ਸੈਨ ਐਂਟੋਨੀਓ ਵਿਖੇ ਟਰੇਲਰ ’ਚ ਮਰਨ ਵਾਲਿਆਂ ਦੀ ਗਿਣਤੀ 51 ਹੋਈ

45
Share

– ਸਖਤ ਬਿਮਾਰਾਂ ਨੂੰ ਹਸਪਤਾਲ ਭਰਤੀ ਕਰਵਾਇਆ
– ਤਸਕਰੀ ਕਰਕੇ ਲਿਆਂਦੇ ਗਏ ਪ੍ਰਵਾਸੀਆਂ ਦੀ ਮੌਤ ਦੀ ਇਹ ਹੁਣ ਤੱਕ ਦੀ ਸਭ ਤੋਂ ਭਿਆਨਕ ਘਟਨਾ
ਸੈਕਰਾਮੈਂਟੋ, 29 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਦੱਖਣੀ-ਪੱਛਮੀ ਟੈਕਸਾਸ ਦੇ ਸੈਨ ਐਂਟੋਨੀਓ ’ਚ ਇਕ ਟਰੈਕਟਰ-ਟ੍ਰੇਲਰ ਵਿਚ ਗਰਮੀ ਕਾਰਨ ਆਪਣੀ ਜਾਨ ਗੁਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵੱਧ ਕੇ 51 ਹੋ ਗਈ ਹੈ। ਮੈਕਸੀਕੋ ਅਤੇ ਮੱਧ ਅਮਰੀਕਾ ਵਿਚ ਰਹਿਣ ਵਾਲੇ ਪ੍ਰਵਾਸੀਆਂ ਦੇ ਪਰਿਵਾਰ ਲਗਾਤਾਰ ਆਪਣੇ ਅਜ਼ੀਜ਼ਾਂ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਕਸੀਕੋ ਤੋਂ ਸਰਹੱਦ ਪਾਰ ਤਸਕਰੀ ਕਰਕੇ ਲਿਆਂਦੇ ਗਏ ਪ੍ਰਵਾਸੀਆਂ ਦੀ ਮੌਤ ਦੀ ਇਹ ਹੁਣ ਤੱਕ ਦੀ ਸਭ ਤੋਂ ਭਿਆਨਕ ਘਟਨਾ ਹੈ।
ਇਨ੍ਹਾਂ ਵਿਚੋਂ ਕੁਝ ਸਹਿਕਦੇ ਲੋਕਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਸ ਵਿਚ ਚਾਰ ਬੱਚੇ ਵੀ ਸ਼ਾਮਲ ਸਨ। ਇਸ ਘਟਨਾ ਬਾਰੇ ਉਸ ਵੇਲੇ ਪਤਾ ਚੱਲਿਆ, ਜਦੋਂ ਸ਼ਾਮ 6 ਵਜੇ ਦੇ ਕਰੀਬ ਸ਼ਹਿਰ ਦੇ ਇੱਕ ਕਰਮਚਾਰੀ ਨੇ ਟਰੱਕ ਵਿਚੋਂ ਮਦਦ ਲਈ ਚੀਕਣ ਦੀ ਆਵਾਜ਼ ਸੁਣੀ। ਪੁਲਿਸ ਮੁਖੀ ਵਿਲੀਅਮ ਮੈਕਮੈਨਸ ਨੇ ਸੋਮਵਾਰ ਨੂੰ ਕਿਹਾ ਕਿ ਇਸ ਭਿਆਨਕ ਮੰਜਰ ਦਾ ਪਤਾ ਲੱਗਿਆ ਤੇ ਟ੍ਰੇਲਰ ਦੇ ਅੰਦਰ ਤੇ ਨੇੜੇ ਜ਼ਮੀਨ ’ਤੇ ਮਰੇ ਹੋਏ ਸਰੀਰਾਂ ਵਾਲੇ ਕਈ ਥੈਲੇ ਮਿਲੇ।
ਮੈਕਸੀਕੋ ਦੇ ਵਿਦੇਸ਼ ਮੰਤਰਾਲਾ ਵਿਚ ਉੱਤਰੀ ਅਮਰੀਕਾ ਵਿਭਾਗ ਦੇ ਮੁਖੀ ਰੌਬਰਟੋ ਵੇਲਾਸਕੋ ਅਲਵਾਰੇਜ਼ ਨੇ ਕਿਹਾ ਕਿ ਮਰਨ ਵਾਲਿਆਂ ਵਿਚੋਂ ਘੱਟੋ-ਘੱਟ 22 ਮੈਕਸੀਕੋ, 7 ਗੁਆਟੇਮਾਲਾ ਅਤੇ 2 ਹੋਂਡੂਰਸ ਦੇ ਰਹਿਣ ਵਾਲੇ ਸਨ। ਇਹ ਪਿਛਲੇ ਕੁਝ ਦਹਾਕਿਆਂ ਵਿਚ ਮੈਕਸੀਕੋ ਤੋਂ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿਚ ਮਾਰੇ ਗਏ ਹਜ਼ਾਰਾਂ ਲੋਕਾਂ ਦੀ ਘਟਨਾ ਵਿਚ ਇਹ ਸਭ ਤੋਂ ਘਾਤਕ ਹੈ। 