ਸੈਲੀ’ ਤੂਫ਼ਾਨ ਨੇ ਫਲੋਰਿਡਾ-ਅਲਬਾਮਾ ਸਰਹੱਦ ‘ਤੇ 165 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲ ਰਹੀ ਹਵਾਵਾਂ ਦੇ ਨਾਲ ਮਚਾਈ ਭਾਰੀ ਤਬਾਹੀ

298
Share

ਅਲਬਾਮਾ, 18 ਸਤੰਬਰ (ਪੰਜਾਬ ਮੇਲ)- ‘ਸੈਲੀ’ ਤੂਫ਼ਾਨ ਨੇ ਅਮਰੀਕਾ ਦੇ ਫਲੋਰਿਡਾ-ਅਲਬਾਮਾ ਸਰਹੱਦ ‘ਤੇ ਪਹੁੰਚ ਕੇ 165 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲ ਰਹੀ ਹਵਾਵਾਂ ਦੇ ਨਾਲ ਭਾਰੀ ਤਬਾਹੀ ਮਚਾਈ ਹੈ। ਇਸ ਦੌਰਾਨ ਐਨਾ ਮੀਂਹ ਪਿਆ ਕਿ ਇਸ ਨੂੰ ਇੰਚ ਵਿਚ ਨਹੀਂ ਬਲਕਿ ਫੁੱਟ ਵਿਚ ਮਾਪਿਆ ਜਾ ਰਿਹਾ ਸੀ। ਤੂਫਾਨ ਦੀ ਲਪੇਟ ਵਿਚ ਆ ਕੇ ਘੱਟ ਤੋਂ ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਘਰਾਂ ਵਿਚ ਪਾਣੀ ਵੜ ਜਾਣ ਦੇ ਕਾਰਨ ਸੈਂਕੜਿਆਂ ਲੋਕਾਂ ਨੂੰ ਉਥੋਂ ਕੱਢਣਾ ਪਿਆ।

ਅਲਬਾਮਾ ਦੇ ਮੇਅਰ ਟੋਨੀ ਨੇ ਦੱਸਿਆ ਕਿ ਇੱਕ ਵਿਅਕਤੀ ਲਾਪਤਾ ਹੈ ਤੇ ਇੱਕ ਦੀ ਮੌਤ ਓਰੇਂਜ ਬੀਚ ‘ਤੇ ਹੋਈ ਹੈ। ਇਸ ਤੂਫਾਨ ਦੇ ਆਉਣ ‘ਤੇ ਕਈ ਘਰਾਂ ਦੀਆਂ ਛੱਤਾਂ ਉਡ ਗਈਆਂ ਅਤੇ 5.40 ਲੱਖ ਤੋਂ ਜ਼ਿਆਦਾ ਘਰਾਂ ਅਤੇ ਦਫ਼ਤਰਾਂ ਦੀ ਬਿਜਲੀ  ਗੁਲ ਹੋ ਗਈ। ਇਸ ਦੌਰਾਨ ਰਸਤੇ ਵਿਚ ਕਈ ਦਰੱਖਤ ਵੀ ਡਿੱਗ ਗਏ। ਪੁਲਿਸ ਨੇ ਦੱਸਿਆ ਕਿ ਪੇਨਸਾਕੋਲ ਤਟ ‘ਤੇ ਖੜ੍ਹੇ ਕ੍ਰਿਸਟੋਫਰ ਕੋਲੰਬਸ ਦੇ ਜਹਾਜ਼ ਨੀਨਾ ਦਾ ਪ੍ਰਤੀਰੂਪ ਲਾਪਤਾ ਹੈ।
ਤੂਫਾਨ ਦੇ ਚਲਦਿਆਂ ਅਲਬਾਮਾ ਦੇ ਗਲਫ ਸਟੇਟ ਪਾਰਕ ਵਿਚ ਮੱਛੀ ਫੜਨ ਦੇ ਲਈ ਇਸਤੇਮਾਲ ਹੋਣ ਵਾਲਾ ਸੇਤੂਬੰਨ੍ਹ  ਉਦਘਾਟਨ ਪ੍ਰੋਗਰਾਮ ਵਾਲੇ ਦਿਨ ਹੀ ਰੁੜ੍ਹ ਗਿਆ। 24 ਲੱਖ ਡਾਲਰ ਦੀ ਲਾਗਤ ਨਾਲ  ਉਸ ਨੂੰ ਬਣਾਇਆ ਗਿਆ ਸੀ।
ਤੂਫਾਨ ਕਾਰਨ ਪ੍ਰਭਾਵਤ ਐਸਕਾਂਬਿਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਗ੍ਰਸਤ  ਇਲਾਕਿਆਂ ਵਿਚੋਂ ਘੱਟ ਤੋਂ ਘੱਟ 377 ਲੋਕਾਂ ਨੂੰ ਬਚਾਇਆ ਗਿਆ ਹੈ। ਇੱਥੇ ਪਾਣੀ ਦਾ ਪੱਧਰ ਵਧਣ ਨਾਲ ਫਸੇ 40 ਤੋਂ ਜ਼ਿਆਦਾ ਲੋਕਾਂ ਨੂੰ ਇੱਕ ਘੰਟੇ ਅੰਦਰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਜਿਨ੍ਹਾਂ ਵਿਚ ਇੱਕ ਪਰਵਾਰ ਦੇ ਚਾਰ ਮੈਂਬਰ ਦਰੱਖਤ ‘ਤੇ ਮਿਲੇ।  ਅਲਬਾਮਾ ਦੇ ਕੰਢੀ ਕਸਬਿਆਂ ਵਿਚ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ।


Share