ਸੋਨੂੰ ਸੂਦ ਦੀ ਭੈਣ ਮੋਗਾ ਤੋਂ ਲੜੇਗੀ ਪੰਜਾਬ ਵਿਧਾਨ ਸਭਾ ਚੋਣ

297
ਮੋਗਾ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੋਨੂੰ ਸੂਦ ਅਤੇ ਉਨ੍ਹਾਂ ਦੀ ਭੈਣ ਮਾਲਵਿਕਾ ਸੱਚਰ ਸੂਦ।
Share

-ਸਿਆਸੀ ਪਾਰਟੀ ਦਾ ਅਜੇ ਕੋਈ ਫੈਸਲਾ ਨਹੀਂ ਲਿਆ
ਮੋਗਾ, 15 ਨਵੰਬਰ (ਪੰਜਾਬ ਮੇਲ)- ਬੌਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਆਪਣੀ ਭੈਣ ਮਾਲਵਿਕਾ ਸੂਦ ਸੱਚਰ ਰਾਹੀਂ ਸਿਆਸੀ ਪਾਰੀ ਖੇਡਣ ਦਾ ਐਲਾਨ ਤਾਂ ਕਰ ਦਿੱਤਾ ਪਰ ਸਿਆਸੀ ਪਾਰਟੀ ਦਾ ਫ਼ੈਸਲਾ ਹਾਲੇ ਵੀ ਗੁਪਤ ਰੱਖਿਆ ਹੈ। ਸੂਦ ਨੇ ਇੱਥੇ ਪ੍ਰੈੱਸ ਕਾਨਫਰੰਸ ’ਚ ਸਪੱਸ਼ਟ ਕਰ ਦਿੱਤਾ ਕਿ ਉਸ ਦੀ ਭੈਣ ਪੰਜਾਬ ਦੀ ਸਿਆਸਤ ’ਚ ਆਵੇਗੀ ਪਰ ਉਹ ਨਹੀਂ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਭੈਣ ਮੋਗਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੇਗੀ ਪਰ ਸਿਆਸੀ ਪਾਰਟੀ ਦਾ ਅਜੇ ਕੋਈ ਫ਼ੈਸਲਾ ਨਹੀਂ ਲਿਆ।¿;
ਅਦਾਕਾਰ ਦੀ ਭੈਣ ਮਾਲਵਿਕਾ ਸੂਦ ਸੱਚਰ ਦੀ ਸਿਆਸਤ ’ਚ ਐਂਟਰੀ ਨਾਲ ਹੀ ਇੱਕ ਆਡਿਓ ਵੀ ਵਾਇਰਲ ਹੋਈ ਹੋ ਰਹੀ ਹੈ, ਜਿਸ ਵਿਚ ਇੱਕ ਲੜਕੀ ਖੁਦ ਨੂੰ ਦਿੱਲੀ ਤੋਂ ਚੰਚਲ ਦੱਸਦੀ ਹੋਈ ਆਖ ਰਹੀ ਹੈ ਕਿ ਆਪ ਨੂੰ ਮੈਸੇਜ ਲਈ ਕਾਲ ਕੀਤੀ ਹੈ ਕਿ ਜਿਵੇਂ ਚੰਗਾ ਡਾਕਟਰ ਦਵਾਈ ਕਰ ਸਕਦਾ ਹੈ, ਉਵੇਂ ਇੱਕ ਐੱਮ.ਐੱਲ.ਏ. (ਹਾਕਮ ਧਿਰ ਦੇ ਐੱਮ.ਐੱਲ.ਏ. ਦਾ ਨਾਮ ਲੈ ਕੇ ਆਖ ਰਹੀ ਹੈ) ਉਹ ਹੀ ਲੋਕਾਂ ਦੀ ਸੱਚੀ ਭਲਾਈ ਕਰ ਸਕਦੇ ਹਨ, ਨਾ ਕਿ ਕੋਈ ਫ਼ਿਲਮੀ ਐਕਟਰ। ਮਾਲਵਿਕਾ ਦੇ ‘ਆਪ’ ਜਾਂ ਕਾਂਗਰਸ ’ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਬਾਰੇ ਵੀ ਸੋਸ਼ਲ ਮੀਡੀਆ ’ਤੇ ਤਨਜ਼ ਕੱਸੇ ਜਾ ਰਹੇ ਹਨ ਕਿ ਉਹ ਕਿਸ ਪਾਰਟੀ ਦੇ ਸੰਭਾਵੀ ਉਮੀਦਵਾਰ ਦੀ ਕੁਰਬਾਨੀ ਲਵੇਗੀ।