2017 ਵਿੱਚ ਸੈਨ ਐਂਟੋਨੀਓ ਦੇ ਇਕ ਵਾਲਮਾਰਟ ਵਿਚ ਖੜੇ ਇੱਕ ਟਰੱਕ ਅੰਦਰ ਫਸਣ ਕਾਰਨ 10 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ। 2003 ਵਿਚ, ਸੈਨ ਐਂਟੋਨੀਓ ਦੇ ਦੱਖਣ-ਪੂਰਬ ਵਿਚ ਇੱਕ ਟਰੱਕ ’ਚ 19 ਪ੍ਰਵਾਸੀ ਮਿਲੇ ਸਨ।
ਟੈਕਸਾਸ ਦੇ ਪ੍ਰਤੀਨਿਧੀ ਹੈਨਰੀ ਕੁਏਲਰ ਨੇ ‘ਦਿ ਐਸੋਸੀਏਟਡ’ ਪ੍ਰੈੱਸ ਨੂੰ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿਚ ਟਰੱਕ ਡਰਾਈਵਰ ਅਤੇ ਦੋ ਹੋਰਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਟਰੈਕਟਰ-ਟ੍ਰੇਲਰ ਟੈਕਸਾਸ ਦੇ ਇੰਟਰਸਟੇਟ-35 ’ਤੇ ਲਾਰੇਡੋ ਤੋਂ ਲੰਘਿਆ ਸੀ। ਉਨ੍ਹਾਂ ਨੂੰ ਉਦੋਂ ਇਸ ਵਿਚ ਪ੍ਰਵਾਸੀਆਂ ਦੀ ਮੌਜੂਦਗੀ ਬਾਰੇ ਪਤਾ ਨਹੀਂ ਸੀ। ਪੁਲਿਸ ਮੁਖੀ ਵਿਲੀਅਮ ਮੈਕਮੈਨਸ ਨੇ ਕਿਹਾ ਕਿ ਸੋਮਵਾਰ ਦੁਪਹਿਰ ਨੂੰ ਸੈਨ ਐਂਟੋਨੀਓ ਦੇ ਬਾਹਰਵਾਰ ਇੱਕ ਟਰੈਕਟਰ-ਟ੍ਰੇਲਰ ਤੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਮਦਦ ਲਈ ਚੀਕਾਂ ਸੁਣ ਕੇ ਮੌਕੇ ’ਤੇ ਮੌਜੂਦ ਨਗਰ ਨਿਗਮ ਦੇ ਕਰਮਚਾਰੀ ਨੂੰ ਸਥਿਤੀ ਦਾ ਅੰਦਾਜ਼ਾ ਹੋਇਆ ਸੀ। ਇਸ ਦੇ ਕਰੀਬ ਇਕ ਘੰਟੇ ਬਾਅਦ ਸੜਕ ’ਤੇ ਲਾਸ਼ਾਂ ਦੇ ਢੇਰ ਲੱਗੇ ਗਏ ਸਨ। ਬੇਕਸਰ ਕਾਉਂਟੀ ਦੇ ਜੱਜ ਨੇਲਸਨ ਵੁਲਫ ਨੇ ਕਿਹਾ ਕਿ 46 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੰਜ ਹੋਰਾਂ ਦੀ ਹਸਪਤਾਲ ਵਿਚ ਮੌਤ ਹੋਈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਪੁਰਸ਼ ਹਨ।
ਦੱਖਣੀ ਟੈਕਸਾਸ ਲੰਬੇ ਸਮੇਂ ਤੋਂ ਗੈਰ-ਕਾਨੂੰਨੀ ਸਰਹੱਦ ਪਾਰ ਕਰਨ ਲਈ ਸਭ ਤੋਂ ਖਾਸ ਇਲਾਕਾ ਰਿਹਾ ਹੈ, ਇਥੋਂ ਪ੍ਰਵਾਸੀ ਵਾਹਨਾਂ ਵਿਚ ਸਵਾਰ ਹੁੰਦੇ ਹਨ, ਐਂਟੋਨੀਓ ਸਭ ਤੋਂ ਨਜ਼ਦੀਕੀ ਵੱਡਾ ਸ਼ਹਿਰ ਹੈ, ਇਸ ਤੋਂ ਬਾਅਦ ਉਹ ਅਮਰੀਕਾ ਵਿਚ ਖਿੰਡ ਜਾਂਦੇ ਹਨ। ਹਾਲਾਂਕਿ ਬਾਰਡਰ ਗਸ਼ਤ ਚੌਕੀ ਸੈਨ ਐਂਟੋਨੀਓ ਦੱਖਣ-ਪੱਛਮੀ ਵਿਚ ਹੈ। ਫਾਇਰ ਚੀਫ਼ ਚਾਰਲਸ ਹੁੱਡ ਨੇ ਕਿਹਾ ਕਿ ਗਰਮੀ ਨਾਲ ਸਬੰਧਤ ਬਿਮਾਰੀਆਂ ਵਾਲੇ ਹਸਪਤਾਲਾਂ ਵਿਚ ਲਿਜਾਏ ਗਏ ਮਰੀਜ਼ ਡੀਹਾਈਡ੍ਰੇਟਿਡ ਸਨ, ਅਤੇ ਟਰੇਲਰ ਵਿਚ ਕੋਈ ਪਾਣੀ ਨਹੀਂ ਮਿਲਿਆ। ਹੁੱਡ ਨੇ ਕਿਹਾ, ਇਹ ਇੱਕ ਫਰਿੱਜ ਵਾਲਾ ਟਰੈਕਟਰ-ਟ੍ਰੇਲਰ ਸੀ, ਪਰ ਉਸ ਟਰੱਕ ’ਚ ਕੋਈ ਕੰਮ ਕਰਨ ਵਾਲਾ ਏ.ਸੀ. ਯੂਨਿਟ ਨਹੀਂ ਸੀ। ਤਿੰਨ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਪਰ ਇਹ ਅਸਪੱਸ਼ਟ ਸੀ ਕਿ ਕੀ ਉਹ ਮਨੁੱਖੀ ਤਸਕਰੀ ਨਾਲ ਨਿਸ਼ਚਿਤ ਤੌਰ ’ਤੇ ਜੁੜੇ ਹੋਏ ਸਨ ਕਿ ਨਹੀਂ, ਮੈਕਮੈਨਸ ਨੇ ਕਿਹਾ।
ਜਿਵੇਂ ਕਿ ਅਮਰੀਕਾ ਵਿਚ 2001 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਬਾਰਡਰ ਪਾਰ ਕਰਨਾ ਵਧੇਰੇ ਮੁਸ਼ਕਲ ਹੋ ਗਿਆ ਸੀ, ਇਸ ਦੌਰਾਨ ਪ੍ਰਵਾਸੀਆਂ ਨੂੰ ਵਧੇਰੇ ਖ਼ਤਰਨਾਕ ਖੇਤਰ ਵਿਚੋਂ ਲੰਘਾਇਆ ਜਾਂਦਾ ਹੈ ਤੇ ਹਜ਼ਾਰਾਂ ਡਾਲਰਾਂ ਲਏ ਜਾਂਦੇ ਹਨ, ਇਸ ਕੰਮ ਵਿਚ ਕਈ ਪੰਜਾਬੀ ਵੀ ਲਿਪਤ ਹਨ।
ਰਾਸ਼ਟਰਪਤੀ ਬਾਇਡਨ ਵੱਲੋਂ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ
ਸੈਨ ਐਂਟੋਨੀਓ, (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਨੂੰ ‘‘ਭਿਆਨਕ ਅਤੇ ਦਿਲ ਦਹਿਲਾ ਦੇਣ ਵਾਲੀ’’ ਘਟਨਾ ਦੱਸਿਆ ਹੈ। ਬਾਇਡਨ ਨੇ ਇਕ ਬਿਆਨ ’ਚ ਕਿਹਾ, ‘ਆਪਣੇ ਫਾਇਦੇ ਲਈ ਕਮਜ਼ੋਰ ਲੋਕਾਂ ਦਾ ਸ਼ੋਸ਼ਣ ਕਰਨਾ ਸ਼ਰਮਨਾਕ ਹੈ, ਇਸ ਘਟਨਾ ਨਾਲ ਜੁੜੇ ਕਈ ਸਿਆਸੀ ਪਹਿਲੂ ਵੀ ਹਨ। ਮੇਰਾ ਪ੍ਰਸ਼ਾਸਨ ਮਨੁੱਖੀ ਤਸਕਰਾਂ ਨੂੰ ਉਨ੍ਹਾਂ ਲੋਕਾਂ ਦਾ ਫਾਇਦਾ ਉਠਾਉਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨਾ ਜਾਰੀ ਰੱਖੇਗਾ, ਜੋ ਅਮਰੀਕਾ ਵਿਚ ਦਾਖ਼ਲ ਹੋਣਾ ਚਾਹੁੰਦੇ ਹਨ।’
‘‘ਇਹ ਹੁਣ ਤੱਕ ਦੀ ਸਭ ਤੋਂ ਭਿਆਨਕ ਘਟਨਾ ਹੈ। ਇਹ ਬਹੁਤ ਦੁੱਖ ਦੀ ਗੱਲ ਹੈ, ਇਸ ਨੂੰ ਰੋਕਿਆ ਜਾ ਸਕਦਾ ਸੀ।’’ : ਸੈਨ ਐਂਟੋਨੀਓ ਦੇ ਮੇਅਰ ਰੌਨ ਨਿਰੇਨਬਰਗ

Share