ ਸਰਕਾਰ ਬੜੀ ਅਸਾਨੀ ਨਾਲ ਕੰਟਰੋਲ ਕਰ ਸਕਦੀ ਹੈ। ਪਰ ਸੋਸ਼ਲ ਮੀਡੀਆ ‘ਤੇ ਕੰਟਰੋਲ ਕਰਨਾ ਇੰਨਾ ਸੌਖਾ ਨਹੀਂ ਹੈ। ਇਸ ਲਈ ਇਸ ‘ਤੇ ਹਰ ਤਰ੍ਹਾਂ ਦੇ ਵਿਚਾਰ ਵਿਅਕਤ ਹੋ ਰਹੇ ਹਨ। ਉਨ੍ਹਾਂ ਇਹ ਤੱਥ ਨੂੰ ਉਘਾੜਿਆ ਕਿ ਸੋਸ਼ਲ ਮੀਡੀਆ ਓਨਾਂ ਕੁ ਹੀ ਲੋਕਾਂ ਦਾ ਹੈ, ਜਿੰਨਾ ਕਿ ਲੋਕਤੰਤਰ ਲੋਕਾਂ ਦਾ ਹੈ। ਸੋਸ਼ਲ ਮੀਡੀਆ ਨੂੰ ਰਾਜਨੀਤਿਕ ਜਾਂ ਭਾਰੂ ਧਿਰਾਂ ਆਪਣੇ ਹੱਕ ਵਿਚ ਅਗਵਾ ਕਰਕੇ ਭੁਗਤਾ ਰਹੀਆਂ ਹਨ। ਇਸ ਵਿਚ ਕੀ ਵਿਚਾਰ ਭਰਨੇ ਹਨ, ਉਹ ਇਸਨੂੰ ਕਿਵੇਂ ਆਪਣੇ ਹੱਕ ਵਿਚ ਵਰਤ ਸਕਦੇ ਹਨ, ਇਸ ‘ਤੇ ਉਹ ਕੰਟਰੋਲ ਰੱਖਦੇ ਹਨ। ਭਾਵੇਂ ਇਹ ਜਾਣਕਾਰੀ ਲਈ ਸਹੀ ਸਾਧਨ ਹੈ ਪਰ ਇਸ ‘ਤੇ ਗਲਤ ਜਾਣਕਾਰੀ ਤੇ ਗੁੰਮਰਾਹਕੁੰਨ ਹੀ ਭਰੀ ਜਾਂਦੀ ਹੈ। ਇਸਨੂੰ ਕੰਟਰੋਲ ਕਰਨ ਲਈ ਇਸਦੇ ਮੁਕਾਬਲੇ ਦੇ ਸਾਧਨ ਲੱਭਣੇ ਪੈਣਗੇ। ਮੀਡੀਆ ‘ਤੇ ਸੰਤੁਲਿਤ ਗੱਲ ਕਰਨ ਵਾਲੇ ਨੂੰ ਦਬਾਇਆ ਜਾਂਦਾ ਹੈ ਅਤੇ ਕੇਸ ਰਜਿਸਟਰ ਕੀਤੇ ਜਾਂਦੇ ਹਨ। ਉਨ੍ਹਾਂ ਨੇ ਬਹੁਤ ਸਾਰੀਆਂ ਉਦਾਹਰਨਾਂ ਦੇ ਕੇ ਆਪਣੇ ਵਿਚਾਰਾਂ ਨੂੰ ਸਿੱਧ ਕੀਤਾ। ਉਨ੍ਹਾਂ ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ਬਾਰੇ ਹੋਈ ਚਰਚਾ ਬਾਰੇ ਵੀ ਗੱਲ ਕੀਤੀ ਕਿ ਉਸ ਦੇ ਤੱਥਾਂ ਨੂੰ ਮੀਡੀਆ ਵਿਚ ਗਲਤ ਤਰੀਕੇ ਨਾਲ ਉਭਾਰਿਆ ਗਿਆ। ਇਹ ਸਭ ਕੁਝ ਜਾਣਬੁੱਝ ਕੇ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਫੇਸਬੁੱਕ ਦਾ ਹੈੱਡ ਅਣਖੀਦਾਸ ਵੀ ਇੱਕ ਖ਼ਾਸ ਪਾਰਟੀ ਦਾ ਪੱਖ ਪੂਰਦਾ ਸੀ।
ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿਚ ਕਰਵਾਏ ਗਏ ਵੈਬੀਨਾਰ ‘ਚ ਇਸੇ ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਸਿਆਸੀ ਕਾਰਕੁੰਨ ਕੰਵਲਜੀਤ ਦੱਸਿਆ ਕਿ ਸੋਸ਼ਲ ਮੀਡੀਆ ਸਮਾਜ ਵਿਚ ਹੋ ਰਹੀਆਂ ਬਦਲਾਵਾਂ ਨੂੰ ਵਿਅਕਤ ਕਰਦਾ ਹੈ। ਇਸ ਮੀਡੀਆ ‘ਤੇ ਲੋਕ ਇੱਕ ਤਰ੍ਹਾਂ ਨਾਲ ਇੱਕ ਦੂਸਰੇ ਦੀਆਂ ਚੁਗਲੀਆਂ ਕਰਦੇ ਹਨ। ਇਸਦਾ ਇਸਤੇਮਾਲ ਠੀਕ ਤਰੀਕੇ ਨਾਲ ਹੋਣਾ ਚਾਹੀਦਾ ਹੈ, ਤਾਂ ਹੀ ਇਹ ਲੋਕ-ਹਿਤੈਸ਼ੀ ਹੋ ਸਕਦਾ ਹੈ। ਜੀ.ਐੱਸ. ਗੁਰਦਿੱਤ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਚੰਗੇ ਪੜ੍ਹੇ-ਲਿਖੇ ਲੋਕ ਵੀ ਅਨਪੜ੍ਹਾਂ ਵਾਲਾ ਵਰਤਾ ਕਰਦੇ ਦੇਖੇ ਗਏ ਹਨ। ਜਾਣਕਾਰੀ ਘੱਟ ਹੋਣ ਕਰਕੇ ਜਾਂ ਜਾਣਬੁੱਝ ਕੇ ਉਹ ਇਸ ਦਾ ਗਲਤ ਇਸਤੇਮਾਲ ਕਰਦੇ ਹਨ। ਡਾ. ਹਰਜਿੰਦਰ ਵਾਲੀਆ ਨੇ ਕਿਹਾ ਕਿ ਸਾਰੀ ਤਰ੍ਹਾਂ ਦਾ ਮੀਡੀਆ ਹੁਣ ਇਕੱਠਾ ਹੋ ਗਿਆ ਹੈ। ਇਸ ਉਤੇ ਪੇਡ-ਜਰਨਲਿਜ਼ਮ ਵੀ ਹੁੰਦਾ ਹੈ। ਉਹ ਲੋਕ ਆਪਣੀ ਜਾਂ ਆਪਣੇ ਮਾਲਕ ਦੀ ਗੱਲ ਹੀ ਲੋਕਾਂ ‘ਤੇ ਥੋਪਣਾ ਚਾਹੁੰਦੇ ਹਨ। ਉਨ੍ਹਾਂ ਨੇ ਮੀਡੀਆ ਨੂੰ ਪਿੰਡਾਂ ਦੀ ਸੱਥ ਨਾਲ ਤੁਲਨਾ ਕੀਤੀ। ਇਹ ਕਿਸੇ ਦੇ ਹੱਕ ਵਿਚ ਜਾਂ ਵਿਰੋਧ ਵਿਚ ਹਵਾ ਬੁਝਾਉਣ ਵਿਚ ਵੱਡਾ ਰੋਲ ਅਦਾ ਕਰਦਾ ਹੈ। ਡਾ. ਆਸਾ ਸਿੰਘ ਘੁੰਮਣ ਨੇ ਕਿਹਾ ਕਿ ਸਾਡੇ ਸਮਾਜ ‘ਚ ਸੋਸ਼ਲ ਕੰਟਰੋਲ ਲਾਪਤਾ ਹੋ ਗਿਆ ਹੈ। ਮਾੜੇ ਸ਼ਬਦ ਵਰਤਣ ਵੇਲੇ ਕੋਈ ਸ਼ਰਮ ਮਹਿਸੂਸ ਨਹੀਂ ਕਰਦਾ। ਗੈਰ-ਜ਼ਿੰਮੇਵਾਰ ਤਰੀਕੇ ਨਾਲ ਗਾਲ੍ਹਾਂ ਵੀ ਕੱਢੀਆਂ ਜਾਂਦੀਆਂ ਹਨ। ਮਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਸੋਸ਼ਲ ਮੀਡੀਆ ਵੱਡਾ ਹਥਿਆਰ ਹੈ। ਇਸਦੇ ਪ੍ਰਤੀ ਲੋਕਾਂ ਦੀ ਸੰਤੁਲਤ ਸੋਚ ਬਣਨੀ ਚਾਹੀਦੀ ਹੈ। ਇਸੇ ਤਰ੍ਹਾਂ ਕੇਹਰ ਸ਼ਰੀਫ਼ ਨੇ ਕਿਹਾ ਕਿ ਸਾਨੂੰ ਆਪਣੀ ਭਾਸ਼ਾ ਦੀ ਇੱਜ਼ਤ ਕਰਨੀ ਚਾਹੀਦੀ ਹੈ ਤੇ ਇਸਦੀ ਸੋਸ਼ਲ ਮੀਡੀਆ ‘ਤੇ ਮਾੜੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ। ਪਰਵਿੰਦਰਜੀਤ ਸਿੰਘ ਨੇ ਸਾਈਬਰ ਕਰਾਈਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਬਾਰੇ ਕੋਈ ਸਖ਼ਤ ਕਾਨੂੰਨ ਨਹੀਂ ਹਨ। ਸਖ਼ਤ ਕਾਨੂੰਨ ਬਣਨੇ ਚਾਹੀਦੇ ਹਨ। ਰਵਿੰਦਰ ਸਹਿਰਾਅ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਵਪਾਰੀ ਵਰਗ ਜ਼ਿਆਦਾ ਵਰਤੋਂ ਕਰਦੇ ਹਨ। ਇਸ ‘ਤੇ ਜਾਲਸਾਜ਼ੀ ਬਹੁਤ ਹੋ ਰਹੀ ਹੈ। ਲੋਕਾਂ ਦੇ ਅਕਾਊਂਟ ਹੈੱਕ ਕਰਕੇ ਲੋਕ ਆਰਥਿਕ ਨੁਕਸਾਨ ਪਹੁੰਚਾ ਰਹੇ ਹਨ। ਇਸਨੂੰ ਸਹੀ ਤਰੀਕੇ ਨਾਲ ਹੀ ਵਰਤਣਾ ਚਾਹੀਦਾ ਹੈ। ਦਰਸ਼ਨ ਸਿੰਘ ਰਿਆੜ, ਰਵਿੰਦਰ ਚੋਟ ਅਤੇ ਵਰਿੰਦਰ ਸ਼ਰਮਾ ਨੇ ਕਿਹਾ ਕਿ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਇਹ ਸੌਖਾ ਤੇ ਸਸਤਾ ਸਾਧਨ ਹੈ। ਸ਼੍ਰੀ ਰਾਜਪਾਲ ਨੇ ਉਠਾਏ ਗਏ ਸਵਾਲਾਂ ਦੇ ਜਵਾਬ ਦਿੱਤੇ ਅਤੇ ਅੰਤ ਵਿਚ ਮੰਚ ਦੇ ਜਨਰਲ ਸਕੱਤਰ ਗੁਰਚਰਨ ਨੂਰਪੁਰ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਵੈਬੀਨਾਰ ਵਿਚ ਹੋਰਨਾਂ ਤੋਂ ਬਿਨ੍ਹਾਂ ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਸੁਖਦੇਵ ਸਿੰਘ ਗੰਢਵਾਂ, ਮਨਦੀਪ ਸਿੰਘ, ਮਲਕੀਤ ਸਿੰਘ ਅੱਪਰਾ, ਬੇਅੰਤ ਕੌਰ ਗਿੱਲ, ਐਡਵੋਕੇਟ ਸੰਤੋਖ ਲਾਲ ਵਿਰਦੀ, ਕੇ. ਜਵੰਦਾ ਕੈਨੇਡਾ, ਸੀਤਲ ਰਾਮ ਬੰਗਾ, ਬੰਸੋ ਦੇਵੀ, ਸੰਤੋਸ਼ ਕੁਮਾਰੀ, ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਦੇਵਿੰਦਰਪੁਰੀ ਵੀ ਹਾਜ਼ਰ ਸਨ।


Share