ਸੋਨੀਆ ਗਾਂਧੀ ਵੱਲੋਂ ਕਾਂਗਰਸ ਦੇ ਜਥੇਬੰਦਕ ਢਾਂਚੇ ‘ਚ ਫੇਰਬਦਲ

464
Share

-ਆਜ਼ਾਦ, ਸੋਨੀ ਤੇ ਖੜਗੇ ਦੀ ਜਨਰਲ ਸਕੱਤਰ ਦੇ ਅਹੁਦਿਆਂ ਤੋਂ ਛੁੱਟੀ
-ਹਰੀਸ਼ ਰਾਵਤ ਨੂੰ ਪੰਜਾਬ ਮਾਮਲਿਆਂ ਦਾ ਲਾਇਆ ਇੰਚਾਰਜ
ਨਵੀਂ ਦਿੱਲੀ, 11 ਸਤੰਬਰ (ਪੰਜਾਬ ਮੇਲ)- ਕਾਂਗਰਸ ਪਾਰਟੀ ਨੇ ਅੱਜ ਆਪਣੇ ਜਥੇਬੰਦਕ ਢਾਂਚੇ ‘ਚ ਫੇਰਬਦਲ ਕਰਦਿਆਂ ਰਾਜ ਸਭਾ ਮੈਂਬਰ ਗੁਲਾਮ ਨਬੀ ਆਜ਼ਾਦ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੈ। ਆਜ਼ਾਦ ਹਰਿਆਣਾ ਮਾਮਲਿਆਂ ਦੇ ਇੰਚਾਰਜ ਸਨ ਤੇ ਉਨ੍ਹਾਂ ਦੀ ਥਾਂ ਵਿਵੇਕ ਬਾਂਸਲ ਨੂੰ ਲਾਇਆ ਗਿਆ ਹੈ। ਆਜ਼ਾਦ, ਕਾਂਗਰਸ ਪਾਰਟੀ ਦੀ ਮੁਕੰਮਲ ਕਾਇਆਕਲਪ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਣ ਵਾਲੇ ਪ੍ਰਮੁੱਖ ਤੇ ਸੀਨੀਅਰ ਆਗੂਆਂ ‘ਚ ਸ਼ੁਮਾਰ ਸਨ। ਉਂਜ ਅੰਬਿਕਾ ਸੋਨੀ ਤੇ ਮਲਿਕਾਰਜੁਨ ਖੜਗੇ ਨੂੰ ਵੀ ਜਨਰਲ ਸਕੱਤਰ ਦੇ ਅਹੁਦਿਆਂ ਤੋਂ ਹੱਥ ਧੋਣੇ ਪਏ ਹਨ। ਪ੍ਰਿਯੰਕਾ ਗਾਂਧੀ ਜਨਰਲ ਸਕੱਤਰ ਦੇ ਅਹੁਦੇ ‘ਤੇ ਬਰਕਰਾਰ ਰਹਿੰਦਿਆਂ ਪਹਿਲਾਂ ਵਾਂਗ ਯੂਪੀ ਮਾਮਲਿਆਂ ਨੂੰ ਵੇਖਣਗੇ। ਮੁਕੁਲ ਵਾਸਨਿਕ ਤੇ ਰਣਦੀਪ ਸੁਰਜੇਵਾਲਾ ਜਨਰਲ ਸਕੱਤਰ ਵਜੋਂ ਕ੍ਰਮਵਾਰ ਮੱਧ ਪ੍ਰਦੇਸ਼ ਤੇ ਕਰਨਾਟਕ ਦੇ ਇੰਚਾਰਜ ਹੋਣਗੇ। ਸਾਬਕਾ ਕੇਂਦਰੀ ਮੰਤਰੀ ਤੇ ਚੰਡੀਗਡ੍ਹ ਤੋਂ ਸਾਬਕਾ ਸੰਸਦ ਮੈਂਬਰ ਪਵਨ ਕੁਮਾਰ ਬਾਂਸਲ ਨੂੰ ਏਆਈਸੀਸੀ ਦੇ ਪ੍ਰਸ਼ਾਸਨਿਕ ਮਾਮਲਿਆਂ ਦਾ ਇੰਚਾਰਜ ਲਾਇਆ ਗਿਆ ਹੈ। ਬਾਂਸਲ, ਸੀਨੀਅਰ ਪਾਰਟੀ ਆਗੂ ਮੋਤੀ ਲਾਲ ਵੋਹਰਾ ਦੀ ਥਾਂ ਲੈਣਗੇ। ਚੇਤੇ ਰਹੇ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਵਰਚੁਅਲ ਮੀਟਿੰਗ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਏ.ਕੇ. ਐਂਟਨੀ ਸਮੇਤ ਹੋਰਨਾਂ ਆਗੂਆਂ ਨੇ ਇਸ ਪੱਤਰ ‘ਤੇ ਉਜਰ ਜਤਾਇਆ ਸੀ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਤਾਂ ਪੱਤਰ ਦੀ ਟਾਈਮਿੰਗ ‘ਤੇ ਵੀ ਸਵਾਲ ਉਠਾਏ ਸਨ। ਪਾਰਟੀ ਦੇ ਜੱਥੇਬੰਦਕ ਢਾਂਚੇ ‘ਚ ਕੀਤੇ ਫੇਰਬਦਲ ਤਹਿਤ ਪਾਰਟੀ ਵਿੱਚ ਹੁਣ 9 ਜਨਰਲ ਸਕੱਤਰ ਹੋਣਗੇ। ਹਰੀਸ਼ ਰਾਵਤ ਨੂੰ ਜਨਰਲ ਸਕੱਤਰ ਥਾਪਦਿਆਂ ਪੰਜਾਬ ਮਾਮਲਿਆਂ ਦਾ ਇੰਚਾਰਜ ਲਾਇਆ ਗਿਆ ਹੈ।


Share