ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ ਨੂੰ ਮੰਤਰੀ ਮੰਡਲ ’ਚ ਫੇਰਬਦਲ ਕਰਨ ਦੇ ਦਿੱਤੇ ਅਧਿਕਾਰ!

378
Share

ਚੰਡੀਗੜ੍ਹ 7 ਜੁਲਾਈ (ਪੰਜਾਬ ਮੇਲ)- ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਮੰਗਲਵਾਰ ਹੋਈ ਅਹਿਮ ਬੈਠਕ ਦੀ ਕਾਰਵਾਈ ਨੂੰ ਭਾਵੇਂ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਹੈ ਪਰ ਕਾਂਗਰਸ ਵਿਚ ਮੰਨਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਨੇ ਅਮਰਿੰਦਰ ਸਿੰਘ ਨੂੰ ਮੰਤਰੀ ਮੰਡਲ ’ਚ ਫੇਰਬਦਲ ਕਰਨ ਦੇ ਅਧਿਕਾਰ ਦੇ ਦਿੱਤੇ ਹਨ। ਸੋਨੀਆ ਨੇ ਕੈਪਟਨ ਨੂੰ ਕਿਹਾ ਹੈ ਕਿ ਉਹ ਆਪਣੀ ਕੈਬਨਿਟ ’ਚ ਫੇਰਬਦਲ ਕਰਨ। ਸੋਨੀਆ ਗਾਂਧੀ ਵਲੋਂ ਕੈਪਟਨ ਨੂੰ ਮੰਤਰੀ ਮੰਡਲ ’ਚ ਫੇਰਬਦਲ ਕਰਨ ਦੇ ਅਧਿਕਾਰ ਦਿੱਤੇ ਜਾਣ ਪਿਛੋਂ ਹੁਣ ਮੰਤਰੀਆਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਕੈਪਟਨ ਦੀ ਪਿਛਲੇ ਦਿਨੀਂ ਵਿਰੋਧਤਾ ਕਰਨ ਵਾਲੇ ਮੰਤਰੀਆਂ ’ਚ ਸਭ ਤੋਂ ਵੱਧ ਬੇਚੈਨੀ ਵੇਖੀ ਗਈ ਹੈ। ਹੁਣ ਵੇਖਣਾ ਇਹ ਹੈ ਕਿ ਕੈਪਟਨ ਇਸ ਸਬੰਧੀ ਕੀ ਫ਼ੈਸਲਾ ਕਰਦੇ ਹਨ? ਮੰਤਰੀ ਮੰਡਲ ’ਚ ਨਵਜੋਤ ਸਿੱਧੂ ਕਾਰਨ ਇੱਕ ਅਹੁਦਾ ਪਹਿਲਾਂ ਤੋਂ ਹੀ ਖ਼ਾਲੀ ਪਿਆ ਹੈ। ਸੋਨੀਆ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਹੋਈ ਬੈਠਕ ’ਚ ਇਸ ਗੱਲ ’ਤੇ ਸਹਿਮਤੀ ਬਣ ਗਈ ਹੈ ਕਿ ਕਿਸੇ ਹਿੰਦੂ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਬਣਾਇਆ ਜਾਵੇ। ਸੋਨੀਆ ਨੇ ਕੈਪਟਨ ਨੂੰ ਨਵੇਂ ਸੂਬਾਈ ਪ੍ਰਧਾਨ ਲਈ ਇਕ ਲਿਖ਼ਤੀ ਨੋਟ ਉਨ੍ਹਾਂ ਨੂੰ ਭੇਜਣ ਲਈ ਕਿਹਾ ਹੈ। ਦੱਸਿਆ ਜਾਂਦਾ ਹੈ ਕਿ ਕੈਪਟਨ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਵਿਜੈਇੰਦਰ ਸਿੰਗਲਾ ਦਾ ਨਾਂ ਹਾਈਕਮਾਨ ਨੂੰ ਭੇਜਿਆ ਜਾ ਸਕਦਾ ਹੈ। ਸਿੰਗਲਾ ਤੋਂ ਇਲਾਵਾ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਨਾਂ ਵੀ ਚਰਚਾ ’ਚ ਚੱਲ ਰਿਹਾ ਹੈ। ਹੁਣ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਪੱਤਰ ’ਚ ਕਿਸ ਕਾਂਗਰਸੀ ਆਗੂ ਦਾ ਨਾਂ ਸੋਨੀਆ ਗਾਂਧੀ ਨੂੰ ਲਿਖ ਕੇ ਭੇਜਣਗੇ। ਵਿਜੈਇੰਦਰ ਸਿੰਗਲਾ ਨੂੰ ਸੂਬਾਈ ਕਾਂਗਰਸ ਦਾ ਪ੍ਰਧਾਨ ਬਣਨ ’ਤੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਵੇਗਾ। ਇਸ ਤਰ੍ਹਾਂ ਮੰਤਰੀ ਮੰਡਲ ’ਚ ਮੰਤਰੀਆਂ ਦੇ 2 ਅਹੁਦੇ ਖ਼ਾਲੀ ਹੋ ਜਾਣਗੇ।
ਇਨ੍ਹਾਂ ਦੋਹਾਂ ਅਹੁਦਿਆਂ ਨੂੰ ਕੈਪਟਨ ਅਮਰਿੰਦਰ ਸਿੰਘ ਆਪਣੀ ਇੱਛਾ ਮੁਤਾਬਕ ਭਰਨਗੇ ਕਿਉਂਕਿ ਸੋਨੀਆ ਨੇ ਕਿਹਾ ਹੈ ਕਿ ਮੰਤਰੀ ਬਣਾਉਣਾ ਮੁੱਖ ਮੰਤਰੀ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ। ਉਕਤ ਦੋ ਅਹੁਦਿਆਂ ਤੋਂ ਇਲਾਵਾ ਇਕ-ਦੋ ਹੋਰ ਮੰਤਰੀਆਂ ’ਚ ਕੈਪਟਨ ਫੇਰਬਦਲ ਕਰਨਾ ਚਾਹੁੰਦੇ ਹਨ। ਇਹ ਵੀ ਸੰਭਵ ਹੈ ਕਿ ਕੈਪਟਨ ਅਮਰਿੰਦਰ ਸਿੰਘ 3-4 ਨਵੇਂ ਮੰਤਰੀ ਬਣਾ ਦੇਣ ਜਾਂ ਫਿਰ 2 ਨਵੇਂ ਮੰਤਰੀ ਬਣਾਉਣ ਦੇ ਨਾਲ ਹੀ ਇਕ-ਦੋ ਮੰਤਰੀਆਂ ਦੇ ਵਿਭਾਗਾਂ ’ਚ ਤਬਦੀਲੀ ਕਰ ਦੇਣ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ ’ਚ ਫੇਰਬਦਲ ਕਰਦੇ ਸਮੇਂ ਇਕ ਦਲਿਤ ਨੂੰ ਉਪ ਮੁੱਖ ਮੰਤਰੀ ਬਣਾ ਸਕਦੇ ਹਨ। ਇੰਝ ਕਰ ਕੇ ਉਹ ਅਕਾਲੀਆਂ ਵੱਲੋਂ ਬਸਪਾ ਨਾਲ ਕੀਤੇ ਗਏ ਗਠਜੋੜ ਨੂੰ ਹਾਸ਼ੀਏ ’ਤੇ ਲਿਆ ਸਕਦੇ ਹਨ। ਨਾਲ ਹੀ ਦਲਿਤਾਂ ਦਾ ਝੁਕਾਅ ਕਾਂਗਰਸ ਵੱਲ ਬਣਾਉਣ ’ਚ ਸਫਲ ਹੋ ਸਕਦੇ ਹਨ। ਇਸ ਤਰ੍ਹਾਂ ਕਾਂਗਰਸ ਲੀਡਰਸ਼ਿਪ ਨੇ ਪੰਜਾਬ ’ਚ ਸੋਸ਼ਲ ਇੰਜੀਨੀਅਰਰਿੰਗ ਦੇ ਫਾਰਮੂਲੇ ’ਤੇ ਅਮਲ ਕੀਤਾ ਹੈ। ਇਸ ਅਧੀਨ ਸਭ ਭਾਈਚਾਰਿਆਂ ਨੂੰ ਢੁੱਕਵੀਂ ਪ੍ਰਤੀਨਿਧਤਾ ਦਿੱਤੀ ਜਾ ਰਹੀ ਹੈ।
ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਰਹੀ। ਸੋਨੀਆ ਗਾਂਧੀ ਨੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਕਿਸੇ ਹਿੰਦੂ ਨੂੰ ਬਣਾਉਣ ਅਤੇ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਉਣ ਦੇ ਅਧਿਕਾਰ ਦਿੱਤੇ ਹਨ, ਤਾਂ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਸਿੱਧੂ ਨੂੰ ਕਿਹੜਾ ਅਹੁਦਾ ਮਿਲੇਗਾ? ਕਾਂਗਰਸ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਇਸ ਸਮੇਂ ਪਾਰਟੀ ਵਿਚ ਸਿਰਫ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਹੀ ਖ਼ਾਲੀ ਪਿਆ ਹੈ। ਇਹ ਅਹੁਦਾ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਾਂਗਰਸ ਦੀਆਂ ਕੇਂਦਰੀ ਕਮੇਟੀਆਂ ’ਚ ਸਿੱਧੂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।


Share