ਅਦਾਕਾਰ ਸੋਨੂੰ ਸੂਦ ਨੇ ਪ੍ਰੈੱਸ ਕਾਨਫਰੰਸ ਵਿਚ ਐਲਾਨ ਕੀਤਾ, ‘‘ਅਸੀਂ ਅਧਿਕਾਰਤ ਤੌਰ ’ਤੇ ਇਹ ਕਹਿਣਾ ਚਾਹੁੰਦੇ ਹਾਂ ਕਿ ਮਾਲਵਿਕਾ ਪੰਜਾਬ ਦੀ ਸੇਵਾ ਲਈ ਜ਼ਰੂਰ ਆਵੇਗੀ। ਮਾਲਵਿਕਾ ਸੂਦ ਸੱਚਰ ਲੋਕਾਂ ਦੀ ਸੇਵਾ ਕਰਨ ਲਈ ਤਿਆਰ ਹੈ, ਉਸ ਦੀ ਵਚਨਬੱਧਤਾ ਬੇਮਿਸਾਲ ਹੈ।’’ ਉਨ੍ਹਾਂ ਕਿਹਾ, ‘‘ਹਾਲੇ ਇਹ ਤੈਅ ਨਹੀਂ ਹੋਇਆ ਕਿ ਉਹ ਕਿਸ ਪਾਰਟੀ ਤੋਂ ਚੋਣ ਲੜੇਗੀ। ਪਾਰਟੀ ਨਾਲੋਂ ਸੋਚ ਜ਼ਿਆਦਾ ਜ਼ਰੂਰੀ ਹੈ। ਮਾਲਵਿਕਾ ਲੋਕਾਂ ਵੱਲੋਂ ਦਿੱਤੇ ਗਏ ਰੁਤਬੇ ’ਤੇ ਖਰੀ ਉਤਰੇਗੀ। ਸਮਾਂ ਆਉਣ ’ਤੇ ਉਹ ਪਾਰਟੀ ਦਾ ਨਾਂ ਵੀ ਉਜਾਗਰ ਕਰਨਗੇ। ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣ ਲੜੇਗੀ।’’ ਇਸ ਮੌਕੇ ਉਨ੍ਹਾਂ ਕਾਂਗਰਸ ਤੇ ‘ਆਪ’ ਦੀ ਵੀ ਤਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮਿਲ ਕੇ ਚੰਗਾ ਲੱਗਿਆ ਹੈ। ਉਨ੍ਹਾਂ ਸੁਖਬੀਰ ਬਾਦਲ ਦੀ ਵੀ ਤਾਰੀਫ਼ ਕੀਤੀ।¿;
‘ਸੂਬੇ ’ਚ ਸਿਆਸੀ ਤਸਵੀਰ ਉਘੜਨ ਦੀ ਉਡੀਕ’
ਸੂਤਰਾਂ ਦੀ ਮੰਨੀਏ ਤਾਂ ਸੋਨੂੰ ਸੂਦ ‘ਆਪ’ ਅਤੇ ਕਾਂਗਰਸ ਪਾਰਟੀ ਦੀ ਨਬਜ਼ ਟੋਹਣ ਦੇ ਨਾਲ ਸੂਬੇ ਦੀ ਸਿਆਸੀ ਤਸਵੀਰ ਦਾ ਇੰਤਜ਼ਾਰ ਕਰ ਰਹੇ ਹਨ। ਇਥੇ ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਦਾ ਮੋਗਾ ਆਉਣ ਦਾ ਪ੍ਰੋਗਰਾਮ ਸੀ ਪਰ ਇਹ ਦੌਰਾ ਰੱਦ ਹੋਣਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਨੂੰ ਸੂਦ ਨੇ ਕਰੋਨਾ ਕਾਲ ਵਿਚ ਅਣਗਿਣਤ ਲੋਕਾਂ ਦੀ ਮਦਦ ਕੀਤੀ ਸੀ, ਜਿਸ ਸਦਕਾ ਉਸ ਦੀ ਪਛਾਣ ਅਦਾਕਾਰ ਨਾਲੋਂ ਸਮਾਜ ਸੇਵੀ ਵਜੋਂ ਜ਼ਿਆਦਾ ਹੋ ਗਈ ਹੈ।

Share